
ਪਠਾਨਕੋਟ, 13 ਅਪਰੈਲ (ਪੱਤਰ ਪ੍ਰੇਰਕ) – ਆਮ ਲੋਕਾਂ ਨੂੰ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਨਹਿਰੂ ਯੁਵਾ ਕੇਂਦਰ ਪਠਾਨਕੋਟ ਵੱਲੋਂ ਪੁਨਰ ਜਾਗਰਨ ਯਾਤਰਾ 1 ਮਾਰਚ ਤੋਂ ਸ਼ੁਰੂ ਕੀਤੀ ਗਈ ਹੈ, ਜੋ ਜ਼ਿਲ੍ਹੇ ਦੇ ਵੱਖ ਵੱਖ 100 ਪਿੰਡਾਂ ਵਿੱਚੋਂ ਗੁਜਰੇਗੀ।ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਇੱਥੋਂ ਸਿਉੜੀ ਪਿੰਡ ਵਿਖੇ ਜਾਣ ਵਾਲੀ ਪੁਨਰ ਜਾਗਰਨ ਯਾਤਰਾ ਦੇ ਰੱਥ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਦਿੱਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸਰਵਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ., ਪਾਲ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਯਸਪਾਲ ਸ਼ਰਮਾ ਤਹਿਸੀਲਦਾਰ, ਵਿਜੇ ਪਾਸ਼ੀ ਸਮਾਜ ਸੇਵਕ, ਸ਼੍ਰੀਮਤੀ ਆਸ਼ਾ ਭਗਤ ਕਲਸਟਰ ਇੰਚਾਰਜ ਅਤੇ ਵੱਖ ਵੱਖ ਯੂਥ ਕਲੱਬਾਂ ਦੇ ਵਲੰਟੀਅਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਲੋਕਾਂ ਵਿੱਚ ਸਰਕਾਰ ਦੀਆਂ ਜਨ ਹਿੱਤ ਵਿੱਚ ਚਲ ਰਹੀਆਂ ਸਕੀਮਾਂ ਦੀ ਜਾਗ੍ਰਿਤੀ ਲਿਆਉਣਾ। ਉਨ੍ਹਾਂ ਦੱਸਿਆ ਇਹ ਯਾਤਰਾ ਪੇਂਡੂ ਸਮੱਸਿਆਵਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦਾ ਹੱਲ ਕੱਢਣ ਲਈ ਸਹਾਇਕ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਵੱਲੋਂ ਸਪੈਸ਼ਲ ਪ੍ਰਾਜੈਕਟ ਦੇ ਅਧੀਨ ਭਰੂਨ ਹੱਤਿਆ ਰੋਕੂ ਪ੍ਰੋਗਰਾਮ ਅਤੇ ਨਸ਼ਾ ਮੁਕਤੀ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਹੋਰ ਵਿਭਾਗਾਂ ਨਾਲ ਤਾਲਮੇਲ ਕਰਕੇ ਯੂਥ ਕਲੱਬਾਂ ਦੇ ਜ਼ਰੀਏ ਖੂਨਦਾਨ ਕੈਂਪ, ਸਵੈ ਰੋਜ਼ਗਾਰ ਟ੍ਰੇਨਿੰਗ ਪ੍ਰੋਗਰਾਮ, ਸਿਹਤ ਜਾਂਚ ਕੈਂਪ, ਏਡਜ਼ ਜਾਗਰੂਕਤਾ ਆਦਿ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਸ਼੍ਰੀ ਬੀ.ਐਸ. ਗਿੱਲ ਜ਼ਿਲ੍ਹਾ ਯੂਥ ਕੋਆਡੀਨੇਟਰ ਨੇ ਦੱਸਿਆ ਕਿ ਪੁਨਰ ਜਾਗਰਨ ਯਾਤਰਾ ਦਾ ਸਮਾਪਤੀ ਸਮਾਰੋਹ 2 ਮਈ ਨੂੰ ਸ਼੍ਰੀਸਾਈਂ ਕਾਲਜ, ਬਧਾਨੀ ਵਿਖੇ ਹੋਵੇਗਾ।ਜਿਸ ਦੀ ਪ੍ਰਧਾਨਗੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਰਨਗੇ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ 60 ਵਲੰਟੀਅਰ ਨੇ ਹਿੱਸਾ ਲਿਆ ਹੈ।
Punjab Post Daily Online Newspaper & Print Media