Sunday, June 15, 2025
Breaking News

ਮਾਮਲਾ ਸੀ.ਬੀ.ਆਈ ਵਲੋਂ ਕਾਂਗਰਸੀ ਆਗੂ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਦਾ

ਕੇਸ ਨੂੰ ਕਮਜੋਰ ਕਰਨ ‘ਚ ਸਾਡੇ ਆਪਣਿਆਂ ਦਾ ਹੱਥ – ਜਗਦੀਸ਼ ਕੌਰ

Bibi Jagdish Kaur

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਨਵੰਬਰ 1984 ਸਿੱਖ ਕਤਲੇਆਮ ਦੇ ਤੀਹਰੇ ਕਤਲ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਵਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਸਿੱਖ ਕਤਲੇਆਮ ਦੇ ਇਕ ਅਹਿਮ ਮਾਮਲੇ ਵਿੱਚ ਜਗਦੀਸ਼ ਟਾਈਟਲਰ ਖਿਲ਼ਾਫ ਪ੍ਰਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਹੈ ਕਿ ਇਸ ਦੁਖਦਾਈ ਘਟਨਾ ਲਈ ਸਾਡੇ ਆਪਣੇ ਹੀ ਦੋਸ਼ੀ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਦਿੱਲੀ ਦੇ ਪਹਾੜ ਗੰਜ਼ ਖੇਤਰ ਵਿੱਚ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਦੋ ਸੇਵਾਦਾਰਾਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਸੁਰਿੰਦਰ ਸਿੰਘ ਅਤੇ ਜਸਬੀਰ ਸਿੰਘ ਨਾਮੀ ਦੋ ਅਹਿਮ ਗਵਾਹ ਸਨ।ਇਨ੍ਹਾਂ ਵਿਚੋਂ ਗਵਾਹ ਵਜੋਂ ਜਰੂਰ ਸਾਹਮਣੇ ਆਇਆ ਸੁਰਿੰਦਰ ਸਿੰਘ ਦੂਸਰੀ ਵਾਰ ਮੁਕਰ ਗਿਆ ਤੇ ਕੁੱਝ ਸਾਲ ਪਹਿਲਾਂ ਇਹ ਸੰਸਾਰ ਤੋਂ ਰੁਖਸਤ ਹੋ ਗਿਆ।ਬੀਬੀ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਜਸਬੀਰ ਸਿੰਘ ਤਾਂ ਅਮਰੀਕਾ ਵਿੱਚ ਹੈ ਤੇ ਕਹੀ ਜਾ ਰਿਹਾ ਹੈ ਕਿ ਉਹ ਟਾਈਟਲਰ ਖਿਲਾਫ ਗਵਾਹ ਹੈ, ਲੇਕਿਨ ਭਾਰਤ ਨਹੀ ਆ ਰਿਹਾ।ਬੀਬੀ ਨੇ ਦੱਸਿਆ ਕਿ ਨਵੰਬਰ 1984 ਦੇ ਇਸ ਕਤਲ ਮਾਮਲੇ ਵਿੱਚ ਕਤਲ ਹੋਏ ਇਕ ਸਿੱਖ ਦੀ ਵਿਧਵਾ ਕੁਲਵਿੰਦਰ ਕੌਰ ਨੂੰ ਗਵਾਹ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਹ ਇਕ ਕਮਜੋਰ ਗਵਾਹ ਸਾਬਤ ਹੋ ਸਕਦੀ ਸੀ, ਇਸ ਲਈ ਫੈਸਲਾ ਵਾਪਿਸ ਲੈਣਾ ਪਿਆ।ਬੀਬੀ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਆਪਣੇ ਪਤੀ, ਦੋ ਭਰਾਵਾਂ ਅਤੇ ਪੁੱਤਰ ਦੇ ਕਤਲ ਮਾਮਲੇ ਵਿੱਚ ਉਹ ਸਾਲ 1984 ਤੋ ਹੀ ਦਿੱਲੀ ਦੀਆਂ ਅਦਾਲਤਾਂ, ਮਾਮਲੇ ਦੀ ਜਾਂਚ ਲਈ ਗਠਿਤ ਕਮਿਸ਼ਨਾਂ ਪਾਸ ਗਵਾਹੀ ਦਰਜ ਕਰਵਾ ਰਹੀ ਹੈ, ਦੋਸ਼ੀਆਂ ਵਲੋਂ ਲਾਲਚ ਵੀ ਦਿੱਤੇ ਗਏ, ਧਮਕੀਆਂ ਵੀ ਦਿੱਤੀਆਂ ਗਈਆਂ ਲੇਕਿਨ ਇਨਸਾਫ ਦੀ ਖਾਤਿਰ ਮੌਤ ਨਾਲ ਵੀ ਜੂਝਣਾ ਸਵੀਕਾਰ ਕੀਤਾ ।ਬੀਬੀ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਜੇਕਰ ਗਵਾਹੀ ਦੇਣ ਵਾਲਾ ਸਖਸ਼ ਠੋਕ ਕੇ ਸਚਾਈ ਨਾਲ ਗਵਾਹੀ ਦੇਵੇ ਤਾਂ ਅਦਾਲਤਾਂ ਵੀ ਸਾਫ ਬਰੀ ਨਹੀ ਕਰਦੀਆਂ ।ਉਨਾਂ ਕਿਹਾ ਕਿ ਜੇਕਰ ਪਹਾੜ ਗੰਜ਼ ਵਾਲੇ ਕਤਲ ਮਾਮਲੇ ਵਿੱਚ ਸੁਰਿੰਦਰ ਸਿੰਘ ਅਤੇ ਜਸਬੀਰ ਸਿੰਘ ਦ੍ਰਿੜਤਾ ਨਾਲ ਗਵਾਹੀ ਦੇਣ ਲਈ ਅੱਗੇ ਆਉਂਦੇ ਤਾਂ ਅੱਜ ਟਾਈਟਲਰ ਨੂੰ ਕਲੀਨ ਚਿੱਟ ਨਾ ਮਿਲਦੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply