ਪੰਜ ਪਿਆਰਿਆਂ ਨੇ ਮੁੜ ਬੁੱਧਵਾਰ ਹਾਜਰ ਹੋਣ ਦਾ ਹੁਕਮ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਦੇ ਪਿੰਡ ਸਿੱਧਪੁਰ ਵਿਖੇ ਜੋਸਨ ਜਠੇਰਿਆਂ ਦੀ ਜਗ੍ਹਾ ‘ਤੇ ਸ੍ਰੀ ਅਖੰਡਪਾਠ ਸਾਹਿਬ ਕਰਨ ਵਾਲੇ ਪੰਜ ਅਖੰਡਪਾਠੀਆਂ ਨੂੰ ਦਮਦਮੀ ਟਕਸਾਲ ਅਜਨਾਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਕਰਵਾਇਆ।ਇੰਨਾਂ ਅਖੰਡਪਾਠੀਆਂ ਨੂੰ ਪੰਜ ਪਿਆਰਿਆਂ ਬੁੱਧਵਾਰ ਸਵੇਰੇ 11-00 ਵਜੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ, ਭਾਈ ਸੁਖਦੀਪ ਸਿੰਘ ਦੀ ਅਗਵਾਈ ਹੇਠ ਕੋਈ ਦੋ ਦਰਜਨ ਦੇ ਕਰੀਬ ਸਿੰਘ ਅੱਜ ਬਾਅਦ ਦੁਪਹਿਰ ਜੋਸਨ ਜਠੇਰਿਆਂ ਦੇ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਵਾਲੇ ਪਾਠੀ ਭਾਈ ਗੁਰਨਾਮ ਸਿੰਘ, ਭਾਈ ਲਛਮਣ ਸਿੰਘ, ਭਾਈ ਗੁਰਵੇਲ ਸਿੰਘ, ਭਾਈ ਪ੍ਰਤਾਪ ਸਿੰਘ ਅਤੇ ਭਾਈ ਮਹਿੰਦਰ ਸਿੰਘ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ।ਪਾਠੀ ਸਿੰਘਾਂ ਦੇ ਮੁਖੀ ਭਾਈ ਮਹਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਠੇਰਿਆਂ ਦੇ ਸਥਾਨ ‘ਤੇ ਕੁੱਲ 19 ਸ੍ਰੀ ਅਖੰਡ ਪਾਠ ਕਰਵਾਏ ਗਏ ਸਨ, ਜਿਨ੍ਹਾਂ ਵਿਚੋਂ 2 ਉਨ੍ਹਾਂ ਦੀ ਦੇਖ ਰੇਖ ਹੇਠ ਹੋਏ ਹਨ ਅਤੇ ਪ੍ਰਤੀ ਅਖੰਡ ਪਾਠ 4100 ਰੁਪਏ ਭੇਟਾ ਲਈ ਹੈ।ਅਤੇ ਇਸ ਅਸਥਾਨ ‘ਤੇ ਉਨਾਂ ਨੇ ਦੂਜੀ ਵਾਰ ਅਖੰਡ ਪਾਠ ਕੀਤਾ ਹੈ।ਭਾਈ ਪ੍ਰਤਾਪ ਸਿੰਘ ਅਤੇ ਗੁਰਵੇਲ ਸਿੰਘ ਦਾ ਕਹਿਣਾ ਸੀ ਕਿ ਉਹ ਤਾਂ ਇਸ ਅਸਥਾਨ ਤੇ ਪਹਿਲੀ ਵਾਰ ਹੀ ਸ੍ਰੀ ਅਖੰਡ ਪਾਠ ਕਰਨ ਲਈ ਪੁੱਜੇ ਸਨ।ਪਾਠੀ ਸਿੰਘਾਂ ਨੇ ਮੰਨਿਆ ਕਿ ਜਿਸ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਹੋਏ ਹਨ, ਉਹ ਜਠੇਰਿਆਂ ਦੀ ਹੀ ਹੈ ਅਤੇ ਪ੍ਰਬੰਧਕੀ ਕਮੇਟੀ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਇੱਕ ਵੱਡਾ ਹਾਲ ਤਿਆਰ ਕਰਵਾਇਆ ਹੋਇਆ ਹੈ।ਇਹ ਪੁਛੇ ਜਾਣ ਤੇ ਕਿ ਕੀ ਉਨ੍ਹਾਂ ਨੂੰ ਨਹੀ ਪਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਬਰਾਂ, ਸਮਾਧਾਂ ਮੜੀ ਮਸਾਣਾ ਅਤੇ ਜਠੇਰਿਆਂ ਦੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਿਜਾਣ ਤੀਕ ਦੀ ਮਨਾਹੀ ਹੈ ਤਾਂ ਪਾਠੀ ਸਿੰਘਾਂ ਦਾ ਕਹਿਣਾ ਸੀ ਕਿ ਕਦੇ ਕਿਸੇ ਨੇ ਅਜਿਹਾ ਦੱਸਿਆ ਹੀ ਨਹੀ।
ਉਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਨੇ ਦੱਸਿਆ ਕਿ ਜੋਸਨ ਜਠੇਰਿਆਂ ਦੇ ਨਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਕੀਤੇ ਜਾਣ ਨੂੰ ਲੈ ਕੇ ਭਾਵੇਂ ਜਿਲ੍ਹਾ ਪ੍ਰਸ਼ਾਸ਼ਨ ਨੇ ਵੀ ਪੂਰੀ ਤਰ੍ਹਾਂ ਸੁਰੱਖਿਆ ਦਿੱਤੀ ਸੀ, ਲੇਕਿਨ ਸਤਿਕਾਰ ਕਮੇਟੀ ਨੇ ਪਾਠੀ ਸਿੰਘਾਂ ਨੂੰ ਜਾਣੇ ਅਨਜਾਣੇ ਵਿੱਚ ਕੀਤੀ ਗਈ ਭੁੱਲ ਪ੍ਰਤੀ ਜਾਗਰੂਕ ਕਰਨਾ ਜਾਰੀ ਰੱਖਿਆ।ਜਿਸ ਦੇ ਚੱਲਦਿਆਂ ਕੁੱਝ ਪਾਠੀ ਸਿੰਘਾਂ ਨੇ ਆਪਣੀ ਭੁੱਲ ਸਵੀਕਾਰੀ ਹੈ ਅਤੇ ਅੱਜ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ।
Punjab Post Daily Online Newspaper & Print Media