ਗੋਲੀਕਾਂਡ ਦਾ ਮਕਸਦ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦਹਿਸ਼ਤ ਫੈਲਾਉਣਾ ਸੀ – ਐੱਸ.ਐੱਸ.ਪੀ

ਬਟਾਲਾ, 22 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਦਿਨੀ ਵਿਸ਼ਵਾਮਿੱਤਰ ਸੇਖੜੀ ਕਾਲਜ ਦੇ ਬਾਹਰਵਾਰ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ‘ਚੋਂ ਇੱਕ ਦੋਸ਼ੀ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਦੋਸ਼ੀਆਂ ਨੂੰ ਫੜ੍ਹਨ ਦੀਆਂ ਪੁਲਿਸ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸਦੀ ਪੁਸ਼ਟੀ ਕਰਦਿਆਂ ਐੱਸ.ਐੱਸ.ਪੀ. ਬਟਾਲਾ ਇੰਦਰਬੀਰ ਸਿੰਘ ਨੇ ਦੱਸਿਆ ਕਿ 17 ਅਪ੍ਰੈਲ ਨੂੰ ਥਾਣਾ ਸਦਰ ਬਟਾਲਾ ਦੀ ਪੁਲਿਸ ਵੱਲੋਂ ਕਾਲਜ ਦੇ ਸੁਰੱਖਿਆ ਕਰਮੀ ਹਰਜੀਤ ਸਿੰਘ ਦੇ ਬਿਆਨਾਂ ‘ਤੇ ਮੁਕਦਮਾਂ ਨੰਬਰ 23 ਜੋ ਕਿ ਭਾਰਤੀ ਦੰਡਵਾਲੀ ਦੀ ਧਾਰਾ 307, 427, 506 ਅਤੇ ਆਰਮਜ਼ ਐਕਟ ਦੀ ਧਾਰਾ 25, 54, 59 ਤਹਿਤ ਦਰਜ਼ ਕੀਤਾ ਗਿਆ ਸੀ ਕਿ ਉਸ ਦਿਨ 10:30 ਵਜੇ 2 ਗੱਡੀਆਂ ਇੱਕ ਆਈ-20 ਕਾਰ ਵਿੱਚ 2 ਅਣਪਛਾਤੇ ਮੋਨੇ ਨੌਜਵਾਨ ਅਤੇ ਦੂਜੀ ਸਵਿਫਟ ਕਾਰ ਵਿੱਚ 3-4 ਅਣਪਛਾਤੇ ਵਿਅਕਤੀਆਂ ਨੇ ਆਪਣੇ ਹਥਿਆਰਾਂ ਨਾਲ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਮਗਰੋਂ ਇਹ ਹਮਲਾਵਰ ਆਪਣੀਆਂ ਗੱਡੀਆਂ ਵਿੱਚ ਅੰਮ੍ਰਿਤਸਰ ਵੱਲ ਨੂੰ ਚਲੀਆਂ ਗਈਆਂ ਸਨ।
ਐੱਸ.ਐੱਸ.ਪੀ. ਬਟਾਲਾ ਸ. ਇੰਦਰਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਸੀ.ਸੀ.ਟੀ.ਵੀ ਦੀਆਂ ਤਸਵੀਰਾਂ ਅਤੇ ਖੁਫੀਆ ਤਫਤੀਸ਼ ਦੌਰਾਨ ਇਸ ਘਟਨਾ ਦੇ ਅਸਲ ਦੋਸ਼ੀਆਂ ਨੂੰ ਪਛਾਨਣ ‘ਚ ਕਾਮਯਾਬ ਰਹੀ ਹੈ ਜਿਸ ਤਹਿਤ ਇਸ ਘਟਨਾ ਦੇ ਦੋਸ਼ੀਆਂ ‘ਚ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਨਾਗੋਕੇ, ਜਸਬੀਰ ਸਿੰਘ ਵਾਸੀ ਢੋਟੀਆਂ ਥਾਣਾ ਗੋਇੰਦਵਾਲ ਸਾਹਿਬ, ਭੁਪਿੰਦਰ ਸਿੰਘ ਭਿੰਦਾ ਵਾਸੀ ਪਿੰਡ ਚੰਡੇ ਥਾਣਾ ਮਜੀਠਾ, ਧਰਮਿੰਦਰ ਸਿੰਘ ਉਰਫ ਪਿੰਕੂ ਵਾਸੀ ਟਰਪਈ ਥਾਣਾ ਮਜੀਠਾ, ਸੁਖਪ੍ਰੀਤ ਸਿੰਘ ਹੈਰੀ ਵਾਸੀ ਪਿੰਡ ਚੱਠਾ ਥਾਣਾ ਘਣੀਏ ਕੇ ਬਾਂਗਰ, ਆਸ਼ੂ ਸ਼ਰਮਾਂ ਵਾਸੀ ਵਾਰਡ ਨੰਬਰ 9 ਮਜੀਠਾ ਨਾਮਜ਼ਦ ਹੋਏ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ‘ਚ ਇੱਕ ਦੋਸ਼ੀ ਆਸ਼ੂ ਸ਼ਰਮਾਂ ਨੂੰ ਅੱਡਾ ਘਸੀਟਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਦੀ ਨਿਸ਼ਾਨਦੇਹੀ ‘ਤੇ ਦੋਸ਼ੀ ਧਰਮਿੰਦਰ ਸਿੰਘ ਦੀ ਸਵਿੱਫਟ ਕਾਰ (ਨੰਬਰ ਪੀ.ਬੀ. 02 ਸੀ.ਐੱਫ. 2348 ਰੰਗ ਚਿੱਟਾ) ਨੂੰ ਇੱਕ ਬੇ-ਅਬਾਦ ਸੈਲਰ ਸ਼ੇਖੂਪੁਰ ਤੋਂ ਬਰਾਂਮਦ ਕੀਤਾ ਗਿਆ ਹੈ।
ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਉਪਰੋਕਤ ਨਾਮਜ਼ਦ ਵਿਅਕਤੀਆਂ ‘ਚੋਂ ਕੋਈ ਵੀ ਵੀ.ਐੱਮ.ਐੱਸ. ਕਾਲਜ ਦਾ ਵਿਦਿਆਰਥੀ ਨਹੀਂ ਹੈ ਅਤੇ ਇਹ ਵਿਅਕਤੀ ਕਾਲਜ ‘ਚ ਆਪਣਾ ਹਮਾਇਤੀ ਬੰਦਾ ਪ੍ਰਧਾਨ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਆਸ਼ੂ ਨੇ ਸੁਖਪ੍ਰੀਤ ਸਿੰਘ ਹੈਰੀ ਜੋ ਕਿ ਅੰਮ੍ਰਿਤਸਰ ਜੇਲ ‘ਚ ਨਜ਼ਰਬੰਦ ਹੈ ਅਤੇ ਇਲਾਜ ਲਈ ਗੁਰੁ ਨਾਨਕ ਹਸਪਤਾਲ ਵਿਖੇ ਦਾਖਲ ਸੀ ਨਾਲ ਸਲਾਹ ਕੀਤੀ ਸੀ ਕਿ ਉਸਨੇ ਵੀ.ਐੱਮ.ਐੱਸ. ਕਾਲਜ ਵਿੱਚ ਆਪਣਾ ਹਮਾਇਤੀ ਪ੍ਰਧਾਨ ਬਣਾਉਣਾ ਹੈ। ਐੱਸ.ਐੱਸ.ਪੀ. ਨੇ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਅੰਮ੍ਰਿਤਸਰ ਜੇਲ ‘ਚ ਨਜ਼ਰਬੰਦ ਸੁਖਪ੍ਰੀਤ ਸਿੰਘ ਹੈਰੀ ਦਾ ਰਿਮਾਂਡ ਲੈ ਕੇ ਉਸ ਕੋਲੋਂ ਵੀ ਪੁੱਛ-ਗਿੱਛ ਕੀਤੀ ਜਾਵੇਗੀ।
Punjab Post Daily Online Newspaper & Print Media