ਕਸਬਾ ਲੋਪੋਕੇ ਵਿਖੇ ਠਾਠਾਂ ਮਾਰਦਾ ਇਕੱਠ ਵੇਖ ਕੈਪਟਨ ਦੇ ਅਕਲ ਦੇ ਪਰਦੇ ਖੁੱਲ ਜਾਣੇ ਚਾਹੀਦੇ – ਮਜੀਠੀਆ
ਲੋਪੋਕੇ 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਭਰ ਵਿੱਚ ਮੋਦੀ ਅਤੇ ਐਨ ਡੀ ਏ ਪੱਕੀ ਲਹਿਰ ਚੱਲ ਰਹੀ ਹੈ । ਯਕੀਨਨ ਕੇਂਦਰ ਵਿੱਚ ਮੋਦੀ ਸਰਕਾਰ ਬਣੇਗੀ ਅਤੇ ਪੰਜਾਬ ਖ਼ਾਸਕਰ ਸਰਹੱਦੀ ਲੋਕਾਂ ਦੀ ਖੁਸ਼ਹਾਲੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਹਲਕਾ ਰਾਜਾਸਾਂਸੀ ਦੇ ਕਸਬਾ ਲੋਪੋਕੇ ਵਿਖੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ: ਵੀਰ ਸਿੰਘ ਲੋਪੋਕੇ ਦੀ ਅਗਵਾਈ ਵਿੱਚ ਕਰਵਾਈ ਗਈ ਵਿਸ਼ਾਲ ਚੋਣ ਰੈਲੀ ਦੌਰਾਨ ਅੱਜ ਕਾਂਗਰਸ ਨੂੰ ਉਸ ਸਮੇਂ ਗਹਿਰਾ ਝਟਕਾ ਲੱਗਾ ਜਦੋਂ ਹਲਕੇ ਨਾਲ ਸਬੰਧਿਤ ਕਾਂਗਰਸੀ ਆਗੂ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਪਰਮਿੰਦਰ ਸਿੰਘ ਸੰਧੂ ਨੇ ਕਾਂਗਰਸ ਨੂੰ ਸਦਾ ਲਈ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਜ: ਮੋਹਨ ਸਿੰਘ ਮਟੀਆ ਵੀ ਅਕਾਲੀ ਦਲ ਵਿੱਚ ਮੁੜ ਸ਼ਾਮਿਲ ਹੋ ਕੇ ਜੇਤਲੀ ਦੀ ਚੋਣ ਮੁਹਿੰਮ ਨੂੰ ਤਕੜਾ ਹੁਲਾਰਾ ਦਿੱਤਾ। ਉਕਤ ਆਗੂਆਂ ਦਾ ਪਰਕਾਸ਼ ਸਿੰਘ ਬਾਦਲ ਨੇ ਸਿਰੋਪਿਆਂ ਨਾਲ ਸਵਾਗਤ ਕੀਤਾ।
ਇਸ ਮੌਕੇ ਗੋਆ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਪਾਰੀਕਰ ਨੇ ਵੀ ਜੇਤਲੀ ਦੀ ਹੌਸਲਾ ਅਫਜਾਈ ਲਈ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸ: ਬਾਦਲ ਕਿਹਾ ਕਿ ਦੇਸ਼ ਵੰਡ ਮੌਕੇ ਸਭ ਤੋਂ ਵੱਡੀ ਕੁਰਬਾਨੀ ਅਤੇ ਉਜਾੜਾ ਪੰਜਾਬੀਆਂ ਨੂੰ ਸਹਿਣਾ ਪਿਆ। ਦੇਸ਼ ਪ੍ਰਤੀ ਕੁਰਬਾਨੀਆਂ ਦੇ ਮੁਕਾਬਲੇ ਪੰਜਾਬ ਨੂੰ ਹਮੇਸ਼ਾਂ ਹੀ ਕੇਂਦਰ ਨੇ ਵਿਸਾਰੀ ਰੱਖਿਆ। ਉਨਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਨਵੰਬਰ 84 ਦੇ ਕਤਲੇਆਮ ਦੌਰਾਨ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਬੁਰੀ ਤਰਾਂ ਮਾਰਿਆ ਗਿਆ। ਇੱਕ – ਇੱਕ ਘਰ ਦੀ ਨਿਸ਼ਾਨਦੇਹੀ ਕਰਕੇ ਜਾਨਲੇਵਾ ਹਮਲੇ ਕੀਤੇ ਗਏ। 29 ਸਾਲ ਬੀਤ ਜਾਣ ਤੇ ਵੀ ਪੀੜਤਾਂ ਨੂੰ ਅਜੇ ਵੀ ਕੋਈ ਨਿਆਂ ਨਹੀਂ ਮਿਲਿਆ।
ਉਨਾਂ ਕਿਹਾ ਕਿ ਸੰਸਾਰ ਦੇ ਪ੍ਰਸਿੱਧ ਅਤੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤੋਪਾਂ-ਟੈਂਕਾਂ ਰਾਹੀਂ ਫੌਜੀ ਹਮਲਾ ਕੀਤਾ ਗਿਆ। ਕੇਂਦਰ ਦੀਆਂ ਕਾਂਗਰਸ ਸਰਕਾਰਾਂ ਨੇ ਵਿਤਕਰਾ ਕਰਦਿਆਂ ਪਾਣੀ , ਬਿਜਲੀ ਅਤੇ ਰਾਜਧਾਨੀ ਵੀ ਖੋਹ ਲਈ। ਕੇਂਦਰ ਦੀਆਂ ਨੀਤੀਆਂ ਨੇ ਪੰਜਾਬ ਚੋਂ ਇੰਡਸਟਰੀ ਭਜਾ ਦਿੱਤੀ। ਗੁਆਂਢੀ ਸੂਬਿਆਂ ਨੂੰ ਸਨਅਤੀ ਪੈਕੇਜ ਜਾਰੀ ਰੱਖ ਕੇ ਪੰਜਾਬ ਨਾਲ ਵਿਤਕਰਾ ਕੀਤਾ, ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਉਨਾਂ ਕਿਹਾ ਕਿ ਗ਼ੈਰ ਕਾਂਗਰਸੀ ਸਰਕਾਰਾਂ ਨੇ ਹੀ ਪੰਜਾਬ ਨਾਲ ਕੁੱਝ ਇਨਸਾਫ਼ ਕੀਤਾ। ਉਨਾਂ ਕਿਹਾ ਕਿ ਖੇਤੀ ਜਿਨਸਾਂ ਦੇ ਭਾਅ ਤੈਅ ਕਰਨ ਦੇ ਹੱਕ ਕੇਂਦਰ ਦੇ ਹੱਥਾਂ ਵਿੱਚ ਹੈ। ਮਿਹਨਤੀ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹਨ। ਉਨਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਸਿਰ ੨੯ ਹਜ਼ਾਰ ਕਰੋੜ ਦਾ ਕਰਜ਼ਾ ਹੈ। ਉਨਾਂ ਕਿਹਾ ਕਿ ਦੇਸ਼ ਵਿੱਚ ਮਾਲੀ ਸਾਧਨਾਂ ਦੀ ਕੋਈ ਕਮੀ ਨਹੀਂ ਪਰ ਕਾਂਗਰਸ ਸਰਕਾਰਾਂ ਅਤੇ ਉਨਾਂ ਦੇ ਵਜ਼ੀਰਾਂ ਨੇ ਲੱਖਾਂ ਦੇ ਘਪਲੇ, ਘੋਟਾਲੇ ਅਤੇ ਵਿਦੇਸ਼ੀ ਬੈਂਕਾਂ ਵਿੱਚ ਕਾਲਾ ਧੰਨ ਜਮਾ ਕਰਵਾ ਕੇ ਦੇਸ਼ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ। ਉਨਾਂ ਇਸ ਮੌਕੇ ਉਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਮੰਤਰੀ ਉਮੀਦਵਾਰ ਦਾ ਐਲਾਨ ਨਾ ਕਰਕੇ ਪਹਿਲਾਂ ਹੀ ਹਾਰ ਮੰਨ ਚੁੱਕੀ ਹੈ। ਉਨਾਂ ਕਿਹਾ ਕਿ ਕਾਂਗਰਸ ਹਾਰੀ ਹੋਈ ਲੜਾਈ ਲੜ ਰਹੀ ਹੈ ਅਤੇ ਜਬਰੀ ਉਮੀਦਵਾਰ ਖੜੇ ਕੀਤੇ ਗਏ ਹਨ। ਇਸ ਦੌਰਾਨ ਉਨਾਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਚਾਬਕ ਚਲਾਇਆ ਅਤੇ ਕੈਪਟਨ ਨੂੰ ਅੰਮ੍ਰਿਤਸਰ ਤੋਂ ਖੜਿਆਂ ਕੀਤਾ, ਜੱਦੋ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਉਹ ਅੰਮ੍ਰਿਤਸਰ ਤੋ ਚੋਣ ਨਹੀਂ ਲੜਨਾ ਚਾਹੁੰਦਾ ਅਤੇ ਅੰਮ੍ਰਿਤਸਰ ਦੇ ਲੋਕਾਂ ਨਾਲ ਧੋਖਾ ਨਹੀਂ ਕਰਨਾ ਚਾਹੁੰਦਾ। ਉਨਾਂ ਕੈਪਟਨ ‘ਤੇ ਝੂਠ ਬੋਲਣ ਦੀ ਆਦਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਦਾ ਮੰਨਣਾ ਹੈ ਕਿ 10 ਵਾਰੀ ਝੂਠ ਬੋਲੋ ਤਾਂ ਕਿ ਲੋਕ ਸੱਚ ਮੰਨ ਲੈਣ। ਉਨਾਂ ਸਵਾਲ ਉਠਾਇਆ ਕਿ ਊਲ-ਜਲੂਲ ਬੋਲਣ ਦੀ ਥਾਂ ਕੈਪਟਨ ਬੇਰੁਜ਼ਗਾਰੀ ਮਹਿੰਗਾਈ ਦੀ ਗੱਲ ਕਿਉਂ ਨਹੀਂ ਕਰ ਰਿਹਾ । ਸ: ਬਾਦਲ ਨੇ ਸ੍ਰੀ ਜੇਤਲੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਜੇਤਲੀ ਪਾਰਟੀ ਅਤੇ ਦੇਸ਼ ‘ਚ ਵੱਡਾ ਸਿਆਸੀ ਰੁਤਬਾ ਰੱਖਦਾ ਹੈ ਅਤੇ ਆਉਣ ਵਾਲੀ ਮੋਦੀ ਸਰਕਾਰ ਵਿੱਚ ਸਭ ਤੋਂ ਵੱਧ ਬੋਲਬਾਲਾ ਹੋਵੇਗਾ ਅਤੇ ਪੰਜਾਬ ਵਿੱਚ ਵੱਡੀ ਤਬਦੀਲੀ ਲਿਆ ਕੇ ਪੰਜਾਬ ਦਾ ਫਸਿਆ ਗੱਡਾ ਕੱਢੇਗਾ।
ਇਸ ਮੌਕੇ ਠਾਠਾਂ ਮਾਰਦੇ ਇਕੱਠ ਵੇਖ ਖੁਸ਼ੀ ਵਿੱਚ ਝੂਮ ਰਹੇ ਸ੍ਰੀ ਜੇਤਲੀ ਨੇ ਕਿਹਾ ਕਿ ਦੇਸ਼ ਵਿੱਚ ਹਕੂਮਤ ਜਲਦੀ ਬਦਲਣ ਵਾਲੀ ਹੈ ਅਤੇ ਐਨ ਡੀ ਏ 272 ਦਾ ਅੰਕੜਾ ਪਾਰ ਕਰੇਗਾ। ਉਨਾਂ ਕਿਹਾ ਕਿ ਕਾਂਗਰਸ ਦੇ ਮੰਤਰੀ ਅੱਜ ਚੋਣ ਲੜਨ ਤੋਂ ਭੱਜ ਗਏ ਹਨ। ਕਾਂਗਰਸ ਨੇ ਹੰਕਾਰ ਕਾਰਨ 10 ਸਾਲ ਤੱਕ ਲੋਕਾਂ ਦੀ ਪਰਵਾਹ ਨਹੀਂ ਕੀਤੀ ਅਤੇ ਜਨਤਾ ਦੇ ਸਨਮੁੱਖ ਜਾਣ ਤੋਂ ਡਰਦਿਆਂ ਅੱਜ ਕੋਈ ਟਿਕਟਾਂ ਵਾਪਸ ਕਰਨ ਲਈ ਮਜਬੂਰ ਹਨ ਅਤੇ ਕੋਈ ਹਸਪਤਾਲ ਦਾਖਿਲ ਹੋ ਰਿਹਾ ਹੈ। ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਉਮੀਦਵਾਰ ਦੱਸਿਆ ਜੋ ਮਜਬੂਰੀ ਵੱਸ ਚੋਣ ਲੜ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਹੋਣ ਕਾਰਨ ਲੋਕ 10 ਸਾਲਾਂ ਤੋ ਤਰਾਹ-ਤਰਾਹ ਕਰ ਰਹੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਰੋੜਾਂ ਦੇ ਘੋਟਾਲੇ ਕਰ ਲਏ ਹਨ । ਉਨਾਂ ਕਿਹਾ ਕਿ ਮਾਲਦੀਵ ਵਰਗੇ ਛੋਟੇ ਮੁਲਕ ਵੀ ਭਾਰਤ ਨੂੰ ਅੱਖਾਂ ਦਿਖਾ ਰਿਹਾ ਹੋਣਾ ਕਾਂਗਰਸ ਦੀ ਕਮਜ਼ੋਰ ਲੀਡਰਸ਼ਿਪ ਦਾ ਨਤੀਜਾ ਹੈ। ਉਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਕੇਂਦਰ ਦਾ ਪੰਜਾਬ ਪ੍ਰਤੀ ਰਿਸ਼ਤਾ ਸੁਤੇਲਾ ਹੈ ਪਰ ਉਨਾਂ ਯਕੀਨ ਦਿਵਾਇਆ ਕਿ ਕੇਂਦਰ ਵਿੱਚ ਐਨ ਡੀ ਏ ਸਰਕਾਰ ਆਉਣ ‘ਤੇ ਸਰਹੱਦੀ ਕਿਸਾਨਾਂ ਦਾ ਹੱਕ ਉਨਾਂ ਨੂੰ ਮਿਲੇਗਾ। ਉਨਾਂ ਕਿਹਾ ਕਿ ਅੰਮ੍ਰਿਤਸਰ ਦੀ ਇੰਡਸਟਰੀ, ਵਪਾਰ ਅਤੇ ਸੈਰ-ਸਪਾਟਾ ਮੁੜ ਦੁਨੀਆ ਦੇ ਨਕਸ਼ੇ ‘ਤੇ ਉੱਭਰੇਗਾ। ਉਨਾਂ ਕਮਲ ‘ਤੇ ਮੋਹਰ ਲਾ ਕੇ ਭਾਰੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ ।
ਇਸ ਮੌਕੇ ਬੋਲਦੇ ਹੋਏ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਠਾਠਾਂ ਮਾਰਦੇ ਭਾਰੀ ਇਕੱਠ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਉਨਾਂ ਦੇ ਵਿਰੋਧ ਵਿੱਚ ਭਾਰੀ ਇਕੱਠ ਵੇਖ ਕੇ ਉਸਦੇ ਅਕਲ ਦੇ ਪਰਦੇ ਜਿੱਥੇ ਖੁੱਲ ਜਾਣਗੇ ਉੱਥੇ ਉਹ ਬਾਰਡਰ ਵੀ ਟੱਪ ਜਾਵੇਗਾ। ਕਿਹਾ ਕਿ ਸਰਹੱਦੀ ਲੋਕ ੧੯੪੭ ਤੋਂ ਹੀ ਨਹੀਂ ਸਗੋਂ ਅੱਜ ਤੱਕ ਵੀ ਸਦਾ ਜੰਗ ਲੜਦੇ ਆਏ ਹਨ। ਉਨਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਕਿਤੇ ਵੀ ਮੁਸੀਬਤਾਂ ਮਾਰੇ ਸਰਹੱਦੀ ਲੋਕਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਸੰਜੀਦਗੀ ਨਹੀਂ ਦਿਖਾਈ । ਉਨਾਂ ਬਾਦਲ ਸਰਕਾਰ ਵੱਲੋਂ ਸਰਹੱਦੀ ਖੇਤਰ ਲਈ ਕੀਤੇ ਗਏ ਕਾਰਜਾਂ ਦਾ ਵਿਸਥਾਰਪੂਰਵਕ ਗੁਣਗਾਨ ਕੀਤਾ। ਉਨਾਂ ਕਿਹਾ ਕਿ ਕੈਪਟਨ ਇੱਕ ਵੱਡਾ ਗੱਪੀ ਹੈ ਤਾਂ ਦੂਜੇ ਪਾਸੇ ਸ੍ਰੀ ਜੇਤਲੀ ਇੱਕ ਕਾਬਲ ਇਨਸਾਨ ਹਨ। ਉਨਾਂ ਕੈਪਟਨ ‘ਤੇ ਉਨਾਂ ਵਿਰੋਧ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਲਾਉਣ ਦਾ ਵੀ ਨਿਹੋਰਾ ਮਾਰਿਆ। ਉਨਾਂ ਕਿਹਾ ਕਿ ਕੈਪਟਨ ਪਟਿਆਲੇ ਦੇ ਲੋਕਾਂ ਨੂੰ ਵੀ ਨਹੀਂ ਮਿਲਦਾ ਰਿਹਾ ਜਿਸ ਕਰਕੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲੋਕਾਂ ਨੂੰ ਲਿਖਾਉਣੀ ਪੈਂਦੀ ਰਹੀ। ਉਨਾਂ ਕਿਹਾ ਕਿ ਕੈਪਟਨ ਅੰਮ੍ਰਿਤਸਰ ਆਉਂਦਾ ਰਿਹਾ ਜਿੱਥੇ ਉਹ ਕਲੱਬ ਵਿੱਚ ਤਾਸ਼ ਖੇਡਦਾ ਰਿਹਾ ਜਾਂ ਫਿਰ ਮੱਛੀ ਖਾ ਛੱਡੀ ਜਾਂ ਫਿਰ ਵਾਹਗੇ ਤੋਂ ਪਾਰ ਦੇ ਲੋਕਾਂ ਨਾਲ ਰਿਸ਼ਤੇ ਸੰਵਾਰਨ ‘ਚ ਲੱਗੇ ਰਹੇ ਭਾਵੇਂ ਕਿ ਬਾਰਡਰ ‘ਤੇ ਦੁਸ਼ਮਣ ਦੇ ਬੰਬ ਹੀ ਕਿਉਂ ਨਾ ਡਿਗ ਰਹੇ ਹੋਣ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਨੂੰ ਵਾਰ-ਵਾਰ ਘਰੇ ਬਿਠਾਇਆ ਹੈ, ਕੈਪਟਨ ਦੀਆਂ ਬਾਹਵਾਂ ਨੂੰ ਅਸੀਂ ਅਜ਼ਮਾ ਚੁੱਕੇ ਹਾਂ। ਉਨਾਂ ਸ੍ਰੀ ਜੇਤਲੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਨੀਆਂ ਵੋਟਾਂ ਪਾ ਦਿਓ ਕਿ ਕੈਪਟਨ ਦੀਆਂ ਲੱਤਾਂ ਕੰਬਣ ਲਗ ਜਾਣ।
ਇਸ ਮੌਕੇ ਸਾਬਕਾ ਮੰਤਰੀ ਪਰਮਿੰਦਰ ਸੰਧੂ, ਜ: ਮੋਹਨ ਸਿੰਘ ਮਟੀਆ, ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸਾਂਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਚੇਅਰਮੈਨ ਸ: ਵੀਰ ਸਿੰਘ ਲੋਪੋਕੇ, ਕਮਲ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ, ਰਜਿੰਦਰ ਮੋਹਨ ਸਿੰਘ ਛੀਨਾ, ਉਪਕਾਰ ਸਿੰਘ ਸੰਧੂ ਜ਼ਿਲਾ ਪ੍ਰਧਾਨ, ਰਾਣਾ ਲੋਪੋਕੇ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ, ਹਰਭਜਨ ਸਿੰਘ ਸਪਾਰੀਵਿੰਡ, ਦਇਆ ਸਿੰਘ ਕੱਕੜ, ਮੁਨੱਵਰ ਮਸੀਹ, ਗੁਰਪ੍ਰੀਤ ਰੰਧਾਵਾ, ਜੋਧ ਸਿੰਘ ਸਮਰਾ, ਬਿਕਰਮ ਸਿੰਘ ਪਹੁ ਵਿੰਡ, ਸੁਰਜੀਤ ਸਿੰਘ ਭਿੱਟੇਵਡ, ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਵੇਰਕਾ, ਸਰਪੰਚ ਸੁੱਚਾ ਸਿੰਘ ਲੋਪੋਕੇ, ਰਾਜਵਿੰਦਰ ਸਿੰਘ ਰਾਜਾ, ਸਵਿੰਦਰ ਸਿੰਘ ਝੰਜੋਟੀ, ਹਰਿੰਦਰ ਸਿੰਘ ਵਿੱਕੀ ਰਾਜਾਸਾਂਸੀ, ਸਰਬਜੀਤ ਸਿੰਘ ਲੋਧੀ ਗੁੱਜਰ, ਤੇਜਇਕਬਾਲ ਸਿੰਘ ਮੁਹਾਰ, ਗੁਰਮੀਤ ਸਿੰਘ ਭਿੰਡੀ ਔਲਖ, ਬਲਬੀਰ ਸਿੰਘ ਜਗਦੇਵ ਕਲਾਂ, ਡਾ: ਜਗਦੀਸ਼ ਰਾਜ ਨੰਦਾ, ਰਵਿੰਦਰ ਸਿੰਘ ਰਾਜਾਸਾਂਸੀ, ਜਤਿੰਦਰ ਕਾਲਾ, ਗੁਰਦੀਪ ਅਦਲੀਵਾਲ, ਗੁਰਸ਼ਰਨ ਛੀਨਾ, ਕੁਲਵਿੰਦਰ ਸਿੰਘ ਰਾਜਾਸਾਂਸੀ, ਰਤਨ ਸਿੰਘ ਠੱਠੀ , ਕਾਬਲ ਸਿੰਘ ਕੌਹਾਲੀ, ਪਰਮਜੀਤ ਸਿੰਘ ਡਲੇਕੇ ਆਦਿ ਆਗੂ ਵੀ ਮੌਜੂਦ ਸਨ।