ਰੋਸ਼ਨ ਸੂਦ ਸਾਬਕਾ ਡਾਇਰੈਕਟਰ ਐਸ. ਸੀ. ਈ. ਆਰ. ਟੀ ਪੰਜਾਬ ਹੋਣਗੇ ਮੁੱਖ ਮਹਿਮਾਨ
ਇਲਾਕੇ ਚਾਰ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ

ਸਮਰਾਲਾ, 19 ਅਪ੍ਰੈਲ (ਸੱਚਦੇਵਾ) – ਸਵ: ਮਹਿਮਾ ਸਿੰਘ ਕੰਗ ਦੁਆਰਾ 1998 ਵਿੱਚ ਸਥਾਪਤ ਕੀਤੇ ਅਧਿਆਪਕ ਚੇਤਨਾ ਮੰਚ ਦਾ 17ਵਾਂ ਵਜੀਫਾ ਵੰਡ ਤੇ ਸਨਮਾਨ ਸਮਾਰੋਹ 26 ਅਪ੍ਰੈਲ ਦਿਨ ਐਤਵਾਰ ਨੂੰ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ, ਖੰਨਾ ਰੋਡ ਸਮਰਾਲਾ ਵਿਖੇ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਵਾਰ ਦੇ ਵਜੀਫਾ ਵੰਡ ਅਤੇ ਸਨਮਾਨ ਸਮਾਰੋਹ ਵਿੱਚ ਸ੍ਰੀ ਰੋਸ਼ਨ ਲਾਲ ਸੂਦ, ਸਟੇਟ ਤੇ ਨੈਸ਼ਨਲ ਐਵਾਰਡੀ ਅਤੇ ਸਾਬਕਾ ਡਾਇਰੈਕਟਰ ਐਸ. ਸੀ. ਈ. ਆਰ. ਟੀ ਪੰਜਾਬ ਸਰਕਾਰ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਹਨ।ਇਸ ਸਮਾਗਮ ਦੌਰਾਨ ਦਸਵੀਂ ਜਮਾਤ ਦੀ ਵਜੀਫਾ ਪ੍ਰੀਖਿਆ ਵਿੱਚੋਂ ਪਹਿਲੇ ਪੰਜ-ਪੰਜ ਸਥਾਨਾਂ ਤੇ ਆਏ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਪ੍ਰਾਇਮਰੀ ਵਿੰਗ ਦੇ ਸੁੰਦਰ ਲਿਖਾਈ ਅਤੇ ਕਵਿਤਾ ਉਚਾਰਨ ਮੁਕਾਬਲੇ ਦੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ, ਮਿਡਲ ਅਤੇ ਹਾਈ ਸਕੂਲ ਵਿੰਗ ਦੇ ਕੁਇਜ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤੇ ਜਾਣਗੇ। ਸਮਰਾਲਾ ਇਲਾਕੇ ਦੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਅਧਿਆਪਕ ਚੇਤਨਾ ਮੰਚ ਵੱਲੋਂ ਹਰੇਕ ਸਾਲ ਦੋ ਉੱਦਮੀ ਅਤੇ ਸੁਹਿਰਦ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਚਰਨਜੀਤ ਸਿੰਘ ਮਾਛੀਵਾੜਾ ਐਸ. ਐਸ. ਮਾਸਟਰ ਸਰਕਾਰੀ ਹਾਈ ਸਕੂਲ ਮਾਣੇਵਾਲ ਅਤੇ ਸ੍ਰੀਮਤੀ ਕੰਚਨ ਬਾਲਾ ਹਿੰਦੀ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਨਾਗਰਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਮੰਚ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਰਾਲਾ ਇਲਾਕੇ ਵਿੱਚੋਂ ਜੇਕਰ ਕੋਈ ਅਧਿਆਪਕ ਸਟੇਟ ਜਾਂ ਨੈਸ਼ਨਲ ਐਵਾਰਡ ਪ੍ਰਾਪਤ ਕਰੇਗਾ ਤਾਂ ਉਸਨੂੰ ਵੀ ਮੰਚ ਵੱਲੋਂ ਸਨਮਾਨਿਤ ਕੀਤਾ ਜਾਇਆ ਕਰੇਗਾ।ਇਸੇ ਲੜ੍ਹੀ ਤਹਿਤ ਸਮਰਾਲਾ ਇਲਾਕੇ ਦੀਆਂ ਦੋ ਮਾਣਮੱਤੀਆਂ ਸਖਸ਼ੀਅਤਾਂ ਜਿਨ੍ਹਾਂ ਵਿੱਚ ਮੇਘ ਦਾਸ ਜਵੰਦਾ ਸਰਕਾਰੀ ਮਿਡਲ ਸਕੂਲ ਭਰਥਲਾ ਅਤੇ ਤਰਲੋਚਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਨਾਗਰਾ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਅਧਿਆਪਕ ਚੇਤਨਾ ਮੰਚ ਦੁਆਰਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਵਧੀਆ ਕਾਰਗੁਜਾਰੀ ਦਿਖਾਉਣ ਸਦਕਾ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ ਸਾਹਿਬ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਪ੍ਰਧਾਨ ਸ੍ਰੀ ਵਿਜੈ ਕੁਮਾਰ ਸ਼ਰਮਾ ਨੇ ਅੱਗੇ ਕਿਹਾ ਕਿ ਇਹ ਮੰਚ ਨਿਰਸੁਆਰਥ ਹੋ ਕੇ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਕੇ, ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।ਇਸ ਲਈ ਉਨ੍ਹਾਂ ਸਮੂਹ ਸਕੂਲ ਮੁਖੀਆਂ ਅਤੇ ਵਿੱਦਿਆ ਪ੍ਰਤੀ ਸੁਹਿਰਦ ਅਧਿਆਪਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਮੰਚ ਨੂੰ ਸਹਿਯੋਗ ਦੇਣ ਤਾਂ ਜੋ ਇਸ ਨੂੰ ਪੰਜਾਬ ਪੱਧਰ ਤੇ ਲੈ ਕੇ ਜਾਇਆ ਜਾ ਸਕੇ।ਇਸ ਮੌਕੇ ਮੰਚ ਦੇ ਮੈਂਬਰ ਪੁਖਰਾਜ ਸਿੰਘ, ਬਲਕਾਰ ਸਿੰਘ, ਦਰਸ਼ਨ ਸਿੰਘ ਕੰਗ, ਵੀਰਇੰਦਰ ਸਿੰਘ, ਮਾਸਟਰ ਮੇਘਦਾਸ, ਜੈਦੀਪ ਮੈਨਰੋ, ਪ੍ਰੇਮ ਨਾਥ, ਇੰਦਰਜੀਤ ਸਿੰਘ ਕੰਗ ਵੀ ਹਾਜਰ ਸਨ।
Punjab Post Daily Online Newspaper & Print Media