Thursday, March 26, 2026

ਅਨਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਪਾਇਲਟ ਟ੍ਰੇਨਿੰਗ ਲਈ ਸੂਬਾ ਸਰਕਾਰ ਦੇਵੇਗੀ ਵਿੱਤੀ ਸਹਾਇਤਾ

ਬਟਾਲਾ, 23 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਨਾਲ ਸਬੰਧਤ ਨੌਜਵਾਨਾਂ ਨੂੰ ਕਮਰਸ਼ੀਅਲ ਪਾਇਲਟ ਲਾਇਸੈਂਸ ਲਈ ਫਲਾਇੰਗ ਟ੍ਰੇਨਿੰਗ ਦਿਵਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਕਮਜੋਰ ਵਰਗਾਂ ਨਾਲ ਸਬੰਧਤ ਨੌਜਵਾਨ ਵੀ ਅਸਮਾਨ ਦੀਆਂ ਉੱਚੀਆਂ ਉਡਾਰੀਆਂ ਮਾਰ ਸਕਣ। ਕਮਰਸ਼ੀਅਲ ਪਾਈਲਟ ਲਾਇਸੈਂਸ ਰੱਖਣ ਵਾਲੇ ਅਨਸੂਚਿਤ ਜਾਤੀਆਂ ਨਾਲ ਸਬੰਧਤ ਉਮੀਦਵਾਰਾਂ ਦੀ ਪ੍ਰਤੀਨਿਧਤਾ ਪੂਰੀ ਕਰਨ ਲਈ ਰਾਜ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਟਰੇਂਡ ਕੀਤਾ ਜਾਣਾ ਹੈ।
ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਇਹ ਟ੍ਰੇਨਿੰਗ 200 ਘੰਟੇ ਦੀ ਹੁੰਦੀ ਹੈ, ਜਿਸ ਉੱਪਰ 9600 ਤੋਂ 10500 ਰੁਪਏ ਪ੍ਰਤੀ ਘੰਟਾ ਖਰਚਾ ਆਉਂਦਾ ਹੈ। ਇਸ ਲਈ ਅਨਸੂਚਿਤ ਜਾਤੀਆਂ ਨਾਲ ਸਬੰਧਤ ਯੋਗ ਉਮੀਦਵਾਰਾਂ ਨੂੰ ਕਮਰਸ਼ੀਅਲ ਪਾਇਲਟ ਲਾਇਸੈਂਸ ਟ੍ਰੇਨਿੰਗ ਦਿਵਾਉਣ ਲਈ ਪੰਜਾਬ ਵਿੱਚ ਰਜਿਸਟਰਡ ਫਲਾਇੰਗ ਕਲੱਬਾਂ ਨੂੰ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਵੱਲੋਂ ਪ੍ਰਤੀ ਟਰੇਨੀ 25 ਲੱਖ ਰੁਪਏ ਤੱਕ ਵਿੱਤੀ ਸਹਾਇਤਾ ਦੇਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਲੈਣ ਵਾਲੇ ਉਮੀਦਵਾਰ ਦੀ ਉਮਰ 17 ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ ਵਿਦਿਅਕ ਯੋਗਤਾ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਵਿਸ਼ੇ ਸਹਿਤ 10+2 ਸੈਕਿੰਡ ਡਵੀਜ਼ਨ ਪਾਸ ਹੋਵੇ। ਉਮੀਦਵਾਰ ਦੀ ਪਰਿਵਾਰਕ ਸਲਾਨਾ ਆਮਦਨ 2.50 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।
ਮੁੱਖ ਸੰਸਦੀ ਸਕੱਤਰ ਸ੍ਰੀ ਧੁੱਗਾ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਕਮਰਸ਼ੀਅਲ ਪਾਇਲਟ ਵਜੋਂ ਨਿਯੁਕਤੀ ਹੋਣ ‘ਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਕੁੱਲ ਵਿੱਤੀ ਸਹਾਇਤਾ ਦਾ 50 ਫੀਸਦੀ ਹਿੱਸਾ ਵਾਪਸ 12 ਬਰਾਬਰ ਕਿਸ਼ਤਾਂ ਵਿੱਚ ਇੱਕ ਸਾਲ ਦੇ ਅੰਦਰ-ਅੰਦਰ ਭਲਾਈ ਵਿਭਾਗ, ਪੰਜਾਬ ਸਰਕਾਰ ਨੂੰ ਵਾਪਸ ਕਰਨਾ ਹੋਵੇਗਾ। ਡਾਕਟਰੀ ਤੌਰ ‘ਤੇ ਫਿਟ ਪਾਏ ਜਾਣ ਵਾਲੇ ਉਮੀਦਵਾਰ, ਡਾਇਰੈਕਟਰ ਅਨਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਪੱਖ ਵਿੱਚ 1 ਲੱਖ ਰੁਪਏ ਦੀ ਬੈਂਕ ਗਰੰਟੀ ਦੇਣਗੇ ਜਿਹੜੀ ਕਿ ਕਮਰਸ਼ੀਅਲ ਪਾਇਲਟ ਲਾਇਸੈਂਸ ਟ੍ਰੇਨਿੰਗ ਮੁਕੰਮਲ ਹੋਣ ‘ਤੇ ਮੋੜਨਯੋਗ ਹੋਵੇਗੀ। ਸ੍ਰੀ ਧੁੱਗਾ ਨੇ ਕਿਹਾ ਕਿ ਅਨਸੂਚਿਤ ਜਾਤੀਆਂ ਦੇ ਉਹ ਨੌਜਵਾਨਾਂ ਜੋ ਕਿ ਪਾਇਲਟ ਬਣਕੇ ਅਸਮਾਨ ਦੀਆਂ ਉਚਾਈਆਂ ਛੂਹਣ ਦੀ ਇੱਛਾ ਰੱਖਦੇ ਹਨ ਲਈ ਪੰਜਾਬ ਸਰਕਾਰ ਦੀ ਇਹ ਯੋਜਨਾਂ ਕਾਰਗਾਰ ਸਾਬਤ ਹੋਵੇਗੀ ਅਤੇ ਸਰਕਾਰ ਵੱਲੋਂ ਪਾਇਲਟ ਬਣਨ ਲਈ ਦਿੱਤੀ ਜਾ ਰਹੀ ਵਿੱਤੀ ਸਹਾਇਤ ਬਹੁਤ ਸਾਰੇ ਨੌਜਵਾਨਾਂ ਦਾ ਭਵਿੱਖ ਸਵਾਰੇਗੀ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply