Monday, February 2, 2026

 88ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਮੌਕੇ ਘੁਮਾਣ ‘ਚ ਭਗਤ ਨਾਮਦੇਵ ਕਾਲਜ ਦਾ ਨੀਂਹ ਪੱਥਰ

ਗੁਰੂ ਨਾਨਕ ਦੇਵ ‘ਵਰਸਿਟੀ ਵਿੱਚ ਬਾਬਾ ਨਾਮਦੇਵ ਚੇਅਰ ਸਥਾਪਤ ਹੋਵੇਗੀ-ਬਾਦਲ
ਗਡਕਰੀ ਵੱਲੋਂ ਅੰਮ੍ਰਿਤਸਰ-ਊਨਾ ਸੜਕ ਨੂੰ ਚਹੁ-ਮਾਰਗੀ ਕੌਮੀ ਸ਼ਾਹਰਾਹ ਬਣਾਉਣ ਦਾ ਐਲਾਨ
ਮੁਲਕ ਦੀ ਆਜ਼ਾਦੀ, ਰਾਖੀ ਤੇ ਅੰਨ ਸਮੱਸਿਆ ਦੂਰ ਕਰਨ ‘ਚ ਸਿੱਖਾਂ ਦਾ ਅਹਿਮ ਯੋਗਦਾਨ – ਸ਼ਰਦ ਪਵਾਰ

PPN0404201523
ਘੁਮਾਣ (ਗੁਰਦਾਸਪੁਰ), 3 ਅਪ੍ਰੈਲ (ਨਰਿੰਦਰ ਬਰਨਾਲ) – ਇਤਿਹਾਸਕ ਨਗਰੀ ਘੁਮਾਣ ਵਿਖੇ ਹੋ ਰਹੇ ਤਿੰਨ ਦਿਨਾ 88ਵਾਂ ਅਖਿਲ ਭਾਰਤੀਯ ਮਰਾਠੀ ਸਾਹਿਤ ਸੰਮੇਲਨ ਦੇ ਉਦਘਾਟਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਅਹਿਮ ਐਲਾਨ ਕਰਦਿਆਂ ਕਿਹਾ ਕਿ ਭਗਤ ਨਾਮਦੇਵ ਜੀ ਦੇ ਜੀਵਨ, ਬਾਣੀ ਤੋ ਸਿੱਖਿਆਵਾਂ ਦੇ ਅਧਿਐਨ ਤੇ ਖੋਜ ਲਈ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਾਬਾ ਨਾਮਦੇਵ ਚੇਅਰ ਸਥਾਪਤ ਕੀਤੀ ਜਾਵੇਗੀ।
ਮੁਲਕ ਵਿੱਚ ਚੱਲੀ ਭਗਤੀ ਲਹਿਰ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਭਗਤ ਨਾਮਦੇਵ ਜੀ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਗਤ ਨਾਮਦੇਵ ਜੀ ਨੇ ਲੋਕਾਈ ਨੂੰ ਕਿਰਤ ਕਰਨ, ਨਾਮ ਜਪਣ ਤੇ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਉਪਦੇਸ਼ ਦਿੱਤਾ। ਭਗਤ ਨਾਮਦੇਵ ਜੀ ਨੇ ਆਪਣੀ ਸਾਰੀ ਉਮਰ ਕੀਰਤਨ ਤੇ ਉਚ ਕੋਟੀ ਦੇ ਸਾਹਿਤ ਰਾਹੀਂ ਲੋਕਾਂ ਨੂੰ ਸਮਾਜ ਸੇਵਾ, ਪਰਮਾਤਮਾ ਦੀ ਭਗਤੀ ਅਤੇ ਸੱਚੇ ਮਾਰਗ ‘ਤੇ ਤੋਰਿਆ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦੇ ਰਚੇ ਹੋਏ 61 ਸ਼ਬਦਾਂ ਦਾ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਸਿੱਖ ਗੁਰੂ ਸਾਹਿਬਾਨ ਨਾਲ ਵਿਚਾਰਾਂ ਦੀ ਪੀਡੀ ਸਾਂਝ ਸੀ।
ਮੁੱਖ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਬ੍ਰਹਿਮੰਡ ਦਾ ਸਰਬਸਾਂਝਾ ਧਾਰਮਿਕ ਗ੍ਰੰਥ ਦੱਸਦਿਆਂ ਕਿਹਾ ਕਿ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਸੀਸ ਝਕਾਉਂਦੇ ਹਾਂ ਤਾਂ ਇਨ੍ਹਾਂ ਸਾਰੇ ਭਗਤਾਂ ਤੇ ਮਹਾਂਪੁਰਸ਼ਾਂ ਨੂੰ ਵੀ ਨਤਮਸਤਕ ਹੁੰਦੇ ਹਾਂ।
ਪੰਜਾਬ ਦੀ ਪਾਵਨ ਧਰਤੀ ਨੂੰ ਭਾਰਤੀ ਸੱਭਿਅਤਾ ਦੀ ਜਨਮ ਦਾਤੀ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਵੇਦਾਂ ਦੀ ਰਚਨਾ ਇਸੇ ਧਰਤੀ ‘ਤੇ ਹੋਈ ਸੀ ਅਤੇ ਇੱਥੇ ਹੀ ਭਗਵਾਨ ਵਾਲਮੀਕਿ ਜੀ ਨੇ ਰਮਾਇਣ ਦੀ ਰਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਮਾਤਾ ਸੀਤਾ ਜੀ ਨੇ ਆਪਣੇ ਜੀਵਨ ਦਾ ਕਾਫੀ ਸਮਾਂ ਇਸੇ ਧਰਤੀ ‘ਤੇ ਬਤੀਤ ਕੀਤਾ ਅਤੇ ਭਗਵਾਨ ਰਾਮ ਜੀ ਦੇ ਦੋਵਾਂ ਪੁੱਤਰਾਂ ਲਵ ਤੇ ਕੁਸ਼ ਦਾ ਜਨਮ ਵੀ ਇਸੇ ਧਰਤੀ ‘ਤੇ ਹੋਇਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪੂਰੀ ਲੋਕਾਈ ਨੂੰ ਧਾਰਮਿਕ, ਸਮਾਜਿਕ ਤੇ ਰੂਹਾਨੀ ਖੇਤਰਾਂ ਵਿੱਚ ਸੇਧ ਦੇ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੀ ਇਸੇ ਧਰਤੀ ‘ਤੇ ਹੋਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਮੁਲਕ ਨੂੰ ਆਜ਼ਾਦ ਕਰਵਾਉਣ ਅਤੇ ਫਿਰ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਧਰਤੀ ਦੇ ਮਿਹਨਤਕਸ਼ ਕਿਸਾਨਾਂ ਨੇ ਦਿਨ-ਰਾਤ ਹੱਡ-ਭੰਨ੍ਹਵੀਂ ਮਿਹਨਤ ਕਰਕੇ ਮੁਲਕ ਨੂੰ ਅੰਨ ਸੰਕਟ ਵਿੱਚੋਂ ਕੱਢਿਆ। ਅੱਜ ਵੀ ਪੰਜਾਬ ਮੁਲਕ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਹਿੱਸਾ ਪਾ ਰਿਹਾ ਹੈ।
ਸ. ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਦਾ ਅਹਿਮ ਦਿਹਾੜਾ ਹੋ ਨਿਬੜਿਆ ਹੈ ਜਦੋਂ ਭਗਤ ਨਾਮਦੇਵ ਜੀ ਨੂੰ ਸਮਰਪਿਤ 88ਵਾਂ ਅਖਿਲ ਭਾਰਤੀਯ ਮਰਾਠੀ ਸਾਹਿਤ ਸੰਮੇਲਨ ਪੰਜਾਬ ਦੀ ਇਤਿਹਾਸਕ ਨਗਰੀ ਘੁਮਾਣ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਜਿੱਥੇ ਮਰਾਠੀ ਸਾਹਿਤ, ਸੱਭਿਆਚਾਰ ਤੇ ਭਾਸ਼ਾ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਦਵਾਨਾਂ ਵੱਲੋਂ ਗਹਿਰ ਗੰਭੀਰ ਚਿੰਤਨ ਕੀਤਾ ਜਾਵੇਗਾ, ਉਥੇ ਇਹ ਸੰਮੇਲਨ ਭਗਤ ਨਾਮਦੇਵ ਜੀ ਦੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਸੁਨੇਹੇ ਨੂੰ ਪੂਰੇ ਮੁਲਕ ਵਿੱਚ ਪਹੁੰਚਾਏਗਾ।ਪੰਜਾਬ ਅਤੇ ਮਹਾਰਾਸ਼ਟਰ ਦੇ ਸਦੀਆਂ ਪੁਰਾਣੇ ਰਿਸ਼ਤੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਹਾਰਾਸ਼ਟਰ ਦੇ ਸ਼ਹਿਰ ਨਾਂਦੇੜ ਸਾਹਿਬ ਵਿੱਚ ਹੀ ਦਿੱਤੀ ਗਈ ਸੀ ਅਤੇ ਇਸੇ ਅਸਥਾਨ ‘ਤੇ ਹੀ ਦਸਮ ਪਾਤਸ਼ਾਹ ਜੋਤੀ-ਜੋਤ ਸਮਾਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਸੂਬਿਆਂ ਵਿਚਲੀ ਰੂਹਾਨੀ, ਧਾਰਮਿਕ ਤੇ ਨਿੱਜੀ ਸਾਂਝ ਤਾਂ ਪਹਿਲਾਂ ਹੀ ਬਹੁਤ ਗਹਿਰੀ ਹੈ ਤੇ ਇਸ ਸਾਹਿਤ ਸੰਮੇਲਨ ਨਾਲ ਦੋਵਾਂ ਸੂਬਿਆਂ ਦੇ ਲੋਕਾਂ ਵਿੱਚ ਸਾਹਿਤਕ ਸਾਂਝ ਵੀ ਪੈਦਾ ਹੋਵੇਗੀ।
ਕੇਂਦਰੀ ਸੜਕੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਤੇ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਰਦ ਪਵਾਰ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮਹਾਰਾਸ਼ਟਰ ਦੇ ਇਨ੍ਹਾਂ ਦੋਵਾਂ ਨੇਤਾਵਾਂ ਆਪੋ-ਆਪਣੇ ਸਮੇਂ ਵਿੱਚ ਪੰਜਾਬ ਦੀ ਬਹੁਤ ਵੱਡੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਂਦੇੜ ਸਾਹਿਬ ਤੱਕ ਬਣਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਪ੍ਰਾਜੈਕਟ ਵਜੋਂ ਸਿਰੇ ਚੜ੍ਹਨ ਦੀ ਅਸੂਲੀ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ ਹੈ। ਸ. ਬਾਦਲ ਨੇ ਇਹ ਸੰਮੇਲਨ ਪੰਜਾਬ ਵਿੱਚ ਕਰਵਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਨੂੰ ਵੀ ਪੰਜਾਬੀ ਬੋਲੀ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਸਤੇ ਹੋਰ ਵਧੇਰੇ ਯਤਨ ਕਰਨ ਦੀ ਪ੍ਰੇਰਨਾ ਮਿਲੀ ਹੈ।
ਉਨ੍ਹਾਂ ਘੁਮਾਣ ਦੇ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਅਤੇ ਘੁਮਾਣ ਵਿੱਚ ਜਲ ਸਪਲਾਈ ਤੇ ਸੀਵਰੇਜ ਪਾਉਣ ਦਾ ਐਲਾਨ ਵੀ ਕੀਤਾ।ਕੇਂਦਰੀ ਸੜਕੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਇਸ ਸਾਹਿਤ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਨਾਮਦੇਵ ਜੀ ਨਾ ਸਿਰਫ ਮਹਾਰਾਸ਼ਟਰ ਦੇ ਹੀ ਸੰਤ ਸਨ ਸਗੋਂ ਉਨ੍ਹਾਂ ਨੇ ਪੂਰੇ ਮੁਲਕ ਵਿੱਚ ਭਗਤੀ ਲਹਿਰ ਦੇ ਸਮਾਜਿਕ ਤੇ ਰੂਹਾਨੀ ਸਰੋਕਾਰਾਂ ਦਾ ਪ੍ਰਚਾਰ ਕੀਤਾ। ਇਸੇ ਲਈ ਹੀ ਪੰਜਾਬ ਦੇ ਲੋਕ ਵੀ ਭਗਤ ਨਾਮਦੇਵ ਜੀ ਨੂੰ ਮਹਾਰਾਸ਼ਟਰ ਦੇ ਲੋਕਾਂ ਬਰਾਬਰ ਸਤਿਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਉਸਾਰੀ ਵਿੱਚ ਸਾਹਿਤ ਤੇ ਵਿਚਾਰਧਾਰਾ ਦਾ ਬਹੁਤ ਯੋਗਦਾਨ ਹੁੰਦਾ ਹੈ ਅਤੇ ਭਗਤ ਨਾਮਦੇਵ ਤੇ ਉਨ੍ਹਾਂ ਦੇ ਸਾਥੀਆਂ ਨੇ ਲੋਕਾਂ ਨੂੰ ਵਿਚਾਰਧਾਰਕ ਤੌਰ ‘ਤੇ ਮਜ਼ਬੂਤ ਕਰਕੇ ਸਰਬਸਾਂਝੇ ਤੇ ਕਲਿਆਣਕਾਰੀ ਸਮਾਜ ਉਸਾਰਨ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ। ਸ੍ਰੀ ਗਡਕਰੀ ਨੇ ਕਿਹਾ ਕਿ ਇਹ ਸੰਮੇਲਨ ਮੁਲਕ ਦੀ ਅਨੇਕਤਾ ਵਿੱਚ ਏਕਤਾ ਦੀ ਸਪੱਸ਼ਟ ਮਿਸਾਲ ਹੈ ਅਤੇ ਇਹ ਮੁਲਕ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਮਰਾਠੀ ਸਮਾਜ ਦਾ ਮੁਲਕ ਦੀ ਤਰੱਕੀ ਵਿੱਚ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਰਾਠੀ ਜੀਵਨ ਦੀ ਪੂਰੇ ਦੇਸ਼ ਦੇ ਜਨ-ਜੀਵਨ ‘ਤੇ ਸਪੱਸ਼ਟ ਛਾਪ ਦੇਖੀ ਜਾ ਸਕਦੀ ਹੈ।
ਸ੍ਰੀ ਗਡਕਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਰਾਸਤਾ ਚੌਕ ਮਹਿਤਾ, ਘੁਮਾਣ, ਸ੍ਰੀ ਹਰਗੋਬਿੰਦਪੁਰ, ਟਾਂਡਾ ਤੇ ਹੁਸ਼ਿਆਰਪੁਰ ਹੋ ਕੇ ਊਨਾ ਜਾਣ ਵਾਲੀ ਸੜਕ ਨੂੰ 1800 ਕਰੋੜ ਰੁਪਏ ਦੀ ਲਾਗਤ ਨਾਲ ਛੇਤੀ ਹੀ ਚਹੁ-ਮਾਰਗੀ ਬਣਾ ਦਿੱਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਇਸ ਸਾਹਿਤ ਸੰਮੇਲਨ ਨੂੰ ਕਾਮਯਾਬ ਕਰਨ ਲਈ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਸਾਬਕਾ ਕੇਂਦਰੀ  ਮੰਤਰੀ ਸ੍ਰੀ ਸ਼ਰਦ ਪਵਾਰ ਨੇ ਮੁਲਕ ਦੀ ਆਜ਼ਾਦੀ, ਰਾਖੀ ਅਤੇ ਅੰਨ ਸਮੱਸਿਆ ਨੂੰ ਹੱਲ ਕਰਨ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀਆਂ ਦਾ ਆਜ਼ਾਦੀ ਤੋਂ ਬਾਅਦ ਮੁਲਕ ਦੇ ਨਿਰਮਾਣ ਵਿੱਚ ਬਹੁਤ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਹ ਮਰਾਠੀ ਸਾਹਿਤ ਸੰਮੇਲਨ ਆਪਣੇ ਮਕਸਦ ਵਿੱਚ ਹਰ ਪੱਖੋਂ ਕਾਮਯਾਬ ਰਹੇਗਾ। ਸ੍ਰੀ ਸ਼ਰਦ ਪਵਾਰ ਨੇ ਕਿਹਾ ਕਿ ਇਸ ਸੰਮੇਲਨ ਨਾਲ ਪੰਜਾਬ ਤੇ ਮਹਾਰਾਸ਼ਟਰ ਦੇ ਲੋਕਾਂ ਵਿੱਚ ਸਾਂਝ ਦਾ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ। ਭਗਤ ਨਾਮਦੇਵ ਜੀ ਦੀ ਸਮਾਜ ਨੂੰ ਦੇਣ ਦਾ ਜ਼ਿਕਰ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਭਗਤੀ ਲਹਿਰ ਦੇ ਇਸ ਸ਼੍ਰੋਮਣੀ ਸੰਤ ਨੇ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਇਸ ਲਹਿਰ ਦਾ ਪ੍ਰਚਾਰ ਕੀਤਾ। ਸ੍ਰੀ ਪਵਾਰ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਕਰਨ ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ।
88ਵਾਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੇ ਪ੍ਰਧਾਨ ਡਾ. ਸਦਾਨੰਦ ਮੋਰੇ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਬਹੁਤੇ ਸੰਤਾਂ, ਮਹਾਂਪੁਰਖਾਂ ਤੇ ਚਿੰਤਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਆਪਣੀਆਂ ਰਚਨਾਵਾਂ ਵਿੱਚ ਪ੍ਰਮੁੱਖਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਤੇ ਪੰਜਾਬ ਦੇ ਲੋਕਾਂ ਵਿੱਚ ਭਗਤੀ ਤੇ ਬੀਰਤਾ ਦੇ ਗੁਣਾਂ ਦੀ ਸਾਂਝ ਹੈ।
87ਵੇਂ ਅਖਿਲ ਭਾਰਤੀਯ ਮਰਾਠੀ ਸਾਹਿਤ ਸੰਮੇਲਨ ਦੇ ਪ੍ਰਧਾਨ ਸ੍ਰੀ ਐਫ.ਐਮ. ਸ਼ਿੰਦੇ ਨੇ ਇਸ ਮੌਕੇ ‘ਤੇ ਬੋਲਦਿਆਂ ਕਿਹਾ ਕਿ ਭਗਤ ਨਾਮਦੇਵ ਜੀ ਦੀ ਸਮੁੱਚੀ ਰਚਨਾ ਨੂੰ ਮੁਲਕ ਦੀਆਂ ਸਾਰੀਆਂ ਖੇਤਰੀਆਂ ਭਾਸ਼ਾਵਾਂ ਵਿੱਚ ਛਾਪਿਆ ਜਾਣਾ ਚਾਹੀਦਾ ਹੈ।
ਇਸ ਮੌਕੇ ਘੁਮਾਣ ਵਿੱਚ 10 ਏਕੜ ਰਕਬੇ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਭਗਤ ਨਾਮਦੇਵ ਜੀ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਅਤੇ ਭਗਤ ਨਾਮਦੇਵ ਜੀ ਦੀ ਯਾਦ ਵਿੱਚ ਇਕ ਸੋਵੀਨਾਰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ, ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮੁੱਖ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ, ਪ੍ਰਸਿੱਧ ਕਵੀ ਸ੍ਰੀ ਸੁਰਜੀਤ ਪਾਤਰ ਅਤੇ ਪ੍ਰੋ. ਗੁਰਭਜਨ ਗਿੱਲ ਵੀ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply