15 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਜਿਆਦਾਤਰ ਕਾਲਜ ਬੰਦ ਹੋਣ ਕਿਨਾਰੇ

ਛੇਹਰਟਾ, 10 ਅਪ੍ਰੈਲ (ਨੋਬਲ) – ਪੰਜਾਬ ਸਰਕਾਰ ਵਲੋਂ ਬੀਤੇ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਸਰਕਾਰ ਵਲੋਂ ਐਲਾਨੀਆਂ ਗਈਆਂ ਗ੍ਰਾਂਟਾ ਨਾ ਮਿਲਣ ਕਾਰਨ ਰਾਜ ਭਰ ਤੋਂ ਸਹਾਇਤਾ ਪ੍ਰਾਪਤ ਤੇ ਐਫੀਲੇਟਿਡ ਕਾਲਜਾਂ ਦੇ ਸੈਂਕੜੇ ਪ੍ਰਿੰਸੀਪਲਾਂ, ਅਧਿਆਪਕਾਂ ਤੇ ਨਾੱਨ ਟੀਚਿੰਗ ਮੁਲਾਜਮਾਂ ਨੇ ਜੌਇੰਟ ਕਮੇਟੀ ਦੀ ਅਗਵਾਈ ਹੇਂਠ ਸਰਕਾਰ ਦੀ ਸਿੱਖਿਆ ਵਿਰੌਧੀ ਨੀਤੀਆਂ ਖਿਲਾਫ ਜੀਐਨਡੀਯੂ ਦੇ ਬਾਹਰ ਕਬੀਰ ਪਾਰਕ ਵਿਖੇ ਜੌਰਦਾਰ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਅਕਾਲੀ ਭਾਜਪਾ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਰੈਲੀ ਨੂੰ ਸੰਬੌਧਨ ਕਰਦਿਆਂ ਪੀਸੀਸੀਟੀਯੂ ਦੇ ਜਨਰਲ ਸਕੱਤਰ ਪ੍ਰੌ. ਐਚ.ਐਸ ਵਾਲੀਆਂ ਨੇ ਸਰਕਾਰ ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਉੱਚ ਸਿੱਖਿਆ ਪ੍ਰਤੀ ਸਰਕਾਰ ਦੀਆਂ ਦਿਸ਼ਾਹੀਣ ਨੀਤੀਆਂ ਦੇ ਕਾਰਨ ਪੂਰੇ ਰਾਜ ਵਿਚੋਂ ਉੱਚ ਸਿੱਖਿਆ ਦਾ ਢਾਂਚਾ ਲੜਖੜਾ ਗਿਆ ਹੈ। ਪਿਛਲੇ 15 ਮਹੀਨਿਆਂ ਤੋਂ ਕਾਲਜਾਂ ਨੂੰ ਤਨਖਾਹਾਂ ਸਬੰਧੀ ਗ੍ਰਾਂਟ ਨਾ ਮਿਲਣ ਕਾਰਨ ਅਧਿਆਪਕਾਂ ਤੇ ਹੋਰ ਮੁਲਾਜਮਾਂ ਨੂੰ ਵਿੱਤ ਸੰਕਟ ਤੋਂ ਲੰਘਣਾ ਪੈ ਰਿਹਾ ਹੈ, ਤੇ ਕਾਲਜਾਂ ਦਾ ਵਿਕਾਸ ਵੀ ਰੂਕ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਇੰਨਾਂ ਨੀਤੀਆਂ ਦੇ ਚੱਲਦਿਆਂ ਪੰਜਾਬ ਦੇ ਜਿਆਦਾਤਰ ਕਾਲਜ ਬੰਦ ਹੌਣ ਦੀ ਕਾਗਾਰ ਤੇ ਹਨ।
ਪੰਜਾਬ ਕਾਲਜ ਨਾੱਨ ਟੀਚਿੰਗ ਮੁਲਾਜਮ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਖੁੱਲਰ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਚੱਲਦਿਆਂ ਅਜਿਹਾ ਲੱਗਦਾ ਹੈ ਕਿ ਰਾਜ ਦਾ ਦਿਵਾਲਾ ਨਿਕਲ ਗਿਆ ਹੈ।ਉਨਾਂ ਕਿਹਾ ਕਿ ਨਾ ਕੇਵਲ ਤਨਖਾਹਾਂ ਸਬੰਧੀ ਗ੍ਰਾਂਟ ਬਲਕਿ ਇਹ ਸਰਕਾਰ ਮਹਿੰਗਾਈ ਭੱਤਾ ਵੀ ਪੂਰਾ ਨਹੀ ਦੇ ਰਹੀ। ਇਸ ਤੋਂ ਇਲਾਵਾ 17 ਨਵੰਬਰ ਨੂੰ ਇਕ ਗੈਰ ਕਾਨੂੰਨੀ ਆਰਡਰ ਦੇ ਕੇ ਕਿਹਾ ਕਿ ਭੱਤਾ (ਹਾਊਸ ਰੈਂਟ ਅਲਾਊਂਸ) ਵੀ 5 ਫੀਸਦੀ ਘਟਾ ਕੇ ਦਿੱਤਾ ਗਿਆ ਹੈ, ਅਤੇ ਮੈਡੀਕਲ ਅਲਾਊਂਸ ਵੀ 500 ਰੁਪਏ ਤੋਂ ਘੱਟ ਕਰਕੇ 350 ਰੁਪਏ ਕਰ ਦਿੱਤਾ ਹੈ।
ਪ੍ਰਿੰਸੀਪਲ ਫੈਡਰੇਸ਼ਨ ਦੇ ਡਾਕਟਰ ਧਰਮਜੀਤ ਤੇ ਡਾਕਟਰ ਸ਼ਰਨਜੀਤ ਨੇ ਕਿਹਾ ਕਿ ਜੇਕਰ ਇਹੋ ਸਥਿਤੀ ਰਹੀ ਤਾਂ ਪੰਜਾਬ ਵਿਚ ਕਾਲਜਾਂ ਨੂੰ ਚਲਾਉਣਾ ਬਹੁਤ ਮੁਸ਼ਕਿਲ ਹੋਵੇਗਾ ੳਤੇ ਇਸ ਨਾਲ ਕਾਲਜਾਂ ਵਿਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪੈ ਜਾਵੇਗਾ।ਪੀਸੀਸੀਟੀਯੂ ਦੇ ਵਿੱਤ ਸਕੱਤਰ ਨੇ ਜਿੱਥੇ ਪੰਜਾਬ ਸਰਕਾਰ ਦੀ ਉੱਚ ਸਿੱਖਿਆਂ ਨੀਤੀਆਂ ਨੂੰ ਲੰਬੇ ਹੱਥੀ ਲਿਆ, ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕਾਂ, ਮੁਲਾਜਮਾਂ ਤੇ ਵਿਦਿਆਰਥੀਆਂ ਵਿਰੌਧੀ ਨੀਤੀਆਂ ਦੀ ਨਿੰਦਾ ਕੀਤੀ। ਉਨਾਂ ਕਿਹਾ ਕਿ ਬੀ ਕਾਮ ਪ੍ਰਫੈਸ਼ਨਲ ਦਾ ਕੌਰਸ ਬੰਦ ਹੋਣ ਤੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋਵੇਗਾ ਉੱਥੇ ਕਾਲਜਾਂ ਵਿਚ ਆਰਥਿਕ ਮੰਦਹਾਲੀ ਗਹਿਰਾ ਜਾਵੇਗੀ। ਅਗਲੇ ਪ੍ਰੋਗਰਾਮ ਦੇ ਬਾਰੇ ਵਿਚ ਦੱਸਦਿਆਂ ਪ੍ਰੌਫ. ਐਚਐਸ ਵਾਲੀਆ ਨੇ ਕਿਹਾ ਕਿ ਜੌਇੰਟ ਐਕਸ਼ਨ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੀਆਂ ਤਿੰਨਾਂ ਯੂਨੀਵਰਸਿਟੀਆਂ, ਪੰਜਾਬ, ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਏ ਜਾਣ ਵਾਲੇ ਅਗਾਮੀ ਸਮੈਸਟਰ ਪੇਪਰਾਂ ਦਾ ਬਾਈਕਾਟ ਕੀਤਾ ਜਾਵੇਗਾ।
ਇਸ ਮੋਕੇ ਪੀਸੀਸੀਟੀਯੂ ਤੇ ਜੀਐਨਡੀਯੂ ਦੇ ਏਰੀਆ ਸਕੱਤਰ ਪ੍ਰੌਫੈਸਰ ਵਿਨੇ ਅਤੇ ਜਿਲਾ ਪ੍ਰਧਾਨ ਪ੍ਰੌ. ਮਲਕੀਤ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ।ਇਸ ਮੋਕੇ ਲਕਸ਼ਮੀਕਾਂਤਾ ਚਾਵਲਾ, ਪ੍ਰਿੰਸੀਪਲ ਧਰਮਜੀਤ ਸਿੰਘ, ਪ੍ਰਿੰ. ਨੀਲਮ ਕਾਮਰਾ, ਪ੍ਰਿੰ. ਸਰੀਤਾ ਵਰਮਾ, ਪ੍ਰਿੰ. ਰਾਜੇਸ਼ ਕੁਮਾਰ, ਨਾੱਨ ਟੀਚਿੰਗ ਦੇ ਉੱਪ ਪ੍ਰਧਾਨ ਭੁਪਿੰਦਰ ਠਾਕੁਰ, ਜਨਰਲ ਸਕੱਤਰ ਮਨੋਜ ਪਾਂਡੇ, ਰਾਜੀਵ ਕੁਮਾਰ ਆਦਿ ਹਾਜਰ ਸਨ।
Punjab Post Daily Online Newspaper & Print Media