
ਜੰਡਿਆਲਾ ਗੁਰੂ, 29 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਅੱਜਕਲ੍ਹ ‘ਸਵਾਈਨ ਫਲੂ’ ਬਿਮਾਰੀ ਆਮ ਲੋਕਾ ਨੂੰ ਡਾਇਨ ਵਾਗ ਡਰਾ ਰਹੀ ਹੈ ਇਸ ਤੋਂ ਇਲਾਵਾ ਕਾਫੀ ਭਿਆਨਕ ਬਿਮਾਰੀਆ ਟੀ. ਬੀ, ਕਾਲਾ ਪੀਲੀਆ, ਕੈਂਸਰ, ਏਡਜ਼, ਪੋਲੀਉ ਆਦਿ ਕਾਫੀ ਹੱਦ ਤੱਕ ਆਪਣੇ ਪੈਰ ਪਸਾਰ ਚੁੱਕੇ ਹਨ।ਇੰਨਾ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨ ਲਈ ਸਿਹਤ ਮਹਿਕਮਾ ਕਈ ਤਰ੍ਹਾ ਦੇ ਉਪਰਾਲੇ ਕਰ ਰਿਹਾ ਹੈ ਅਤੇ ਕੈਂਪ ਲਗਾ ਕੇ ਆਮ ਲੋਕਾ ਨੂੰ ਜਾਗਰੂਕ ਕਰ ਕੀਤਾ ਜਾ ਰਿਹਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿਹਤ ਮਹਿਕਮੇ ਨੇ ਕਦੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਇਹ ਭਿਆਨਕ ਬਿਮਾਰੀਆ ਕਿਥੋਂ ਅਤੇ ਕਿਵੇਂ ਫੈਲ ਰਹੀਆਂ ਹਨ ? ਇਹਨਾ ਦੇ ਕੀ ਕਾਰਨ ਹਨ ਅਤੇ ਕੀ ਹੱਲ ਹੈ ?
ਦੇਖਿਆ ਜਾਵੇ ਤਾਂ ਇਹ ਭਿਆਨਕ ਬਿਮਾਰੀਆਂ ਪ੍ਰਦੂਸ਼ਣ ਅਤੇ ਖਾਣ ਪੀਣ ਦੀਆਂ ਘਟੀਆ ਕਿਸਮ ਦੀਆ ਵਸਤਾਂ ਕਾਰਨ ਹੀ ਫੈਲਦੀਆਂ ਹਨ।ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਜੰਡਿਆਲਾ ਗੁਰੂ ਦੇ ਇਲਾਕੇ ਵਿਚ ਕਰਿਆਨੇ ਅਤੇ ਕੁੱਝ ਇੱਕ ਗਲੀਆਂ ਵਿੱਚ ਸਥਿਤ ਬੇਕਰੀ ਦੀਆਂ ਦੁਕਾਨਾਂ ਤੇ ਘਟੀਆ ਕਿਸਮ ਦਾ ਸਮਾਨ ਮਿਲਦਾ ਹੈ, ਜਿੰਨਾ ਵਿਚ ਛੋਟੇ ਬੱਚਿਆਂ ਲਈ ਚੁਸਕੀਆਂ, ਜਟਾ ਸ਼ੰਕਰ, ਪੋਪਲੇ, ਗੁਰੂ ਚੇਲਾ, ਖਟੋਰੀ, ਚਟਪਟ, ਖਟਮੱਖਟ, ਸਪਾਈਸੀ ਮਿਕਸਰ ਆਦਿ ਵੱਡੇ ਪੱਧਰ ਤੇ ਵਿਕਦਾ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾ 1-2 ਰੁਪਏ ਦੀ ਕੀਮਤ ਦੀਆਂ ਖਾਣ ਦੀਆਂ ਚੀਜ਼ਾਂ ਉੱਪਰ ਇੰਨਾਂ ਦੇ ਬਨਣ ਦੀ ਅਤੇ ਐਕਸਪਾਈਰ ਮਿਤੀ ਨਹੀਂ ਲਿਖੀ ਹੁੰਦੀ।ਇਹ ਚੀਜ਼ਾਂ ਕਈ-ਕਈ ਮਹੀਨਿਆਂ ਤੱਕ ਦੁਕਾਨਾਂ ‘ਤੇ ਪਈਆਂ ਰਹਿੰਦੀਆਂ ਹਨ।ਜਾਣਕਾਰਾਂ ਅਨੁਸਾਰ ਇਹ ਘਟੀਆ ਕਿਸਮ ਦੀਆ ਚੀਜਾਂ ਖਾਣ ਨਾਲ ਬੱਚਿਆਂ ਦੀ ਸਿਹਤ ‘ਤੇ ਬਹੁਤ ਹੀ ਖਤਰਨਾਕ ਅਸਰ ਹੁੰਦਾ ਹੈ।ਅੱਜਕਲ੍ਹ ਦੀ ਮਹਿੰਗਾਈ ਦੇ ਜਮਾਨੇ ਵਿਚ 1 ਰੁਪਏ ਵਿਚ ਕੀ ਮਿਲਦਾ ਹੈ, ਇਸ ਤੋਂ ਸਾਫ ਜਾਹਿਰ ਹੈ ਕਿ ਬੱਚਿਆਂ ਦਾ ਭਵਿੱਖ ਖਤਰੇ ਵਿਚ ਹੈ।
ਇਸ ਸਬੰਧ ਵਿਚ ਜਦ ਇਲਾਕੇ ਦੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾ ਕਿਹਾ ਕਿ ਦੁਕਾਨਦਾਰ ਕਾਨੂੰਨੀ ਨਿਯਮਾਂ ਨੁੰ ਛਿੱਕੇ ਟੰਗ ਕੇ ਸ਼ਰੇਆਮ ਗੰਦਾ-ਮੰਦਾ ਬੇਕਰੀ ਦਾ ਸਮਾਨ ਗਲੀਆਂ ਵਿੱਚ ਵੇਚ ਰਹੇ ਹਨ।ਲੇਕਿਨ ਸ਼ਰੇਆਮ ਵਿਕ ਰਹੀਆਂ ਘਟੀਆ ਕਿਸਮ ਦੀਆਂ ਵਸਤਾਂ ਸਿਹਤ ਮਹਿਕਮੇ ‘ਤੇ ਇਕ ਵੱਡਾ ਸਵਾਲ ਪੈਦਾ ਕਰਦੀਆਂ ਹਨ ਕਿ ਆਖਰ ਇਹ ਚੁੱਪ ਕਿੳੇਂੁ ਹੈ?
ਉਨਾਂ ਇਹ ਵੀ ਕਿਹਾ ਕਿ ਸਿਹਤ ਮਹਿਕਮਾ ਤਿਉਹਾਰਾਂ ਦੇ ਦਿਨਾ ਵਿਚ ਹੀ ਚੁਸਤ ਹੁੰਦਾ ਹੈ, ਪਰ ਆਮ ਦਿਨਾਂ ਵਿਚ ਪਤਾ ਨਹੀ ਕਿਉਂ ਸੁਸਤੀ ਮਾਰ ਕੇ ਬੈਠਾ ਰਹਿੰਦਾ ਹੈ, ਜਾਂ ਕਾਗਜ਼ਾਂ ਵਿੱਚ ਹੀ ਕਾਰਵਾਈ ਕਰਦਾ ਰਹਿੰਦਾ ਹੈ।ਉਹਨਾ ਸਿਵਲ ਸਰਜਨ ਅਤੇ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆ ਤੋਂ ਮੰਗ ਕੀਤੀ ਕਿ ਬੱਚਿਆਂ ਦੇ ਖਾਣ-ਪੀਣ ਦੀਆਂ ਘਟੀਆ ਚੀਜ਼ਾਂ ਦੇ ਸੈਂਪਲ ਭਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਕੀ ਕਹਿੰਦੇ ਹਨ ਜਿਲ੍ਹਾ ਸਿਹਤ ਅਫਸਰ
ਇਸ ਸਬੰਧੀ ਜਿਲ੍ਹਾ ਸਿਹਤ ਅਫਸਰ ਸz. ਸ਼ਿਵਕਰਨ ਸਿੰਘ ਕਾਹਲੋਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ, ਚਾਹੇ ਉਹ ਕਿਸੇ ਵੀ ਗਲੀ ਦੀ ਨੁੱਕਰ ਵਿੱਚ ਨਕਲੀ ਖਾਣ ਪੀਣ ਦੀਆਂ ਵਸਤੂਆਂ ਕਿਉਂ ਨਾ ਵੇਚਦਾ ਹੋਵੇ।ਉਹਨਾਂ ਕਿਹਾ ਕਿ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਤੁਰੰਤ ਪਹਿਲ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਹਦਾਇਤ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਅਤੇ ਸਮਝਾਉਣ ਕਿ ਉਹ ਚੰਗੀ ਕੰਪਨੀ ਦੀ ਚੀਜ਼ ਹੀ ਖ੍ਰੀਦਣ।
Punjab Post Daily Online Newspaper & Print Media