Thursday, March 12, 2026

ਜੇਕਰ ਪੰਜਾਬ ਸਰਕਾਰ ਨੇ ਇਨਸਾਫ ਨਾ ਕੀਤਾ ਤਾਂ ਮਰ ਜਾਣਾ ਮਨਜੂਰ – ਗੁਰਦੀਪ ਕੌਰ

2 ਮਾਰਚ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੱਲੇਗਾ ਇਨਸਾਫ ਮਾਰਚ

PPN2503201504
ਬਠਿੰਡਾ, 25 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – 1984 ਕਤਲੇਆਮ ਦੇ 31 ਸਾਲ ਬੀਤ ਜਾਣ ਬਾਅਦ ਵੀ ਪੀੜਤਾਂ ਨੂੰ ਸਹੂਲਤਾਂ ਮਿਲਣੀਆਂ ਤਾਂ ਦੂਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਦੇ ਹਜਾਰਾਂ ਦੀ ਗਿਣਤੀ ਵਿੱਚ ਪੈਂਡਿੰਗ ਪਏ ਲਾਲ ਕਾਰਡ ਹੀ ਨਹੀਂ ਬਣਾਏ। ਹੁਣ 84 ਕਤਲੇਆਮ ਪੀੜਤ ਵੈਲਫੇਅਰ ਸੋਸਾਇਟੀ ਨੇ ਧਾਰ ਲਿਆ ਹੈ ਕਿ ਜੇਕਰ ਸਰਕਾਰ ਸਿੱਧੇ ਮੂੰਹ ਮੰਗਾਂ ਨਹੀਂ ਮੰਨਦੀ ਤਾਂ ਉਹ ਆਰ ਪਾਰ ਦੀ ਲੜਾਈ ਲੜਨਗੇ ਅਤੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਜਾਵੇਗੀ। ਇਹ ਸਖਤ ਸ਼ਬਦ ਅੱਜ ਬਹੁਤ ਹੀ ਦੁਖੀ ਹਿਰਦੇ ਨਾਲ 1984 ਕਤਲੇਆਮ ਪੀੜਤ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਬੀਬੀ ਗੁਰਦੀਪ ਕੌਰ ਪ੍ਰਧਾਨ ਇਸਤਰੀ ਵਿੰਗ, ਪਰਮਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਆਦਿ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੇ। ਸੋਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਤਲੇਆਮ ਪੀੜਤਾਂ ਦੇ ਪੁਨਰ ਵਸੇਬੇ ਲਈ ਕਈ ਅਹਿਮ ਫੈਸਲੇ ਕੀਤੇ ਸਨ ਜਿਨ੍ਹਾਂ ਵਿੱਚ ਪ੍ਰਮੁੱਖ ਮੰਗ ਲਾਲ ਕਾਰਡਾਂ ਨਾਲ ਸਬੰਧਤ ਸੀ। ਜਿਨ੍ਹਾਂ ਪੰਜਾਬ ਵਿੱਚ ਰਹਿ ਰਹੇ ਪਰਿਵਾਰਾਂ ਦੇ ਲਾਲ ਕਾਰਡ ਨਹੀਂ ਬਣੇ ਉਹ ਜਲਦ ਬਣਾਏ ਜਾਣਗੇ, ਜਿਨ੍ਹਾਂ ਪਰਿਵਾਰਾਂ ਨੂੰ ਮਕਾਨ ਨਹੀਂ ਮਿਲੇ ਉਨ੍ਹਾਂ ਨੂੰ ਮੋਹਾਲੀ ਅਤੇ ਲੁਧਿਆਣਾ ਵਿਖੇ ਖਾਲੀ ਪਏ ਮਕਾਨ ਜਲਦ ਅਲਾਟ ਕਰ ਦਿੱਤੇ ਜਾਣਗੇ ਪਰ ਸਰਕਾਰ ਅਤੇ ਅਫਸਰਸ਼ਾਹੀ ਨੇ ਸਿਵਾਏ ਲਾਰਿਆਂ ਦੇ ਉਨ੍ਹਾਂ ਦੇ ਪੱਲੇ ਕੁੱਝ ਵੀ ਨਹੀਂ ਪਾਇਆ।ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਵਿਅਕਤੀਆਂ ਨੂੰ ਅੱਗੇ ਕਰਕੇ ਹਾਈਕੋਰਟ ਵਿੱਚ ਝੂਠੀਆਂ ਰਿੱਟਾਂ ਪਵਾ ਕੇ 2001 ਤੋਂ 2010 ਤੱਕ ਪੰਜਾਬ ਸਰਕਾਰ ਦੁਆਰਾ ਪੜਤਾਲਾਂ ਕਰਨ ਤੋਂ ਬਾਅਦ ਬਣੇ ਲਾਲ ਕਾਰਡ ਕੈਂਸਲ ਕਰਵਾਉਣ ਦੀਆਂ ਸਾਜਿਸ਼ਾਂ ਘੜ੍ਹੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਅਫਸਰਸ਼ਾਹੀ ਅਤੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਹੁਣ ਸੋਸਾਇਟੀ ਨੇ ਫੈਸਲਾ ਕੀਤਾ ਹੈ ਕਿ ਆਰ ਪਾਰ ਦੀ ਲੜਾਈ ਲੜੀ ਜਾਵੇ, ਜਿਸ ਤਹਿਤ 2 ਅਪਰੈਲ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਇਨਸਾਫ ਮਾਰਚ ਦੇ ਰੂਪ ਵਿੱਚ ਇੱਕ ਵੱਡਾ ਕਾਫਲਾ ਚੰਡੀਗੜ੍ਹ ਲਈ ਰਵਾਨਾ ਕੀਤਾ ਜਾਵੇਗਾ ਜੋ ਮੁੱਖ ਮੰਤਰੀ ਪੰਜਾਬ ਸz. ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ ਪਹੁੰਚੇਗਾ ਜਿੱਥੇ 84 ਕਤਲੇਆਮ ਦੀਆਂ 4 ਵਿਧਵਾਵਾਂ ਸਮੇਤ ਬੀਬੀ ਗੁਰਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਮਰਨ ਵਰਤ ਉੱਪਰ ਬੈਠਣਗੀਆਂ। ਇਸ ਤੋਂ ਪਹਿਲਾਂ ਇੱਕਠੇ ਹੋਏ ਸ਼ਹਿਰ ਦੇ ਕਤਲੇਆਮ ਪੀੜਤਾਂ ਨੂੰ ਸੰਬੋਧਨ ਕਰਦਿਆਂ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਰੋਹ ਭਰੀ ਤਕਰੀਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਤੀਆਂ ਅਤੇ ਨੌਜਵਾਨ ਲੜਕਿਆਂ ਦੇ ਗਲਾਂ ਵਿੱਚ ਟਾਇਰ ਪਾ ਕੇ ਤੇ ਪੈਟਰੋਲ ਪਾ ਪਾ ਕੇ ਬਹੁਤ ਹੀ ਬੇਰਹਿਮੀ ਨਾਲ ਕਤਲੇਆਮ ਕੀਤਾ ਜਦਕਿ ਸਰਕਾਰ ਵੱਲੋਂ ਇਸ ਨੂੰ ਰੋਕਣ ਲਈ ਕੁੱਝ ਨਾ ਕੀਤਾ। ਉਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਸ਼ਰੇਆਮ ਬੇਇਜ਼ਤ ਕੀਤਾ ਗਿਆ ਪਰ ਅੱਜ ਦੀ ਪੰਥਕ ਅਖਵਾਉਣ ਵਾਲੀ ਸਰਕਾਰ ਵੀ ਦੋਸ਼ੀਆਂ ਨਾਲ ਮਿਲੀ ਨਜ਼ਰ ਆ ਰਹੀ ਹੈ।ਉਨ੍ਹਾਂ ਕਿਹਾ ਕਿ ਉਹ ਖੁਦ 2 ਅਪਰੈਲ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਮੂਹਰੇ 4 ਹੋਰ ਵਿਧਵਾਵਾਂ ਨਾਲ ਮਰਨ ਵਰਤ ਉੱਪਰ ਬੈਠੇਗੀ ਤੇ ਇਹ ਮਰਨ ਵਰਤ ਫੈਸਲਾਕੁਨ ਹੋਵੇਗਾ ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਬਠਿੰਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਪੂਰਨ ਸਿੰਘ ਮਾਨਸਾ, ਦਿਲਬਾਗ਼ ਸਿੰਘ ਬਠਿੰਡਾ, ਜਗੀਰ ਸਿੰਘ ਗੁਰਦਾਸਪੁਰ, ਹਰਨੇਕ ਸਿੰਘ ਦੀਵਾਨਾ ਸੰਗਰੂਰ ਬਰਨਾਲਾ, ਬਿੱਕਰ ਸਿੰਘ ਫਰੀਦਕੋਟ, ਸਤਨਾਮ ਸਿੰਘ, ਇੰਦਰਪਾਲ ਸਿੰਘ, ਦਲਜੀਤ ਸਿੰਘ, ਮਨਜੀਤ ਸਿੰਘ ਚਾਵਲਾ ਸਲਾਹਕਾਰ ਆਦਿ ਵੀ ਹਾਜਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply