Thursday, March 12, 2026

ਪੰਜਾਬ ‘ਚ ਖੁੱਲੀ ਬੀੜੀ, ਸਿਗਰੇਟ ਅਤੇ ਈ-ਸਿਗਰੇਟ ਦੀ ਵਿਕਰੀ ‘ਤੇ ਪਾਬੰਦੀ – ਵਧੀਕ ਡਿਪਟੀ ਕਮਿਸ਼ਨਰ

PPN2503201503
ਬਠਿੰਡਾ, 25 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ‘ਚ ਖੁੱਲੀ ਬੀੜੀ, ਸਿਗਰੇਟ ਅਤੇ ਈ-ਸਿਗਰੇਟ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਇਨ੍ਹਾਂ ਦੀ ਵਿਕਰੀ ਕਾਨੂੰਨ ਜੁਰਮ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਤੰਬਾਕੂ ਅਤੇ ਉਸ ਦੇ ਉਤਪਾਦਾਂ ਦੇ ਥੋਕ ਵਿਕਰੇਤਾਵਾਂ ਨਾਲ ਬੁਲਾਈ ਗਈ ਇੱਕ ਵਿਸ਼ੇਸ਼ ਬੈਠਕ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੁਕਾਨ ਤੇ ਖੁੱਲੀ ਬੀੜੀ ਜਾਂ ਸਿਗਰਟ ਨਹੀਂ ਵੇਚੀ ਜਾ ਸਕਦੀ ਅਤੇ ਅਜਿਹਾ ਕਰਨ ਵਾਲੇ ਵਿਰੁੱਧ ਕੋਟਪਾ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੁੱਲੀ ਬੀੜੀ, ਸਿਗਰੇਟ ਅਤੇ ਈ-ਸਿਗਰੇਟ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਵਾਲਾ ਦੇਸ਼ ਦੇ ਮੋਹਰੀ ਸੂਬਿਆਂ ਚੋਂ ਇੱਕ ਹੈ। ਇਸ ਤੋਂ ਇਲਾਵਾ ਤੰਬਾਕੂ ਉਤਪਾਦਨ ਬਣਾਉਣ ਵਾਲੀਆਂ ਕੰਪਨੀਆਂ ਨੇ ਇਲੈਕਟ੍ਰੋਨਿਕ ਸਿਗਰਟ ਵੇਚਣੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਆਮ ਸਿਗਰਟ ਨਾਲੋਂ 10 ਗੁਣਾ ਜਿਆਦਾ ਹਾਨੀਕਾਰਕ ਹੈ। ਉਨ੍ਹਾਂ ਥੋਕ ਵਿਕਰੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰਚੂਨ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਇਸ ਪ੍ਰਤੀ ਸੁਚੇਤ ਕਰਨ। ਤੰਬਾਕੂ ਕੰਟਰੋਲ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਦੀ ਬੁਲਾਈ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ 100 ਗਜ ਦੇ ਆਲੇ-ਦੁਆਲੇ ਤੰਬਾਕੂ ਜਾਂ ਉਸ ਦੇ ਉਤਪਾਦ ਵੇਚਣਾ ਸਖ਼ਤ ਮਨ੍ਹਾ ਹੈ। ਇਸੇ ਤਰ੍ਹਾਂ ਦੁਕਾਨਾਂ ਦੇ ਬਾਹਰ ਗਲੋਸਾਈਨ ਅਤੇ ਤੰਬਾਕੂ ਨੂੰ ਉਤਸ਼ਾਹਤ ਕਰਨ ਵਾਲੇ ਇਸ਼ਤਿਹਾਰ ਅਤੇ ਬੋਰਡ ਲਗਾਉਣੇ ਵੀ ਸਖ਼ਤ ਮਨ੍ਹਾ ਹਨ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਕੋਈ ਵੀ ਦੁਕਾਨਦਾਰ ਤੰਬਾਕੂ ਨੋਸ਼ੀ ਕਰਨ ਵਾਲੇ ਨੂੰ ਮਾਚਿਸ, ਲਾਈਟਰ ਆਦਿ ਵੀ ਮੁਹੱਈਆ ਨਹੀਂ ਕਰਵਾ ਸਕਦਾ ਅਤੇ ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਵੇਚਣਾ ਵੀ ਜੁਰਮ ਹੈ।
ਇਸ ਮੌਕੇ ‘ਤੇ ਬੋਲਦਿਆਂ ਸਹਾਇਕ ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਕਿਹਾ ਕਿ ਬਠਿੰਡਾ ਜ਼ਿਲ੍ਹਾ 2013 ਵਿੱਚ ਤੰਬਾਕੂ ਸਮੋਕ ਫ਼ਰੀ ਐਲਾਨਿਆ ਗਿਆ ਸੀ। ਇਸ ਤਹਿਤ ਤੰਬਾਕੂ ਕੰਟਰੋਲ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਸਮੇਂ-ਸਮੇਂ ਤੇ ਕੋਟਪਾ ਐਕਟ ਦੇ ਵੱਖ-ਵੱਖ ਧਾਰਾਵਾਂ ਦੀ ਪਾਲਣਾ ਯਕੀਨੀ ਬਣਾਈ ਜਾਂਦੀ ਹੈ ਅਤੇ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦਾ ਚਲਾਨ ਕੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਤੰਬਾਕੂ ਨੋਸ਼ੀ ਕਰਨ ਵਾਲੇ ਹੀ ਨਹੀਂ ਬਲਕਿ ਉਨ੍ਹਾਂ ਦੇ ਆਸ-ਪਾਸ ਬੱਚਿਆਂ ਅਤੇ ਔਰਤਾਂ ਤੇ ਵੀ ਤੰਬਾਕੂ ਦੇ ਧੂੰਏ ਦਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ। 70 ਪ੍ਰਤੀਸਤ ਕੈਂਸਰ ਤੰਬਾਕੂ ਦੇ ਸੇਵਨ ਨਾਲ ਹੁੰਦਾ ਹੈ ਅਤੇ ਤੰਬਾਕੂ ਦਾ ਧੂੰਆਂ ਵੀ ਕੈਂਸਰ ਦਾ ਵੱਡਾ ਕਾਰਣ ਬਣਦਾ ਹੈ।ਇਸ ਮੌਕੇ ‘ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਘੁਬੀਰ ਸਿੰਘ ਰੰਧਾਵਾ, ਜ਼ਿਲ੍ਹਾ ਖੁਰਾਕ ਅਤੇ ਕੰਟਰੋਲ ਅਫ਼ਸਰ, ਸ਼੍ਰੀ ਏ.ਪੀ.ਸਿੰਘ, ਵੱਖ-ਵੱਖ ਸੀਨੀਅਰ ਮੈਡੀਕਲ ਅਫ਼ਸਰਾਂ ਤੋਂ ਇਲਾਵਾ ਹੋਰ ਜ਼ਿਲ੍ਹਾ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply