ਸੈਟਾਂ ‘ਤੇ ਮੈਂ ਸਿਨੇਮਾ ਦਾ ਪਾਠ ਪੜ੍ਹਿਆ – ਗੀਤਾ ਜੈਲਦਾਰ

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੰਜਾਬ ਸੂਬੇ ਦੀ ਹਮੇਸ਼ਾ ਹੀ ਇੱਕ ਬਿਹਤਰੀਨ ਖੇਡ ਪਿੱਠ ਭੂਮੀ ਰਹੀ ਹੈ।ਹਾਕੀ ਲੀਜੈਂਡਜ਼ ਤੋਂ ਲੈ ਕੇ ਫੁੱਟਬਾਲ ਹੀਰੋਜ਼ ਤੱਕ, ਸੂਬੇ ਨੇ ਦੇਸ਼ ਨੂੰ ਬਿਹਤਰੀਨ ਖਿਡਾਰੀ ਦਿੱਤੇ ਹਨ। ਫੁੱਟਬਾਲ ਦੀ ਖੇਡ ਨੂੰ ਕੇਂਦ੍ਰਤ ਕਰਦਿਆਂ ਹੁਣ ਆ ਰਹੀ ਹੈ ਟਿੱਪਸ ਫ਼ਿਲਮਜ਼ ਦੀ ਅਗਲੀ ਪੰਜਾਬੀ ਪੇਸ਼ਕਾਰੀ ‘ਯਾਰਾਨਾ’।ਇਹ ਪ੍ਰੋਡਕਸ਼ਨ ਹੈ ਸੁਖਬੀਰ ਸੰਧਰ ਫ਼ਿਲਮਜ਼ ਪ੍ਰਾਈਵੇਟ ਲਿਮਿਟੇਡ ਦੀ ਜਿਸ ਵਿਚ ਸਹਿਯੋਗ ਦਿੱਤਾ ਹੈ ਕਰੀਨਾ ਫ਼ਿਲਮਜ਼ ਨੇ।ਇਹ ਨਾਟਕੀ ਐਕਸ਼ਨ ਅਤੇ ਸਪੋਰਟਸ ਫ਼ਿਲਮ ਹੈ, ਜਿਸ ਵਿਚ ਨਜ਼ਰੀਂ ਆਉਣਗੇ ਯੁਵਰਾਜ ਹੰਸ, ਗੀਤਾ ਜੈਲਦਾਰ, ਗੈਵੀ ਚਹਿਲ, ਯੁਵਿਕਾ ਚੌਧਰੀ, ਰੂਪਾਲੀ ਸੂਦ, ਯਸ਼ਪਾਲ ਸ਼ਰਮਾ, ਡਾਲੀ ਮਿਨਹਾਸ ਅਤੇ ਪੁਨੀਤ ਇੱਸਰ। 24 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਸੁਖਬੀਰ ਸੰਧਰ ਅਤੇ ਰੰਜਨਾ ਕੈਂਟ ਨੇ ਅਤੇ ਕਹਾਣੀ, ਪਟਕਥਾ ਤੇ ਨਿਰਦੇਸ਼ਨਾ ਹੈ ਰਣਬੀਰ ਪੁਸ਼ਪ ਦੀ। ਅੱਜ ਪ੍ਰਮੋਸ਼ਨ ਲਈ ਫ਼ਿਲਮ ਦੀ ਟੀਮ ਸ਼ਹਿਰ ਵਿਚ ਹੋਟਲ ਕੰਟਰੀ ਇੱਨ, ਮਾਲ ਰੋਡ ਪੁੱਜੀ।
ਇਹ ਫ਼ਿਲਮ ਪੰਜਾਬ ਦੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟਸ ਵਿਚ ਸ਼ੂਟ ਕੀਤੀ ਗਈ ਹੈ ਅਤੇ ਖੇਡ ਦੇ ਹਰ ਚੰਗੇ-ਮਾੜੇ ਨੁਕਤਿਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਕਿਸੇ ਖੇਡ ਦੀ ਟੀਮ ਦੀ ਹੀ ਤਰ੍ਹਾਂ ਫ਼ਿਲਮ ਦਾ ਵੀ ਹਰੇਕ ਕਿਰਦਾਰ ਬਰਾਬਰ ਅਹਿਮੀਅਤ ਰੱਖਦਾ ਹੈ। ਪ੍ਰੋਡਿਊਸਰ ਸੁਖਬੀਰ ਸੰਧਰ ਨੇ ਕਿਹਾ, ‘ਸਾਡੇ ਦੇਸ਼ ਦੇ ਨੌਜਵਾਨ ਲਈ ਸਿਨੇਮਾ ਅਤੇ ਖੇਡ ਪ੍ਰੇਰਣਾ ਦਾ ਸਭ ਤੋਂ ਵੱਡਾ ਸਰੋਤ ਹਨ। ਅਸੀਂ ਇਨ੍ਹਾਂ ਦੋਵਾਂ ਦਾ ਸੁਮੇਲ ਚਾਹੁੰਦੇ ਸੀ, ਜਿਹੜਾ ਕਿ ਸਮਾਜ ਨੂੰ ਇੱਕ ਹਾਂ ਪੱਖੀ ਸੁਨੇਹਾ ਵੀ ਦੇਵੇ। ਦੋਵੇਂ ਹੀ ਵਰਗਾਂ ਨੂੰ ਇਹ ਫ਼ਿਲਮ ਜਰੂਰ ਪਸੰਦ ਆਏਗੀ।’ ਇਸੇ ਗੱਲ ‘ਤੇ ਹਾਮੀ ਭਰਦਿਆਂ ਰੰਜਨਾ ਕੈਂਟ ਨੇ ਅੱਗੇ ਕਿਹਾ, ‘ਸੂਬੇ ਦੇ ਨੌਜਵਾਨਾਂ ਲਈ ਸਾਡੀ ਸਟਾਰ ਕਾਸਟ ਪਹਿਲਾਂ ਤੋਂ ਹੀ ਪ੍ਰੇਰਣਾ ਹੈ। ਉਨ੍ਹਾਂ ਦੇ ਫੈਨ ਦੇ ਜਰੀਏ ਹੀ ਇਸ ਫ਼ਿਲਮ ਰਾਹੀਂ ਅਸੀਂ ਖੇਡ ਦੇ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਹਾਂ।’
ਕੁੱਝ ਅਜਿਹਾ ਲੱਗਦਾ ਹੈ ਕਿ ਇਸ ਫ਼ਿਲਮ ਦੇ ਬਣਨ ਦੇ ਦੌਰਾਨ ਡਾਇਰੈਕਟਰ ਰਣਬੀਰ ਪੁਸ਼ਪ ਨੇ ਹੱਥ ਵਿਚ ਕਲਮ ਫ਼ੜੀ ਹੋਈ ਸੀ। ਕਹਾਣੀ ਅਤੇ ਪਟਕਥਾ ਦੇ ਨਾਲ-ਨਾਲ ਉਨ੍ਹਾਂ ਨੇ ਫ਼ਿਲਮ ਦੀ ਐਲਬਮ ਦੇ ਸੱਤ ਗੀਤ ਵੀ ਲਿਖੇ ਹਨ। ਉਨ੍ਹਾਂ ਨੇ ਕਿਹਾ, ‘ਜਾਹਿਰ ਹੈ ਟੀਮ ਦਾ ਹਰ ਮੈਂਬਰ ਇਸ ਪ੍ਰੋਜੈਕਟ ਦਾ ਅਹਿਮ ਹਿੱਸਾ ਹੈ, ਪਰ ਨਿਜੀ ਤੌਰ ‘ਤੇ ਮੈਂ ਪਹਿਲੇ ਦਿਨ ਤੋਂ ਹੀ ਇਸ ਵਿਚ ਖਾਸਾ ਗਹਿਰਾਈ ਨਾਲ ਡੁੱਬਿਆ ਹੋਇਆ ਹਾਂ ਅਤੇ ਚਾਹੁੰਦਾ ਹਾਂ ਕਿ ਇਹ ਵੱਧ ਤੋਂ ਵੱਧ ਲੋਕਾਂ ਤੱਕ ਪੁੱਜੇ। ਯਕੀਨ ਮੰਨੋ, ਸਿਨੇਮਾ ਦੀ ਸਾਈੰਸ ਦੀ ਗੱਲ ਕਰਾਂ ਤਾਂ ਇਹ ਫ਼ਿਲਮ ਬਿਲਕੁਲ ਵੀ ਨਿਰਾਸ਼ ਨਹੀਂ ਕਰੇਗੀ। ਪ੍ਰੋਡਕਸ਼ਨ ਦੇ ਦੌਰਾਨ ਹਰ ਇੱਕ ਕਦਮ ਸੋਚ-ਸਮਝ ਕੇ ਚੁੱਕਿਆ ਗਿਆ ਹੈ।’
ਫ਼ਿਲਮ ਦੇ ਮੁੱਖ ਮਰਦ ਅਦਾਕਾਰ ਯੁਵਰਾਜ, ਗੀਤਾ ਅਤੇ ਗੈਵੀ ਨੇ ਮੈਦਾਨ ਵਿਚ ਚੰਗਾ ਸਮਾਂ ਬਿਤਾਇਆ। ਯੁਵਰਾਜ ਨੇ ਦੱਸਿਆ, ‘ਖੇਡ ਦੇ ਮਹੌਲ ਵਿਚ ਸ਼ੂਟਿੰਗ ਕਰਨਾ ਮਜੇਦਾਰ ਰਿਹਾ। ਇਹ ਫ਼ਿਲਮ ਜ਼ਿੰਦਗੀ ਭਰ ਯਾਦ ਰਹਿਣ ਵਾਲੀ ਯਾਦਗਾਰ ਬਣ ਕੇ ਰਹਿ ਗਈ ਹੈ ਅਤੇ ਦਰਸ਼ਕਾਂ ਦੇ ਨਾਲ ਵੀ ਕੁਝ ਅਜਿਹਾ ਹੀ ਯਾਦਗਾਰੀ ਹੋਵੇਗਾ। ਇਹ ਫ਼ਿਲਮ ਮਨੋਰੰਜਨ ਵੀ ਕਰਦੀ ਹੈ ਤੇ ਸਿੱਖਿਆ ਵੀ ਦਿੰਦੀ ਹੈ।’ ਗੀਤਾ ਨੇ ਕਿਹਾ, ‘ਜੇਕਰ ਅਸੀਂ ਕੋਈ ਤਜੁਰਬਾ ਕਰਨ ਦੀ ਗੱਲ ਵੀ ਕਰੀਏ ਤਾਂ ਇਹ ਫ਼ਿਲਮ ਇੱਕ ਢੁੱਕਵੀਂ ਮਿਸਾਲ ਹੈ। ਫੁੱਟਬਾਲ ਜਿਹੀ ਖੇਡ ਨੂੰ ਮੁੱਖ ਕਹਾਣੀ ਬਣਾਉਣਾ ਰਿਸਕ ਭਰਿਆ ਹੈ ਪਰ ਸਾਡੇ ਲੇਖਕ-ਨਿਰਦੇਸ਼ਕ ਨੂੰ ਸਲਾਮ ਹੈ, ਜਿਨ੍ਹਾਂ ਨੇ ਇਹ ਪਹਿਲ ਕੀਤੀ ਅਤੇ ਐੰਨੀ ਖੂਬਸੂਰਤ ਫ਼ਿਲਮ ਬਣਾਈ।’
ਗੈਵੀ ਨੇ ਦੱਸਿਆ, ‘ਸ਼ੂਟਿੰਗ ਕਰਨਾ ਬੇਹੱਦ ਮਜੇਦਾਰ ਰਿਹਾ। ਲੋਕੇਸ਼ਨ ‘ਤੇ ਅਜਿਹਾ ਲੱਗਿਆ, ਜਿਵੇਂ ਅਸੀਂ ਅਸਲ ਜ਼ਿੰਦਗੀ ਵਿਚ ਵੀ ਕਾਲਜ ਵਿਦਿਆਰਥੀ ਹੀ ਹਾਂ ਅਤੇ ਉਸੇ ਮੂੜ ਵਿਚ ਕਦੇ-ਕਦੇ ਬਚਕਾਨੀ ਹਰਕਤਾਂ ਵੀ ਕਰ ਦਿੰਦੇ ਸੀ। ਮੈਂ ਸੈਟਾਂ ‘ਤੇ ਯੁਵਰਾਜ ਅਤੇ ਗੀਤਾ ਦੀ ਲਾਈਵ ਗਾਇਕੀ ਦਾ ਵੀ ਖਾਸਾ ਲਾਹਾ ਖੱਟਿਆ।’
Punjab Post Daily Online Newspaper & Print Media