ਮੰਨਣਹਾਨਾ ‘ਚ ਦੋਹਰੀ ਭਾਰਤ ਕੇਸਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ

ਹੁਸ਼ਿਆਰਪੁਰ, 14 ਮਾਰਚ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ 1000 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਤਾਂ ਜੋ ਨੌਜਵਾਨ ਪੀੜੀ ਆਪਣੇ ਵਿਰਸੇ ਨਾਲ ਜੁੜੀ ਰਹੇ।ਇਹ ਜਾਣਕਾਰੀ ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਵਿਖੇ 108 ਸੰਤ ਬਾਬਾ ਹਰੀ ਸਿੰਘ ਨੇਕੀ ਵਾਲਿਆਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਦੋਹਰੇ ਭਾਰਤ ਕੇਸਰੀ ਕੁਸ਼ਤੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪਿੰਡ ਪੱਧਰ ਤੇ ਸਟੇਡੀਅਮ ਬਣਾ ਰਹੀ ਹੈ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜੇ ਰਹਿਣ। ਇਸ ਮੌਕੇ ਤੇ ਉਨ੍ਹਾਂ ਨੇ ਸ਼ਾਨੇ ਹਿੰਦ, ਭਾਰਤ ਕੁਮਾਰੀ, ਸਿਤਾਰਾ-ਏ-ਹਿੰਦ, ਆਫਤਾਬ-ਏ-ਹਿੰਦ, ਸ਼ੇਰ-ਏ-ਹਿੰਦ, ਭਾਰਤ ਕੁਮਾਰ, ਭਾਰਤ ਕੇਸਰੀ ਮੁਕਾਬਲਿਆਂ ਦੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸੰਤ ਬਾਬਾ ਬਲਬੀਰ ਸਿੰਘ, ਸੰਤ ਬਾਬਾ ਜਸਵੰਤ ਸਿੰਘ, ਸੰਤ ਬਾਬਾ ਸੁੱਚਾ ਸਿੰਘ, ਸੰਤ ਬੀਬੀ ਮੀਨਾ ਜੀ, ਸੰਤ ਬਾਬਾ ਕਸ਼ਮੀਰਾ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਕਮਲ ਚੌਧਰੀ, ਪਰਮਜੀਤ ਸਿੰਘ ਪੰਜੌੜ, ਮਨਜੀਤ ਸਿੰਘ ਠੰਡਲ ਅਤੇ ਵੱਖ-ਵੱਖ ਡੇਰਿਆਂ ਤੋਂ ਆਏ ਸੰਤ ਮਹਾਤਮਾ, ਪਤਵੰਤੇ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਕੁਸ਼ਤੀਆਂ ਮੁਕਾਬਲਿਆਂ ਵਿੱਚ 60 ਕਿਲੋ ਭਾਰ ਵਰਗ ਸ਼ਾਨੇ ਹਿੰਦ ਮੁਕਾਬਲੇ ਵਿੱਚ ਪ੍ਰਦੀਪ ਕੁਮਾਰ ਰੋਹਤਕ ਪਹਿਲੇ ਅਤੇ ਵਿੱਕੀ ਦਿੱਲੀ ਦੂਜੇ ਸਥਾਨ ਤੇ ਰਹੇ।
ਇਸੇ ਤਰ੍ਹਾਂ 60 ਕਿਲੋ ਭਾਰ ਵਰਗ ਵਿੱਚ ਭਾਰਤ ਕੁਮਾਰੀ ਦੇ ਮੁਕਾਬਲੇ ਵਿੱਚ ਨੀਸ਼ਾ ਰੋਹਤਕ ਪਹਿਲੇ ਅਤੇ ਪ੍ਰੀਤੀ ਜਲੰਧਰ ਦੂਜੇ ਸਥਾਨ ਤੇ, 70 ਕਿਲੋ ਭਾਰਤ ਵਰਗ ਸਿਤਾਰਾ ਏ ਹਿੰਦ ਮੁਕਾਬਲੇ ਵਿੱਚ ਰਾਹੁਲ ਮਾਨ ਰੇਲਵੇ ਅਕੈਡਮੀ ਪਹਿਲੇ ਅਤੇ ਮੋਨੂ ਝੱਜਰ ਦੂਜੇ, 80 ਕਿਲੋ ਵਰਗ ਆਫ਼ ਤਾਬ-ਏ-ਹਿੰਦ ਮੁਕਾਬਲੇ ਵਿੱਚ ਧੀਰਜ ਦਿੱਲੀ ਪਹਿਲੇ ਅਤੇ ਪੰਕਜ ਰਾਣਾ ਨੇਵੀ ਦੂਜੇ, 90 ਕਿਲੋ ਵਰਗ ਸ਼ੇਰ-ਏ-ਹਿੰਦ ਮੁਕਾਬਲੇ ਵਿੱਚ ਪ੍ਰਵੀਨ ਰਾਣਾ ਰੇਲਵੇ ਅਕੈਡਕੀ ਪਹਿਲੇ, ਪ੍ਰਭ ਪਾਲ ਜਿਰਕਪੁਰ ਦੂਜੇ ਸਥਾਨ ਤੇ, 85 ਕਿਲੋ ਵਰਗ ਭਾਰਤ ਕੁਮਾਰ ਮੁਕਾਬਲੇ ਵਿੱਚ ਮਨਵੀਰ ਸਿੰਘ ਜਲੰਧਰ ਪਹਿਲੇ ਅਤੇ ਵਜਿੰਦਰ ਸਿੰਘ ਮੋਦੀ ਪਟਿਆਲਾ ਦੂਜੇ ਸਥਾਨ ਤੇ, 60 ਕਿਲੋ ਵਰਗ ਭਾਰਤ ਕੇਸਰੀ ਮੁਕਾਬਲੇ ਵਿੱਚ ਸੂਮਨ ਕੁੰਡੂ ਹਰਿਆਣਾ ਪਹਿਲੇ ਅਤੇ ਗੁਰਸ਼ਰਨ ਪ੍ਰੀਤ ਕੌਰ ਪੀ ਏ ਪੀ ਜਲੰਧਰ ਦੂਜੇ ਸਥਾਨ ਤੇ ਰਹੇ।ਇਸੇ ਤਰ੍ਹਾਂ 90 ਕਿਲੋ ਭਾਰ ਵਰਗ ਭਾਰਤ ਕੇਸਰੀ ਮੁਕਾਬਲੇ ਵਿੱਚ ਸਤਿਆ ਬਰਾਟ ਰੋਹਤਕ ਪਹਿਲੇ ਅਤੇ ਸੁਮਿਤ ਰੇਲਵੇ ਅਕੈਡਮੀ ਦਿੱਲੀ ਦੂਜੇ ਸਥਾਨ ਤੇ ਰਹੇ।
Punjab Post Daily Online Newspaper & Print Media