ਵੱਖ-ਵੱਖ ਸਿੰਘ ਜਥੇਬੰਦੀਆਂ ਤੇ ਸੰਗਤਾਂ ਨੇ ਫਿਲਮ ‘ਤੇ ਪਾਬੰਦੀ ਦੀ ਕੀਤੀ ਸੀ ਮੰਗ

ਨਵੀਂ ਦਿੱਲੀ, 21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) ਸ੍ਰੀ ਗੁਰੁ ਨਾਨਕ ਦੇੇਵ ਜੀ ਦੇ ਜੀਵਨ ‘ਤੇ ਅਧਾਰਿਤ ਘਟਨਾਵਾਂ ਉਪਰ ਬਣੀ ਫਿਲਮ ਨਾਨਕ ਸ਼ਾਹ ਫਕੀਰ ਦੇ ਪੂਰੀ ਤਰਾਂ ਵਿਵਾਦਾਂ ਵਿੱਚ ਘਿਰ ਜਾਣ ਕਾਰਣ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਅੱਜ ਇਹ ਫਿਲਮ ਵਿਸ਼ਵ ਭਰ ਚੋਂ ਵਾਪਸ ਲੈ ਲਈ ਹੈ ਅਤੇ ਨਾਲ ਹੀ ਐਲਾਨ ਕੀਤਾ ਕਿ ਉਹ 17 ਅਪ੍ਰੈਲ ਨੂੰ ਰਲੀਜ਼ ਹੋਈ ਆਪਣੀ ਇਸ ਫਿਲਮ ਵਿੱਚ ਲੋੜੀਨਦੀਆਂ ਸੋਧਾਂ ਕਰਕਣ ਬਾਅਦ ਹੀ ਰਲੀਜ਼ ਕਰਨਗੇ। ਸ੍ਰ. ਸਿੱਕਾ ਨੇ ਅੱਜ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਵਿਸ਼ਵ ਭਰ ਦੇ ਸਿਨੇਮਾ ਹਾਲਾਂ ਤੋਂ ਵਾਪਿਸ ਉਤਰਵਾ ਦਿੱਤਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਨਤਮਸਤਕ ਹੁੰਦੇ ਹੋਏ ਉਕਤ ਫੈਸਲਾ ਲੈਣ ਦਾ ਦਾਅਵਾ ਕੀਤਾ ਹੈ।ਭਵਿਖ ਵਿਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ਤੇ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਸਿੱਕਾ ਨੇ ਜਥੇਦਾਰ ਸਾਹਿਬ ਵੱਲੋਂ ਫਿਲਮ ਵਿੱਚ ਸੁਝਾਏ ਗਏ ਬਦਲਾਵਾਂ ਨੂੰ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ ਹੈ।
ਗਿਆਨੀ ਗੁਰਬਚਨ ਸਿੰਘ ਨੇ ਸਿੱਕਾ ਵੱਲੋਂ ਉਨ੍ਹਾਂ ਦੀ ਸਲਾਹ ਮੰਨਣ ਨੂੰ ਚੰਗਾ ਕਦਮ ਦੱਸਦੇ ਹੋਏ ਫਿਲਮ ਨਿਰਮਾਤਾ ਵੱਲੋਂ ਆਪਣੇ ਤੌਰ ‘ਤੇ ਸ਼ਰਧਾ ਤੇ ਜਜ਼ਬਾਤ ਨਾਲ ਬਣਾਈ ਗਈ ਉਕਤ ਫਿਲਮ ਵਿੱਚ ਸੋਧਾ ਨੂੰ ਵੀ ਜ਼ਰੂਰੀ ਦੱਸਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਦੇ ਪਾਸ ਕੀਤੇ ਗਏ ਮਤੇ ਦਾ ਹਵਾਲਾ ਦਿੰਦੇ ਹੋਏ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਵਿਦਵਾਨਾਂ ਵੱਲੋਂ ਫਿਲਮ ਵਿੱਚ ਮੌਜੂਦ ਵਿਵਾਦਤ ਤੱਥਾਂ ਬਾਰੇ ਪੜਤਾਲ ਕਰਨ ਤੋਂ ਬਾਅਦ ਸਿੱਕਾ ਨੂੰ ਫਿਲਮ ਵਿੱਚ ਸੋਧ ਕਰਨ ਦੀ ਵੀ ਆਦੇਸ਼ ਦਿੱਤੇ ਸਨ।
ਜਿਕਰਯੋਗ ਹੈ ਕਿ ਇਸ ਫਿਲਮ ਦਾ ਸਿੱਖ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਵਲੋਂ ਦੇਸ਼ ਤੇ ਵਿਦੇਸ਼ ਵਿੱਚ ਵਿਰੋਧ ਕੀਤਾ ਗਿਆ ਸੀ, ਲੇਕਿਨ ਨਿਰਮਾਤਾ ਸ੍ਰ. ਸਿੱਕਾ ਫਿਲਮ ਦੀ 17 ਅਪ੍ਰੈਲ ਨੂੰ ਰਲੀਜ਼ ‘ਤੇ ਅੜੇ ਰਹੇ ।ਸੰਗਤਾਂ ਦੇ ਵਿਰੋਧ ਅਤੇ ਅਮਨ ਕਨੂੰਨ ਦਾ ਹਵਾਲਾ ਦੇ ਕੇ ਪਹਿਲਾਂ ਪੰਜਾਬ ਸਰਕਾਰ ਅਤੇ ਫਿਰ ਚੰਡੀਗੜ੍ਹ ਪ੍ਰਸਾਸ਼ਨ ਨੇ ਫਿਲਮ ਦੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ‘ਤੇ ਰੋਕ ਲਗਾ ਦਿੱਤੀ ਸੀ ਅਤੇ ਇਹ ਫਿਲਮ ਹੋਰਨੀ ਥਾਈਂ ਰਲੀਜ਼ ਤਾਂ ਕਰ ਦਿੱਤੀ ਗਈ, ਪ੍ਰੰਤੂ ਅੱਜ ਅਚਾਨਕ ਇਸ ਨੂੰ ਵਾਪਸ ਲੈਣ ਦਾ ਨਿਰਮਾਤਾ ਵਲੋਂ ਐਲਾਨ ਕਰ ਦਿੱਤਾ ਗਿਆ।
ਇਸੇ ਦੌਰਾਨ ਦਲ ਖਾਲਸਾ ਦੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਫਿਲਮ ਵਾਪਸ ਲੈ ਕੇ ਆਪਣਾ ਮੂੰਹ ਅਤੇ ਚਮੜੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।ਉਨਾਂ ਕਿਹਾ ਕਿ ਦਲ ਖਾਲਸਾ ਨੇ ਪਹਿਲਾਂ ਹੀ ਇਸ ਵਿਵਾਦਿਤ ਫਿਲਮ ਦੀ ਰਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਅਤੇ ਇਸ ਸਬੰਧੀ ਜਥੇ: ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਸੀ, ਲੇਕਿਨ ਸਿਖ ਭਾਵਨਾਵਾਂ ਦੀ ਪ੍ਰਵਾਹ ਨਾ ਕਰ ਕੇ ਫਿਲ਼ਮ ਰਲੀਜ਼ ਕਰਨ ਦੇ ਫੈਸਲੇ ਦਾ ਨਿਰਮਾਤਾ ਸਿੱਕਾ ਨੂੰ ਪਛਤਾਵਾ ਹਮੇਸ਼ਾਂ ਭੁਗਤਣਾ ਪਵੇਗਾ।
ਸਿੱਖ ਹਲਕਿਆਂ ਦਾ ਕਹਿਣਾ ਹੈ ਕਿ ਜਿਥੇ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ‘ਤੇ ਪੰਜਾਬ ਤੇ ਚੰਡੀਗੜ ਵਿੱਚ ਪਾਬੰਦੀ ਲਗਾ ਦਿਤੀ ਗਈ ਸੀ ਅਤੇ ਦਿਲੱੀ ਵਿੱਚ ਵੀ ਇਸ ਦਾ ਵਿਰੋਧ ਹੋ ਰਿਹਾ ਸੀ। ਇਸ ਤੋਂ ਇਲਾਵਾ ਕੈਨੇਡਾ, ਯੂ.ਕੇ ਅਤੇ ਅਸਾਟਰੇਲੀਆ ਵਿੱਚ ਵੀ ਇਸ ਦੀ ਰਲੀਜ਼ ਦਾ ਵਿਰੋਧ ਹੋਇਆ ।ਇਸੇ ਲਈ ਨਿਰਮਾਤਾ ਸਿੱਕਾ ਮਜਬੂਰਨ ਫਿਲਮ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਹੈ।
Punjab Post Daily Online Newspaper & Print Media