
ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਵੱਲੋਂ ਸਰਕਲ ਸਟਾਇਲ ਕਬੱਡੀ ਦਾ ਇੰਟਰਾਮਿਊਰਲ ਟੂਰਨਾਮੈਂਟ ਕਰਵਾਇਆ ਗਿਆ। ਇਸ ਇੰਟਰਾਮਿਊਰਲ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ, ਡਾ. ਕੇਵਲ ਸਿੰਘ ਦੀ ਹਾਜ਼ਰੀ ਵਿਚ ਕੀਤੀ ਗਈ । ਸਰੀਰਕ ਸਿੱਖਿਆ ਕਾਲਜ ਦੇ ਡੀਨ ਡਾ. ਰਵਿੰਦਰ ਸੂਮਲ ਨੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ‘ਜੀ ਆਇਆਂ’ ਆਖਿਆ।ਇਸ ਇੰਟਰਾਮਿਊਰਲ ਵਿਚ ਫਿਜੀਕਲ ਕਾਲਜ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਹਿੱਸਾ ਲਿਆ। ਸਮੈਸਟਰ ਮੁਤਾਬਿਕ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਚੌਥੇ ਸਮੈਸਟਰ ਦੇ ਲੜਕਿਆਂ ਨੇ ਜਿੱਤ ਹਾਸਲ ਕਰਕੇ ਮੈਚ ਆਪਣੇ ਨਾਂਅ ਕੀਤਾ। ਇਸ ਮੈਚ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਲੜਕਿਆਂ ਵਿਚੋਂ ਦੂਜੇ ਸਮੈਸਟਰ ਦੇ ਸੁਖਜਿੰਦਰ ਸਿੰਘ ਅਤੇ ਲੜਕੀਆਂ ਵਿਚੋਂ ਦੂਜੇ ਸਮੈਸਟਰ ਦੀ ਹੀ ਗੁਰਪ੍ਰੀਤ ਕੌਰ ਨੂੰ ‘ਬੈਸਟ ਪਲੇਅਰ’ ਚੁਣਿਆ ਗਿਆ।ਇੰਟਰਾਮਿਊਰਲ ਦੀ ਸਮਾਪਤੀ ‘ਤੇ ਡਾ. ਕੇਵਲ ਸਿੰਘ ਨੇ ਇਸ ਮੈਚ ਦੇ ਸੰਚਾਲਕ ਪ੍ਰੋ. ਸੁਰਿੰਦਰ ਕੌਰ ਮਾਹੀ ਅਤੇ ਇਸ ਟੂਰਨਾਮੈਂਟ ਦੇ ਆਯੋਜਕ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਨੂੰ ਸਫਲਤਾ ਲਈ ਵਧਾਈ ਦਿੰਦਿਆ ਅਜਿਹੀਆਂ ਗਤੀਵਿਧੀਆਂ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਹਿੱਸਾ ਲੈਣ ਦੀ ਪ੍ਰੇਰਨਾ ਕੀਤੀ।ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਗਤੀਵਿਧੀ ਵਿਚ ਕੋਆਰਡੀਨੇਟਰ ਪ੍ਰੋ. ਕੁਲਵਿੰਦਰਪਾਲ ਸਿੰਘ ਮਾਹੀ ਦੇ ਨਾਲ ਪ੍ਰੋ. ਸਤਪਾਲ ਸਿੰਘ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਸੁਖਦੀਪ ਰਾਣੀ, ਪ੍ਰੋ. ਹਰਦੀਪ ਸਿੰਘ ਅਤੇ ਪ੍ਰੋ. ਕੇ. ਪੀ. ਐੱਸ. ਮਾਹੀ ਦਾ ਭਰਪੂਰ ਯੋਗਦਾਨ ਰਿਹਾ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਡੀਨ ਡਾ. ਰਵਿੰਦਰ ਸੂਮਲ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਸਮੂਹ ਸਟਾਫ ਦੀ ਇਸ ਗਤੀਵਿਧੀ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀ ਵਰਗ ਵਿਚ ਭਾਈਚਾਰਕ ਸਾਂਝ ਵੀ ਪੈਦਾ ਕਰਦੀਆਂ ਹਨ।
Punjab Post Daily Online Newspaper & Print Media