
ਹੁਸ਼ਿਆਰਪੁਰ, 20 ਮਾਰਚ (ਸਤਵਿੰਦਰ ਸਿੰਘ) – ਲੋਕ ਸੇਵਾ ਦੇ ਖੇਤਰ ਵਿੱਚ ਵਧੀਆ ਕਾਰਗੁਜਾਰੀ ਕਰਨ ਅਤੇ ਹਾਦਸਾਗ੍ਰਸਤ ਲੋਕਾਂ ਦੀ ਮੱਦਦ ਲਈ ਸਾਹਸ ਨਾਲ ਕੰਮ ਕਰਨ ਵਾਲੇ ਦੋ ਵਿਅਕਤੀਆਂ ਦਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਵਿਸੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਲੋਕ ਸੇਵਾ ਲਈ ਨਿਰ-ਸਵਾਰਥ ਕੰਮ ਕਰਨ ਵਾਲੇ ਇਨ੍ਹਾਂ ਦੋਵਾਂ ਵਿਅਕਤੀਆਂ ਗੁਰਦੀਪ ਸਿੰਘ ਉਰਫ਼ ਸਿਕੰਦਰ ਵਾਸੀ ਪਿੰਡ ਸਦਰਪੁਰ ਅਤੇ ਓਂਕਾਰ ਸਿੰਘ ਪਿੰਡ ਉਚੀ ਬਸੀ ਨੂੰ ਡਿਪਟੀ ਕਮਿਸ਼ਨਰ ਵੱਲੋਂ ਪ੍ਰਸੰਸਾ ਪੱਤਰ ਪ੍ਰਦਾਨ ਕੀਤੇ ਗਏ।
ਐਸ ਡੀ ਐਮ ਦਸੂਹਾ ਸ੍ਰੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਫਰਵਰੀ ਮਹੀਨੇ ਦੌਰਾਨ ਇੱਕ ਹਾਦਸਾ ਗ੍ਰਸਤ ਹੋ ਕੇ ਉਚੀ ਬਸੀ ਹਾਈਡਲ ਨਹਿਰ ‘ਚ ਡਿੱਗੀ ਕੁਐਲਸ ਗੱਡੀ ਦੇ ਡਰਾਈਵਰ ਨੂੰ ਦੇਰ ਰਾਤ ਬਾਹਰ ਕੱਢਣ ‘ਚ ਇਨ੍ਹਾਂ ਵਿਅਕਤੀਆਂ ਨੇ ਬਹੁਤ ਜਦੋ ਜਹਿਦ ਅਤੇ ਸਾਹਸ ਨਾਲ ਕੰਮ ਕਰਦਿਆਂ ਪ੍ਰਸ਼ਾਸ਼ਨ ਦੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਵੱਲੋਂ ਪਹਿਲਾਂ ਵੀ ਕਈ ਹਾਦਸਾਗ੍ਰਸਤ ਲੋਕਾਂ ਦੀ ਸਲਾਮਤੀ ਲਈ ਨਿਰ-ਸਵਾਰਥ ਸੇਵਾਵਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਸਕੱਤਰ ਰੈਡ ਕਰਾਸ ਸੁਸਾਇਟੀ ਨਰੇਸ਼ ਗੁਪਤਾ, ਤਹਿਸੀਲਦਾਰ ਤਰਸੇਮ ਸਿੰਘ, ਨਾਇਬ ਤਹਿਸੀਲਦਾਰ ਨਿਰਮਲ ਸਿੰਘ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media