
ਅੰਮ੍ਰਿਤਸਰ 30 ਮਾਰਚ (ਰੋਮਿਤ ਸ਼ਰਮਾ) – ਮੌਲਵੀ ਮੁਹੰਮਦ ਹੁਸੈਨ ਦੀ ਯਾਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਰਦੂ ਅਤੇ ਪਰਸ਼ੀਅਨ ਵਿਭਾਗ ਵਲੋ ਇਕ ਨੈਸ਼ਨਲ ਸੈਮੀਨਾਰ ਦਾ ਆਯੋਜਨ ਗੁਰੂ ਨਾਨਕ ਭਵਨ ਵਿਚ ਕਰਵਾਇਆ ਗਿਆ।ਇਹ ਸੈਮੀਨਾਰ ਕੌਮੀ ਕੌਸਿਲ ਬਰਾਏ ਫਰੋਗ ਉਰਦੂ ਜ਼ੁਬਾਨ ਦੇ ਸਹਿਯੋਗ ਨਾਲ ਆਯੋਜ਼ ਕੀਤਾ ਗਿਆ।
ਇਸ ਵਿਚ ਵਖ ਵਖ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਆਪਣੇ ਵਿਚਾਰਾਂ ਦਾ ਇਜ਼ਹਾਰ ਕੀਤਾ। ਪ੍ਰਧਾਨਗੀ ਭਾਸ਼ਣ ਸੀਨੀਅਰ ਵਕੀਲ ਸੁਦਰਸ਼ਨ ਕਪੂਰ ਨੇ ਦਿੱਤਾ। ਸਟੇਜ਼ ਦਾ ਸੰਚਾਲਣ ਡਾ. ਰਿਹਾਨ ਹਸਨ ਨੇ ਅਦਾ ਕੀਤਾ। ਹਿੰਦੋਸਤਾਨ ਅਤੇ ਪਾਕਿਸਤਾਨ ਦੇ ਖੋਜ਼ ਵਿਦਿਆਰਥੀਆਂ ਨੇ ਭੂਤਕਾਲ ਵਿਚ ਮੁਹੰਮਦ ਹੁਸੈਨ ਆਜ਼ਾਦ ਤੇ ਬਹੁਤ ਕੰਮ ਕੀਤਾ ਹੈ।ਅੱਜ ਦੇ ਇਸ ਸੈਮੀਨਾਰ ਦੀ ਮਹੱਤਤਾ ਇਹ ਹੈ ਕਿ ਸਿਖਿਆ ਦੇ ਮਾਹਿਰ ਵਜੋ ਜਾਂਚਿਆ ਗਿਆ। ਰਾਸ਼ਟਰੀ ਸਹਾਰਾ ਚੈਨਲ ਦੇ ਡਿਪਟੀ ਡਾਇਰੈਕਟਰ ਲਈਕ ਰਿਜਵੀ ਨੇ ਮੁਹੰਮਦ ਹੁਸੈਨ ਆਜ਼ਾਦ ਨੂੰ ਜਦੀਦ ਉਰਦੂ ਸ਼ਾਇਰੀ ਦਾ ਮੋਢੀ ਕਰਾਰ ਦਿਤਾ ਹੈ।ਉਨਾਂ ਦੀਆਂ ਨਜ਼ਮਾਂ ਅੱਜ ਦੇ ਦੌਰ ਨਾਲ ਮੇਲ ਖਾਂਦੀਆਂ ਹਨ ਅਤੇ ਸਮਾਜ ਲਈ ਇਕ ਰਾਹ ਬਣਾਉਦੀਆਂ ਹਨ। ਇਹ ਕੰਮ ਅਜ਼ਾਦ ਨੇ ਨੌਜਵਾਨ ਪੀੜੀ ਲਈ ਕੀਤਾ ਸੀ।
ਡਾ: ਆਬਿਦ ਹਸਨ ਹੈਦਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੁਹੰਮਦ ਹੁਸੈਨ ਆਜ਼ਾਦ ਪੰਜਾਬ ਦੇ ਹਵਾਲੇ ਨਾਲ ਬਹੁਤ ਹੀ ਮਹੱਤਵਪੂਰਣ ਦਾਨੇਸ਼ਵਰ ਹਨ। ਉਹ ਦਿੱਲੀ ਤੋ ਹਿਜਰਤ ਕਰ ਕੇ ਪੰਜਾਬ ਦੇ ਲਾਹੋਰ ਸ਼ਹਿਰ ਵਿਚ ਆਪਣੇ ਜਲਵੇ ਦਿਖਾਏ ਅਤੇ ਪੰਜਾਬ ਨੂੰ ਉਰਦੂ ਸਹਿਤ ਦੇ ਕੇਂਦਰ ਵਜੋ ਸਥਾਪਿਤ ਕਰਨ ਲਈ ਮੁਹੰਮਦ ਹਸੈਨ ਆਜ਼ਾਦ ਦਾ ਮਹੱਤਵਪੂਰਣ ਰੋਲ ਹੈ।
ਰਾਸ਼ਟਰੀ ਸਹਾਰਾ ਦੇ ਚੀਫ ਆਡੀਟਰ ਸੀਰਾਜ਼ ਨਕਵੀ ਨੇ ਮੁਹੰਮਦ ਹੁਸੈਨ ਆਜ਼ਾਦ ਦੇ ਆਲੋਚਨਾਤਮਕ ਵਿਧੀ ਦਾ ਵਰਣਨ ਕੀਤਾ ਅਤੇ ਕਿਹਾ ਕਿ ਪੰਜਾਬ ਵਿਚ ਆਲੋਚਨਾ ਦੇ ਸੰਦਰਭ ਵਿਚ ਉਨਾਂ ਨੇ ਮੁਢਲਾ ਕਿਰਦਾਰ ਅਦਾ ਕੀਤਾ ਹੈ। ਉਰਦੂ ਦੁਨੀਆਂ ਰਸਾਲੇ ਦੇ ਆਡੀਟਰ ਡਾ: ਸ਼ਾਹਿਦ ਅਖਤਰ ਨੇ ਆਜ਼ਾਦ ਦੇ ਸੌ ਸਾਲਾ ਅਰਸੇ ਦਾ ਵਰਣਨ ਕੀਤਾ। ਉਨ੍ਹਾਂ ਦੀਆਂ ਸੇਵਾਵਾਂ ਨੂੰ ਮਹੱਤਵਪੂਰਣ ਦੱਸਿਆ।
ਉਰਦੂ ਵਿਭਾਗ ਦੇ ਡਾ: ਰਿਹਾਨ ਹਸਨ ਨੇ ਕਿਹਾ ਕਿ ਮੁਹੰਮਦ ਹੁਸੈਨ ਆਜ਼ਾਦ ਦਾ ਜੌਕ ਨਾਲ ਬੜਾ ਗੂੜਾ ਸਬੰਧ ਸੀ। ਜੇਕਰ ਆਜ਼ਾਦ ਜੌਕ ਦਾ ਕਾਲਾਮ ਪ੍ਰਕਾਸ਼ਿਤ ਨਾ ਕਰਦੇ ਤਾਂ ਉਰਦੂ ਦੁਨੀਆਂ ਜੌਕ ਦੇ ਕਲਾਮ ਤੋ ਵਾਂਝੀ ਰਹਿ ਜਾਂਦੀ। ਉਰਦੂ ਵਿਭਾਗ ਦੇ ਡਾ: ਮੁਹੰਮਦ ਅਸ਼ਰਫ ਨੇ ਕਿਹਾ ਕਿ ਉਰਦੂ ਸਹਿਤ ਵਿਚ ਆਜ਼ਾਦ ਦੀ ਸ਼ਖਸ਼ੀਅਤ ਬਹੁਤ ਕਦਆਵਰ ਹੈ। ਉਰਦੂ ਅਦਬ ਦੀ ਤਾਰੀਖ ਆਜ਼ਾਦ ਦਾ ਵਰਣਨ ਕਰਨ ਤੋ ਬਗੈਰ ਮੁਕੰਮਲ ਨਹੀਂ ਹੁੰਦੇ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋ ਅਸਿਸਟੈਟ ਪ੍ਰੋਫੈਸਰ ਡਾ: ਅਲੀ ਅਬਾਸ ਨੇ ਕਿਹਾ ਕਿ ਸਫਰਨਾਮੇ ਦੀ ਦੁਨੀਆਂ ਵਿਚ ਆਜ਼ਾਦ ਦਾ ਨਾਮ ਬਹੁਤ ਹੀ ਮਹੱਤਵਪੂਰਣ ਹੈ। ਕਿਉ ਕਿ ਉਨਾਂ ਨੇ ਸਫ਼ਰਨਾਮੇ ਨੂੰ ਸਹਿਤ ਦੀਆਂ ਲੋੜਾਂ ਅਨੁਸਾਰ ਲਿਖਿਆ ਹੈ। ਸੈਮੀਨਾਰ ਦੇ ਆਖਿਰ ਵਿਚ ਉਰਦੂ ਵਿਭਾਗ ਦੇ ਮੁਖੀ ਡਾ: ਅਜ਼ੀਜ਼ ਅਬਾਸ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਉਰਦੂ ਅਕੈਡਮੀ ਦੇ ਸਕੱਤਰ ਡਾ: ਮੁਹੰਮਦ ਇਕਬਾਲ, ਡਾ: ਹੁਸਨ ਜ਼ਿਆ, ਸ੍ਰੀ ਮਤੀ ਕਹਿਕਸ਼ਾ ਫਲਕ, ਡਾ: ਅਲੀ ਅਬਾਸ, ਡਾ: ਸਫੀਕ ਥਿੰਦ, ਮਿਸਜ਼ ਲੁਬਨਾ ਅਲੀ, ਮੁਹੰਮਦ ਅਯੂਬ, ਰਿਜ਼ਵਾਨ ਉਲ ਜ਼ਮਾ, ਪਰਮਜੀਤ ਸਿੰਘ, ਭਗਵੰਤ ਕੌਰ, ਅਬਦੁਲ ਕਰੀਮ, ਇਮਰਾਨਾ ਖਾਤੂਨ, ਨਾਇਲਾ, ਅਖ਼ਤਰ, ਡਾ: ਨਦੀਮ ਅਹਿਮਦ ਆਦਿ ਨੇ ਵੀ ਆਪਣੇ ਖਿਆਲਾਂ ਦਾ ਇਜ਼ਹਾਰ ਕੀਤਾ।
Punjab Post Daily Online Newspaper & Print Media