ਵਿਦਿਆਰਥਣਾਂ ਵੱਲੋਂ ਨੇਪਾਲ ਪੀੜ੍ਹਤਾਂ ਲਈ ਰਾਸ਼ੀ ਭੇਜਣ ਦੀ ਕਾਲਜ ਪ੍ਰਿੰਸੀ. ਵਿਰਕ ਵਲੋਂ ਸਹਾਰਨਾ
ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਜਿਥੇ ਪੰਜਾਬ ਦੇ ਸ਼ਾਂਤੀ ਨਿਕੇਤਨ ਵਜ਼ੋਂ ਜਾਣਿਆਂ ਜਾਂਦਾ ਹੈ, ਓਥੇ ਇਹ ਕਾਲਜ ਇਕ ਸਮਾਜ ਸੁਧਾਰਕ ਵਜ਼ੋਂ ਵੀ ਨਵੇਕਲੀਆਂ ਪੈੜਾਂ ਪਾ ਰਿਹਾ ਹੈ। ਇਥੋਂ ਦੇ ਵਿੱਦਿਆਰਥੀ ਜਿਥੇ ਵਿੱਦਿਆ ਖੇਤਰ ਵਿੱਚ ਵੱਡੇ ਪੱਧਰ ਤੇ ਮੱਲਾਂ ਮਾਰਦੇ ਆ ਰਹੇ ਹਨ, ਓਥੇ ਕੁਦਰਤੀ ਆਫਤਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਆਰਥਿਕ ਪੱਖੋਂ ਹਮਦਰਦੀ ਕਰਨ ਲਈ ਵੀ ਜਰੂਰ ਯੋਗਦਾਨ ਪਾਉਂਦੇ ਹਨ। ਕਾਲਜ ਦੀਆਂ ਵਿੱਦਿਆਰਥਣਾਂ ਨੇ ਬੀ.ਏ.ਫਾਈਨਲ ਦੀ ਅਲਵਿੱਦਾ ਪਾਰਟੀ ਤੇ ਇਕੱਠੇ ਕੀਤੇ ਪੈਸ਼ਿਆਂ ਦੀ ਰਕਮ ਨੂੰ ਹਾਲ ਵਿੱਚ ਨੇਪਾਲ ਦੇਸ ਵਿੱਚ ਆਈ ਕੁਦਰਤੀ ਆਫਤ ਪੀੜ੍ਹਤ ਲੋਕਾਂ ਨੂੰ ਦੇਣ ਦਾ ਪ੍ਰਣ ਲਿਆ ਹੈ। ਕਾਲਜ਼ ਵਿੱਦਿਆਰਥਣਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਮੀਡੀਆ ਰਾਂਹੀਂ ਪਤਾ ਚੱਲ ਰਿਹਾ ਹੈ ਕਿ ਨੇਪਾਲ ਦੇਸ ਵਿੱਚ ਆਈ ਕੁਦਰਤੀ ਆਫਤ ਕਾਰਨ ਕਿੰਨੀ ਭਿਆਨਕ ਸਥਿਤੀ ਵਿੱਚੋਂ ਓਥੋਂ ਦੇ ਲੋਕ ਗੁਜ਼ਰ ਰਹੇ ਹਨ ਅਤੇ ਜਿੰਨਾਂ ਇਮਾਰਤਾਂ ਵਿੱਚ ਕਦੇ ਜਿੰਦਗੀ ਧੜਕਦੀ ਹੁੰਦੀ ਸੀ, ਅੱਜ ਓਥੇ ਇਮਾਰਤਾਂ ਦੇ ਮਲਬੇ ਦੇ ਢੇਰ ਅਤੇ ਕੁਰਲਾਹਟ ਹੈ। ਵਿੱਦਿਆਰਥਣਾਂ ਨੇ ਅਜਿਹੀ ਕੁਦਰਤੀ ਕਰੋਪੀ ਤੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨੇਪਾਲ ਵਿੱਚ ਦੁੱਖਦਾਈ ਘਟਨਾ ਵਾਪਰਨ ਤੇ ਅਜਿਹੀ ਅਲਵਿੱਦਾ ਪਾਰਟੀ ਨਹੀਂ ਸ਼ੋਭਦੀ।ਇਸ ਲਈ ਉਹਨਾਂ ਨੇ ਪਾਰਟੀ ਲਈ ਇਕੱਠੇ ਕੀਤੇ ਪੈਸ਼ਿਆਂ ਨੂੰ ਨੇਪਾਲ ਪੀੜ੍ਹਤ ਲੋਕਾਂ ਲਈ ਭੇਜਣ ਦਾ ਫੈਸ਼ਲਾ ਲਿਆ ਹੈ। ਵਿੱਦਿਆਰਥਣਾਂ ਵੱਲੋਂ ਲਏ ਇਸ ਫੈਸਲੇ ਦੀ ਸਹਾਰਨਾ ਕਰਦਿਆਂ ਕਾਲਜ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਮੈਨੂੰ ਆਪਣੀਆਂ ਧੀਆਂ ਤੇ ਬੜਾ ਮਾਣ ਹੈ, ਜਿੰਨ੍ਹਾਂ ਨੇ ਅਲਵਿੱਦਾ ਪਾਰਟੀ ਲਈ ਇਕੱਠੇ ਕੀਤੇ ਪੈਸ਼ਿਆਂ ਦੀ ਰਕਮ ਨੂੰ ਨੇਪਾਲ ਪੀੜ੍ਹਤਾਂ ਲਈ ਭੇਜਣ ਦਾ ਪ੍ਰਣ ਲਿਆ ਹੈ। ਪ੍ਰਿੰਸ਼ੀ. ਵਿਰਕ ਨੇ ਕਿਹਾ ਹੈ ਕਿ ਜਿਸ ਦਾ ਦਿਲ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਲਈ ਰੋਂਦਾ ਹੈ, ਉਹੀ ਪ੍ਰਮਾਤਮਾਂ ਹੈ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਲਈ 50000/ ਰੁਪਏ ਦੀ ਰਾਸ਼ੀ ਭੇਜਣ ਦਾ ਫੈਸਲਾ ਲਿਆ।
Punjab Post Daily Online Newspaper & Print Media
