12 ਏਕੜ ਵਿਚ ਬਨਣ ਵਾਲੇ ਕੰਪਲੈਕਸ ‘ਤੇ ਖਰਚ ਆਉਣਗੇ 47 ਕਰੋੜ

ਫਾਜ਼ਿਲਕਾ 7 ਅਪ੍ਰੈਲ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਦੇ ਵਸਨੀਕਾਂ ਨੂੰ ਹੁਣ ਅਦਾਲਤੀ ਕੰਮਾਂ ਨਾਲ ਸਬੰਧਿਤ ਸੇਵਾਵਾਂ ਇੱਕੋ ਛੱਤ ਥੱਲੇ ਮਿਲਣਗੀਆਂ।ਇਸ ਸਬੰਧੀ ਜਿਲ੍ਹਾ ਕੋਰਟ ਕੰਪਲੈਕਸ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ , ਜਿਸ ਤੇ 47.15 ਕਰੋੜ ਰੁਪਏ ਖਰਚ ਆਉਣਗੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਫਾਜ਼ਿਲਕਾ ਨਵਾਂ ਜਿਲ੍ਹਾ ਹੋਣ ਕਾਰਨ ਇੱਥੇ ਸੈਸ਼ਨ ਕੋਰਟ ਅਤੇ ਸਹਾਇਕ ਅਦਾਲਤਾਂ ਲਈ ਢੁੱਕਵੀਂ ਥਾਂ ਤੇ ਬਿਲਡਿੰਗ ਨਹੀ ਸੀ । ਉਨ੍ਹਾਂ ਕਿਹਾ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਲ੍ਹਾ ਵਾਸੀਆਂ ਲਈ ਜਿਲ੍ਹਾ ਅਦਾਲਤੀ ਕੰਪਲੈਕਸ ਰੂਪੀ ਵੱਡਾ ਤੋਹਫਾ ਦਿੱਤਾ ਗਿਆ ਹੈ, ਜਿਸਦੀ ਉਸਾਰੀ ਅਪ੍ਰੈਲ 2014 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੀ ਉਸਾਰੀ ਦਾ ਕੰਮ ਲੋਕ ਨਿਰਮਾਨ ਵਿਭਾਗ ਵੱਲੋਂ ਏ.ਐਸ.ਸੀ. ਬਿਲਡਰ ਪ੍ਰਾਈਵੇਟ ਲਿਮਟਿਡ ਬਠਿੰਡਾ ਤੋਂ ਕਰਵਾਇਆ ਜਾ ਰਿਹਾ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬਹੁ ਵਿਕਾਰੀ ਕੋਰਟ ਕੰਪਲੈਕਸ ਦਾ ਕੁੱਲ ਖੇਤਰਫਲ 12 ਏਕੜ ਹੈ ਅਤੇ ਇਸ ਵਿਚ 3 ਲੱਖ 60 ਹਜਾਰ ਸਕੈਅਰ ਫੁੱਟ ਵਿਚ ਕੋਰਟ ਕੰਪਲੈਕਸ ਅਤੇ ਰਿਹਾਇਸ਼ੀ ਮਕਾਨ ਬਨਣਗੇ।ਉਨ੍ਹਾਂ ਦੱਸਿਆ ਕਿ ਰਿਹਾਇਸ਼ ਲਈ 4 ਏਕੜ ਥਾਂ ਰਾਖਵੀ ਰੱਖੀ ਗਈ ਹੈ ਸੈਸ਼ਨ ਕੋਰਟ ਅਤੇ 11 ਹੋਰ ਅਦਾਲਤਾ ਲਈ ਗਰਾਉਂਡ ਫਲੋਰ ਸਮੇਤ 2 ਮੰਜਿਲੀ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ, ਜਦਕਿ ਪਬਲਿਕ ਬਲਾਕ ਦੀ ਇਮਾਰਤ ਗਰਾਉਂਡ ਫਲੋਰ ਸਮੇਤ 3 ਮੰਜਲੀ ਹੋਵੇਗੀ ਜਿਲ੍ਹਾ ਕੋਰਟ ਕੰਪਲੈਕਸ ਲਈ ਅਤਿ ਆਧੁਨਿਕ ਮਲਟੀਪਰਪਜ ਪਾਰਕਿੰਗ ਬਣੇਗੀ ਜੋ ਬੇਸਮੈਂਟ ਸਮੇਤ 3 ਮੰਜਲੀ ਹੋਵੇਗੀ।ਇਸ ਤੋਂ ਇਲਾਵਾ ਵਕੀਲਾਂ ਲਈ ਚੈਂਬਰ ਵਾਸਤੇ ਵੀ ਥਾਂ ਨਿਸ਼ਚਿਤ ਕੀਤੀ ਗਈ ਹੈ।ਜਿਲ੍ਹਾ ਕੋਰਟ ਕੰਪਲੈਕਸ ਨੂੰ 40 ਫੁੱਟ ਕੰਕਰੀਟ ਦੀ ਸੜਕ ਨਾਲ ਜੋੜਿਆ ਗਿਆ ਹੈ ।
ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਜਿਲ੍ਹਾ ਕੋਰਟ ਕੰਪਲੈਕਸ 18 ਮਹੀਨੀਆਂ ਦੇ ਰਿਕਾਰਡ ਸਮੇਂ ਵਿਚ ਬਣਕੇ ਲੋਕਾਂ ਨੂੰ ਸਮਰਪਿਤ ਹੋਵੇਗਾ ਤੇ ਇਸਦੇ ਮੁਕੱਮਲ ਹੋਣ ਨਾਲ ਜਿਲ੍ਹੇ ਦੇ ਲੋਕਾਂ ਨੂੰ ਅਦਾਲਤੀ ਕੰਮਾਂ ਲਈ ਇੱਕੋ ਛੱਤ ਥੱਲੇ ਸਾਰੀਆਂ ਸਹੂਲਤਾ ਮਿਲਣਗੀਆਂ।ਸਾਰੀਆਂ ਲੋਕ ਅਦਾਲਤਾਂ, ਮੁੱਫਤ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲ੍ਹਾ ਖਪਤਕਾਰ ਫੋਰਮ ਆਦਿ ਵੀ ਇਸ ਕੰਪਲੈਕਸ ਵਿਚ ਹੋਣਗੇ ।
Punjab Post Daily Online Newspaper & Print Media