
ਹੁਸ਼ਿਆਰਪੁਰ, 1 ਅਪ੍ਰੈਲ (ਸਤਵਿੰਦਰ ਸਿੰਘ) – ਰਾਸ਼ਟਰੀ ਹੈਲਥ ਮਿਸ਼ਨ ਯੂਨਿਅਨ ਹੁਸ਼ਿਆਰਪੁਰ ਦੇ ਕਰਮਚਾਰੀਆਂ ਦਾ ਇੱਕ ਵਫਦ ਯੂਨਿਅਨ ਦੇ ਪ੍ਰਧਾਨ ਸ਼੍ਰੀ ਤਜਿੰਦਰ ਸਿੰਘ ਦੀ ਅਗਵਾਈ ਵਿੱਚ ਮਾਣਯੋਗ ਸ਼੍ਰੀ ਤੀਕਸ਼ਨ ਸੂਦ ਕਾਨੂੰਨੀ ਸਲਾਹਕਾਰ ਮੁਖ ਮੰਤਰੀ ਪੰਜਾਬ ਜੀ ਨੂੰ ਆਪਣੀਆਂ ਹੱਕੀ ਮੰਗਾਂ ਸਬੰਧੀ ਮਿਲਿਆ ਅਤੇ ਆਪਣਾ ਮੰਗ ਪੱਤਰ ਸੌਪਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨਿਅਨ ਦੇ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ 15 ਸਾਲਾਂ ਤੋਂ ਕੰਮ ਕਰਦੇ ਆ ਰਹੇ ਕਰਮਚਾਰੀਆਂ ਦੀ ਤਨਖਾਹ 5000 ਰੁਪਏ ਤੋਂ ਸ਼ੁਰੂ ਕੀਤੀ ਗਈ ਸੀ , ਜੋ ਕਿ 15 ਸਾਲਾਂ ਦਾ ਵਾਧਾ ਪਾ ਕੇ 8500-10,000 ਰੁਪਏ ਤੱਕ ਹੀ ਪਹੁੰਚ ਸਕੀ ਹੈ। ਜਦਕਿ ਪੱਕੇ ਕਰਮਚਾਰੀਆਂ ਨੂੰ ਹਰ ਸਾਲ 3 ਪ੍ਰਤੀਸ਼ਤ ਸਾਲਾਨਾ ਇੰਨਕਰੀਮੈਂਟ ਅਤੇ ਸਾਲ ਵਿੱਚ ਦੋ ਵਾਰ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ। ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੀਆਂ ਮਹਿਲਾ ਕਰਮਚਾਰੀਆਂ ਦੀ ਮੈਟਰਨਿਟੀ ਲੀਵ ਕੇਵਲ 3 ਮਹੀਨੇ ਦੀ ਹੈ ਅਤੇ ਪੁਰਸ਼ ਕਰਮਚਾਰੀਆਂ ਨੂੰ ਕੋਈ ਵੀ ਪੈਟਰਨਿਟੀ ਲੀਵ ਨਹੀਂ ਮਿਲਦੀ। ਜਦਕਿ ਰੈਗੂਲਰ ਮਹਿਲਾ ਕਰਮਚਾਰੀਆਂ ਨੂੰ 6 ਮਹੀਨੇ ਦੀ ਮੈਟਰਨਿਟੀ ਲੀਵ ਅਤੇ ਪੁਰਸ਼ ਕਰਮਚਾਰੀਆਂ ਨੂੰ 15 ਦਿਨ ਦੀ ਪੈਟਰਨਿਟੀ ਲੀਵ ਦਿੱਤੀ ਜਾਂਦੀ ਹੈ। ਨੈਸ਼ਨਲ ਹੈਲਥ ਮਿਸ਼ਨ ਅਧੀਨ ਕਈ ਵਰ੍ਹਿਆਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਿਹਤ ਵਿਭਾਗ ਵਿੱਚ ਕੰਮ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਸੁਵਿਧਾ ਨਹੀਂ ਦਿੱਤੀ ਜਾਂਦੀ। ਜਦਕਿ ਪੱਕੇ ਕਰਮਚਾਰੀਆਂ ਨੂੰ ਹਰ ਮਹੀਨੇ ਮੈਡੀਕਲ ਭੱਤਾ, ਰੀਬਰਸਮੈਂਟ ਅਤੇ ਮੈਡੀਕਲ ਛੁੱਟੀਆਂ ਦੀ ਸੁਵਿਧਾ ਵੀ ਉਪਲਬਧ ਹੈ। ਇਸ ਮੌਕੇ ਯੂਨਿਅਨ ਦੇ ਸਮੂਹ ਕਰਮਚਾਰੀਆਂ ਵੱਲੋਂ ਇੱਕ ਜੁੱਟ ਹੋ ਕੇ ਮੰਗ ਕੀਤੀ ਗਈ ਕਿ ਉਕਤ ਮੰਗਾਂ ਤੇ ਵਿਚਾਰ ਕਰਨ ਸਬੰਧੀ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸਟੇਟ ਪੱਧਰੀ ਐਨ.ਐਚ.ਐਮ. ਕਮੇਟੀ ਨਾਲ ਪੈਨਲ ਮੀਟਿੰਗ ਬੁਲਾਈ ਜਾਵੇ ਤਾਂ ਜੋ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਲਦ ਲਾਗੂ ਹੋ ਸਕਣ। ਮੰਗ ਪੱਤਰ ਸੌਪਣ ਗਏ ਵਫਦ ਵਿੱਚ ਅਜੇ ਕੁਮਰਾ, ਡਾ.ਸੈਲੇਸ਼ ਕੁਮਾਰ, ਰਾਹੁਲ ਕੁਮਾਰ, ਪਰਮਪ੍ਰੀਤ ਪਾਲ ਕੌਰ, ਹਰਮੇਸ਼ ਕੁਮਾਰ, ਰੇਖਾ ਰਾਣੀ, ਗੁਰਵਿੰਦਰ ਕੌਰ, ਸੁਮੀਤ ਸ਼ਰਮਾ, ਪਲਵਿੰਦਰ ਸਿੰਘ ਆਦਿ ਸ਼ਾਮਿਲ ਸਨ।
Punjab Post Daily Online Newspaper & Print Media