Wednesday, April 8, 2026

ਮਜੀਠੀਆ ਨੇ ਸ੍ਰੀ ਮੋਦੀ ਕੋਲ ਸਰਹੱਦੀ ਖੇਤਰ ਵੱਲ ਵਿਸ਼ੇਸ਼ ਤਵਜੋਂ ਦੇਣ ਦੀ ਰੱਖੀ ਮੰਗ

ਰਾਜ ਨੂੰ ਦਿੱਤੇ ਗਏ ਪ੍ਰਾਜੈਕਟਾਂ ਲਈ ਕੀਤਾ ਪ੍ਰਧਾਨ ਮੰਤਰੀ ਦਾ ਧੰਨਵਾਦ

Bikram Singh Majithia

ਅੰਮ੍ਰਿਤਸਰ, 24  ਮਾਰਚ (ਰੋਮਿਤ ਸ਼ਰਮਾ) – ਮਾਲ ਤੇ ਲੋਕ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਸਰਹੱਦੀ ਖੇਤਰ ਦੇ ਲੋਕਾਂ ਵਲ ਵਿਸ਼ੇਸ਼ ਤਵਜੋਂ ਦੇਣ ਦੀ ਮੰਗ ਕੀਤੀ ਹੈ।
ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਉਪਰੰਤ ਪਲੇਠੀ ਪੰਜਾਬ ਫੇਰੀ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚਣ ‘ਤੇ ਸ: ਮਜੀਠੀਆ ਨੇ ਸ੍ਰੀ ਮੋਦੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਜੀ ਆਇਆਂ ਕਿਹਾ ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ: ਮਜੀਠੀਆ ਨੇ ਐਨ ਡੀ ਏ ਸਰਕਾਰ ਵੱਲੋਂ ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਦਾ ਦਰਜਾ ਦੇਣ, ਜਲਿਆਂ ਵਾਲੇ ਬਾਗ ਨੂੰ ਸਭਿਆਚਾਰਕ ਕੌਮਾਂਤਰੀ ਵਿਰਸੇ ਵੱਜੋ ਸਥਾਪਿਤ ਕਰਨ, ਦੂਜੀ ਹਰੀ ਕ੍ਰਾਂਤੀ ਦਾ ਮੁੱਢ ਵਜੋਂ ਅੰਮ੍ਰਿਤਸਰ ਵਿਖੇ ਹੀ ਬਾਗਬਾਨੀ ਵਿਗਿਆਨ ਖੋਜ ਸੰਸਥਾ ਖੋਲ੍ਹਣ, ਪੰਜਾਬ ਲਈ ੨੮ ਹਜ਼ਾਰ ਕਰੋੜ ਦੀਆਂ ਸੜਕਾਂ ਮਨਜ਼ੂਰ ਕਰਨ, ਪੰਜਾਬ ਲਈ ਮੈਗਾ ਫੂਡ ਪਾਰਕ ਅਤੇ ਏਮਜ਼ ਸਥਾਪਿਤ ਕਰਨ ਅਤੇ ਸ਼ਹਿਰੀ ਅਤੇ ਪੰਚਾਇਤੀ ਸੰਸਥਾਵਾਂ ਦੇ ਵਿਕਾਸ ਲਈ ਰਕਮ 4 ਤੋਂ 6 ਹਜ਼ਾਰ ਕਰੋੜ ਕਰਨ ਲਈ ਲਏ ਗਏ ਫੈਸਲਿਆਂ ਲਈ ਕੇਂਦਰ ਦਾ ਧੰਨਵਾਦ ਕੀਤਾ।
ਇਸ ਮੌਕੇ ਸ: ਮਜੀਠੀਆ ਨੇ ਸਰਹੱਦੀ ਖੇਤਰ ਨੂੰ ਤਰਜੀਹੀ ਖੇਤਰ ਵਿੱਚ ਸ਼ਾਮਿਲ ਕਰਨ ਲਈ ਪ੍ਰਧਾਨ ਮੰਤਰੀ ਦਾ ਧਿਆਨ ਦਿਵਾਉਂਦਿਆਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਕਿਸਾਨਾਂ ਦੀ ਚਿੰਤਾ ਤੋਂ ਜਾਣੂ ਕਰਾਇਆ। ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਨੇ ਦੇਸ਼ ਦੀ ਸੁਰੱਖਿਆ ਲਈ ਕਈ ਵਾਰ ਕੁਰਬਾਨੀਆਂ ਕੀਤੀਆਂ ਹਨ, ਜਿਸ ਕਾਰਨ ਇਹ ਲੋਕ ਵਿਸ਼ੇਸ਼ ਤਵੱਜੋ ਦੇ ਹੱਕਦਾਰ ਹਨ, ਉਹਨਾਂ ਸਰਹੱਦੀ ਲੋਕਾਂ ਦਾ ਜੀਵਨ ਪੱਧਰ ਸੰਵਾਰਨ ਦੀ ਗਲ ਕਰਦਿਆਂ ਕਿਹਾ ਕਿ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਇਸ ਲਈ ਸਰਹੱਦੀ ਖੇਤਰ ਨੂੰ ਵਿਸ਼ੇਸ਼ ਪੈਕੇਜ ਦੇ ਕੇ ਸਨਅਤੀਕਰਨ ਵਲ ਤੁਰੰਤ ਕਦਮ ਪੁੱਟਿਆ ਜਾਣਾ ਚਾਹੀਦਾ ਹੈ। ਉਹਨਾਂ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ, ਅਟਾਰੀ ਸਰਹੱਦੀ ਰਾਹੀ ਪਾਕਿਸਤਾਨ ਨਾਲ ਕੀਤੇ ਜਾ ਰਹੇ ਵਪਾਰ ਨੂੰ ਹੋਰ ਵਿਸਥਾਰ ਦੇਣ ਅਤੇ ਪੰਜਾਬ ਦੇ ਹੋਰਨਾਂ ਸਰਹੱਦਾਂ ਨੂੰ ਦੁਵੱਲੇ ਵਪਾਰ ਲਈ ਖੋਲੇ ਜਾਣ ਦੀ ਮੰਗ ਰੱਖੀ। ਉਹਨਾਂ ਸਰਹੱਦੀ ਵਿਕਾਸ ਪ੍ਰੋਗਰਾਮ ਰਾਹੀ ਮੁਢਲੇ ਢਾਂਚੇ ਦੇ ਵਿਕਸ, ਸੜਕਾਂ ਅਤੇ ਸਕੂਲਾਂ ਦੇ ਨਿਰਮਾਣ ਕਰਨ ਲਈ ਵੀ ਕਿਹਾ। ਉਹਨਾਂ  ਅੰਮ੍ਰਿਤਸਰ ਹਵਾਈ ਅੱਡਾ ਜੋ ਕਿ ਆਧੁਨਿਕ ਸਹੂਲਤਾਂ ਨਾਲ ਭਰਪੂਰ ਹੈ ਤੋਂ ਕੌਮੀ ਅਤੇ ਕੌਮਾਂਤਰੀ ਉਡਾਣਾਂ ਵਧਾਏ ਜਾਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਸ: ਮਜੀਠੀਆ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਰਾਜ ਨੂੰ ਅਗਾਂਹਵਧੂ ਸੂਬੇ ਵਜੋਂ ਵਿਕਸਤ ਕਰਨ ਅਤੇ ਰਾਜ ਦੇ ਵਿਕਾਸ ਨੂੰ ਨਵੀਂ ਦਸ਼ਾ ਤੇ ਦਿਸ਼ਾ ਦੇਣ ਦਾ ਇਤਿਹਾਸਕ ਕਦਮ ਸਾਬਤ ਹੋਵੇਗਾ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply