ਸੰਘਰਸ਼ ਤੋਂ ਨਿਕਲਣ ਵਾਲੇ ਸਿਟਿਆਂ ਲਈ ਖੁਦ ਜੋਸ਼ੀ ਹੋਣਗੇ ਜਿੰਮੇਵਾਰ – ਅਮਰਬੀਰ ਢੋਟ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਿੱਖ ਸਟੂਡੈਟਸ ਫੈਡਰੇਸ਼ਨ ਮਹਿਤਾ ਨੇ ਅੱਜ ਐਲਾਨ ਕੀਤਾ ਕਿ ਜੇਕਰ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਸ਼੍ਰੀ ਹਰਮਿੰਦਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਬਣਾਉਣ ਅਤੇ ਇਸ ਦੇ ਰੱਖ ਰਖਾਅ ਵੱਲ ਧਿਆਨ ਨਾ ਦਿੱਤਾ ਤਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਉਨ੍ਹਾਂ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਵੇਗੀ। ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਜਿਲ੍ਹਾਂ ਪ੍ਰਧਾਨ ਅਤੇ ਕੌਸਲਰ ਅਮਰਬੀਰ ਸਿੰਘ ਢੋਟ ਨੇ ਭਾਜਪਾ ਆਗੂ ਆਰ. ਪੀ ਸਿੰਘ ਮੈਣੀ ਵਲੋਂ ਦਿੱਤੇ ਗਏ ਬਿਆਨ ਕਿ ਅਨਿਲ ਜੋਸ਼ੀ ਨੂੰ ਹਰਿਮੰਦਰ ਸਾਹਿਬ ਜੀ ਨੂੰ ਜਾਣ ਵਾਲੀਆਂ ਸੜਕਾਂ ਦਾ ਬਹੁਤ ਫਿਕਰ ਹੈ, ਦੇ ਸੰਬੰਧ ਵਿਚ ਕਿਹਾ ਕਿ ਮੈਣੀ ਦਾ ਇਹ ਬਿਆਨ ਬਹੁਤ ਹਾਸੋਹੀਣਾ ਤੇ ਕੋਰਾ ਝੂਠ ਦਾ ਪੁਲੰਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਜੋਸ਼ੀ ਨੂੰ ਸ਼੍ਰੀ ਹਰਮਿੰਦਰ ਸਾਹਿਬ ਜਾਨ ਵਾਲੀਆਂ ਸੜਕਾਂ ਦੀ ਫਿਕਰ ਹੁੰਦੀ ਅਤੇ ਸਿੱਖ ਭਾਵਨਾਵਾਂ ਨੂੰ ਉਹ ਸਮਝਦੇ ਤਾਂ ਸ਼੍ਰੀ ਹਰਮਿੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਪਹਿਲ ਦੇ ਅਧਾਰ ‘ਤੇ ਬਨਾਉਣ ਦਾ ਯਤਨ ਕਰਦੇ ਜਦਕਿ ਉਹ ਖੁਦ ਸਥਾਨਕ ਸਰਕਾਰਾਂ ਮੰਤਰੀ ਹਨ। ਇੰਪਰੂਵਮੈਂਟ ਟਰੱਸਟ ਨਗਰ ਨਿਗਮ ਵੀ ਉਨਾਂ ਦੇ ਕੋਲ ਹੈ ਪਰ ਫਿਰ ਵੀ ਆਪਣੀ ਫਿਰਕੂ ਸੋਚ ਨੂੰ ਨਾ ਛੱਡਦੇ ਹੋਏ ਇੰਨਾਂ ਰਸਤਿਆਂ ਵੱਲ ਧਿਆਨ ਨਹੀਂ ਦੇ ਰਹੇ।
ਉਨਾਂ ਕਿਹਾ ਕਿ ਪਿਛਲੀ ਸਰਕਾਰ ਵਿਚ ਅੰਮ੍ਰਿਤਸਰ ਦਾ ਐਮ. ਪੀ ਵੀ ਇੰਨਾਂ ਦਾ ਸੀ, ਅੰਮ੍ਰਿਤਸਰ ਦਾ ਮੇਅਰ ਅਤੇ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਵੀ ਭਾਜਪਾ ਦਾ ਸੀ ਅਤੇ ਉਪਰੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡੀ ਰਾਸ਼ੀ 108 ਕਰੋੜ ਰੁਪਏ ਸ਼੍ਰੀ ਅੰਮ੍ਰਿਤਸਰ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਦਿੱਤੇ ਸਨ, ਪਰ ਜੋਸ਼ੀ ਨੂੰ ਉਦੋਂ ਸ੍ਰੀ ਹਰਮਿੰਦਰ ਸਾਹਿਬ ਜਾਣ ਵਾਲੀਆਂ ਸੜਕਾਂ ਦਾ ਧਿਆਨ ਨਹੀਂ ਆਇਆ।ਹੁਣ ਜਦਕਿ ਇਸ ਸਰਕਾਰ ਦੇ 3 ਸਾਲ ਬੀਤ ਜਾਣ ਤੇ ਵੀ ਜਦੋਂ ਲੋਕਾਂ ਨੇ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਤਾਂ ਮਜ਼ਬੂਰੀ ਵੱਸ ਜੋਸ਼ੀ ਨੂੰ ਸ਼੍ਰੀ ਹਰਮਿੰਦਰ ਸਾਹਿਬ ਦੀਆਂ ਸੜਕਾਂ ਬਨਾਉਣ ਦਾ ਧਿਆਨ ਆਇਆ।
ਉਨ੍ਹਾਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਗੁਰੂਆਂ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਥੇ ਲੱਖਾਂ ਦੀ ਤਦਾਦ ਵਿਚ ਰੋਜ਼ਾਨਾਂ ਸੰਗਤਾਂ ਦੇਸ਼-ਵਿਦੇਸ਼ ਵਿਚੋਂ ਆਉਂਦੀਆਂ ਹਨ ਨੂੰ ਜਾਣ ਵਾਲੀਆਂ ਸੜਕਾਂ, ਜਿੰਨਾਂ ਦਾ ਬਹੁਤ ਹੀ ਮੰਦਾ ਹਾਲ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਾ ਸਮਝਦੇ ਹੋਏ ਲੋਕਲ ਬਾਡੀਜ਼ ਮੰਤਰੀ ਅਨਿਲ ਜੋਸ਼ੀ ਇੰਨ੍ਹਾਂ ਸੜਕਾਂ ਨੂੰ ਬਣਾਉਣ ਦੀ ਬਜਾਏ ਆਪਣੇ ਹਲਕੇ ਵਿਚ ਕਰੋੜਾਂ ਰੁਪਏ ਖਰਚ ਕਰ ਰਹੇ ਹਨ, ਇਹ ਜੋਸ਼ੀ ਦੀ ਬਹੁਤ ਹੀ ਘਟੀਆ ਸੋਚ ਹੈ।ਉਨ੍ਹਾਂ ਕਿਹਾ ਕਿ ਜੋਸ਼ੀ ਸ੍ਰੀ ਹਰਮਿੰਦਰ ਸਾਹਿਬ ਜੀ ਦੇ ਜਾਣ ਵਾਲੇ ਰਸਤਿਆਂ ਨੂੰ ਬਣਾਉਣ ਦੀ ਜਗ੍ਹਾ ‘ਤੇ ਪੈਸਾ ਉਨਾਂ ਥਾਵਾਂ ‘ਤੇ ਖਰਚ ਕਰ ਰਹੇ ਹਨ।ਜਿਥੇ ਕਿ ਇਸ ਦੀ ਲੋੜ ਨਹੀਂ ਹੁੰਦੀ ਉਹ ਇੰਪਰੂਵਮੈਂਟ ਟਰੱਸਟ ਦੇ ਪੈਸੇ ਦੀ ਦੁਰਵਰਤੋਂ ਕਰਦੇ ਹੋਏ ਰਣਜੀਤ ਐਵਨਿਊ ਵਿਚ ਕਈ ਜਗ੍ਹਾ ‘ਤੇ ਬਣੀਆਂ ਸੜਕਾਂ ਦੇ ਉਤੇ ਹੀ ਪ੍ਰੀਮਿਕਸ ਪਾਈ ਜਾ ਰਹੀ ਹੈ ਅਤੇ ਕਈ ਜਗ੍ਹਾ ‘ਤੇ ਨਜਾਇਜ਼ ਟਾਇਲਾਂ ਲਗਾਈਆਂ ਜਾ ਰਹੀਆਂ ਹਨ, ਜਿਥੇ ਕਿ ਨਾ ਵਸੋਂ ਹੈ ਅਤੇ ਇੰਨਾਂ ਦੀ ਲੋੜ ਨਹੀਂ ਹੈ।ਢੋਟ ਨੇ ਕਿਹਾ ਕਿ ਅਨਿਲ ਜੋਸ਼ੀ ਇਹੋ ਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਅਤੇ ਸ਼੍ਰੀ ਹਰਮਿੰਦਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਵੱਲ ਧਿਆਨ ਨਾ ਦਿੱਤਾ ਤਾਂ ਫੈਡਰੇਸ਼ਨ ਮਹਿਤਾ ਵਲੋਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਅਨਿਲ ਜੋਸ਼ੀ ਦਾ ਘਿਰਾਓ ਅਤੇ ਕੀਤੇ ਜਾਣ ਵਾਲੇ ਸੰਘਰਸ਼ ਦੇ ਸਿੱਟਿਆਂ ਲਈ ਜੋਸ਼ੀ ਖੁਦ ਜਿੰਮੇਵਾਰ ਹੋਣਗੇ।
Punjab Post Daily Online Newspaper & Print Media