Friday, March 6, 2026

ਬੈਲਜ਼ੀਅਮ ਤੋਂ ਉਘੇ ਇਤਿਹਾਸਕਾਰ ਡੋਮੀਨਿਕ ਡੈਨਡੂਵਨ ਨੇ ਵਿਸ਼ਵ ਯੁੱਧ ਵਿੱਚ ਸਿੱਖਾਂ ਦੀ ਭੂਮਿਕਾ ‘ਤੇ ਪਾਇਆ ਚਾਨਣਾ

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ‘ਗੈਸਟ ਲੈਕਚਰ’ ਦੌਰਾਨ ਕੀਤਾ ਸੰਬੋਧਨ

PPN2704201517

ਅੰਮ੍ਰਿਤਸਰ, 27 ਅਪ੍ਰੈਲ (ਪ੍ਰੀਤਮ ਸਿੰਘ) – ਬੈਲਜ਼ੀਅਮ ਦੇ ਉਘੇ ਖੋਜ਼ਕਾਰ ਅਤੇ ਇਤਿਹਾਸ ਦੇ ਗਿਆਤਾ ਡੋਮੀਨਿਕ ਡੈਨਡੂਵਨ ਨੇ ਅੱਜ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ‘ਗੈਸਟ ਲੈਕਚਰ’ ਦੌਰਾਨ ਪਹਿਲੇ ਵਿਸ਼ਵ ਯੁੱਧ ਵਿੱਚ ਸਿੱਖਾਂ ਦੀ ਭੂਮਿਕਾ ਸਬੰਧੀ ਖਾਸ ਚਾਨਣਾ ਪਾਉਂਦਿਆਂ ਦੱਸਿਆ ਕਿ ਸਿੱਖ ਸਿਪਾਹੀਆਂ ਨੇ ਮਿੱਤਰ ਦੇਸ਼ਾਂ ਵੱਲੋਂ ਜੰਗ ਵਿੱਚ ਹਿੱਸਾ ਲੈਂਦਿਆਂ ਦੁਸ਼ਮਣਾਂ ਨਾਲ ਟਾਕਰਾ ਲੈਂਦੇ ਸੂਰਬੀਰਤਾ ਵਿਖਾਈ।  ਉੁਨ੍ਹਾਂ ਕਿਹਾ ਕਿ ਅੱਜ ਤੱਕ ਸਿੱਖਾਂ ਦੀ ਦੋਹਾਂ ਵਿਸ਼ਵ ਯੁੱਧਾਂ ਵਿੱਚ ਹਿੱਸੇਦਾਰੀ ਅੱਖੋਂ ਪਰੋਖੇ ਸੀ, ਪਰ ਇੰਡੋ-ਯੂਰੋਪੀਅਨ ਇਤਿਹਾਸ ‘ਤੇ ਖੋਜ਼ ਕਰਦਿਆਂ ਉਨ੍ਹਾਂ ਨੂੰ ਮਿਲੇ ਦਸਤਾਵੇਜ਼ਾਂ ਅਤੇ ਤਸਵੀਰਾਂ ਤੋਂ ਸਿੱਖਾਂ ਵੱਲੋਂ ਉਸ ਵੇਲੇ ਦੀ ‘ਬ੍ਰਿਟਿਸ਼ ਆਰਮੀ’ ਵਿੱਚ ਭਾਗ ਲੈਂਦਿਆਂ ਜਾਨਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਸ ਵੇਲੇ ਭਾਰਤ ਤੋਂ 1.2 ਮਿਲੀਅਨ ਵਲੰਟੀਅਰਾਂ ਨੇ ਵਿਸ਼ਵ ਯੁੱਧ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚ ਬਹੁਤੀ ਗਿਣਤੀ ਸਿੱਖਾਂ ਦੀ ਸੀ।

         ਡੋਮੀਨਿਕ ਨੇ ਤਸਵੀਰਾਂ ਅਤੇ ਦਸਤਾਵੇਜਾਂ ਬਾਰੇ ਇਕ ਪਾਵਰ ਪੁਆਇੰਟ ਪ੍ਰੈਜੀਟੇਸ਼ਨ ਪੇਸ਼ ਕਰਦਿਆਂ ਦੱਸਿਆ ਕਿ ਦੋਹਾਂ ਵਿਸ਼ਵ ਯੁੱਧਾਂ ਵਿੱਚ 83,005 ਸਿੱਖ ਮਾਰੇ ਗਏ ਅਤੇ 1 ਲੱਖ 9 ਹਜ਼ਾਰ 45 ਸਿੱਖ ਸਿਪਾਹੀ ਇਨ੍ਹਾਂ ਜੰਗਾਂ ਦੌਰਾਨ ਫੱਟੜ ਹੋਏ। ਉਨ੍ਹਾਂ ਕਿਹਾ ਕਿ ਨਵੇਂ ਅੰਕੜਿਆਂ ਮੁਤਾਬਕ ਸਿੱਖਾਂ ਵੱਲੋਂ ਵਿਖਾਈ ਗਈ ਬਹਾਦਰੀ ਅਤੇ ਸ਼ਹਾਦਤ ਅਜੇ ਵੀ ਲੋਕ ਕਥਾਵਾਂ ਵਿੱਚ ਬਹੁਤ ਸਾਰੇ ਯੂਰਪੀ ਦੇਸ਼ਾਂ ਅਤੇ ਖਾਸਕਰ ਬੈਲਜ਼ੀਅਮ ਵਿੱਚ ਸੁਣਨ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੈਲਜ਼ੀਅਮ ਸਰਕਾਰ ਅਤੇ ਉਥੋਂ ਦੇ ਲੋਕਾਂ ਨੇ ਉਨ੍ਹਾਂ ਦੀ ਅਜ਼ਾਦੀ ਲਈ ਲੜੀਆਂ ਜੰਗਾਂ ਵਿੱਚ ਸਿੱਖ ਦੇ ਕਿਰਦਾਰ ਦੀ ਹਮੇਸ਼ਾਂ ਸ਼ਲਾਘਾ ਕੀਤੀ ਹੈ। ਕਾਲਜ ਪਹੁੰਚਣ ‘ਤੇ ਡੋਮੀਨਿਕ ਦਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨਾਲ ਮਿਲਕੇ ਨਿੱਘਾ ਸਵਾਗਤ ਕੀਤਾ। ਸ: ਛੀਨਾ ਨੇ ਕਿਹਾ ਕਿ ਸਾਰੀ ਸਿੱਖ ਕੌਮ ਡੋਮੀਨਿਕ ਵੱਲੋਂ ਸਿੱਖਾਂ ਦੀ ਵਿਸ਼ੇਸ਼ ਯੁੱਧਾਂ ਵਿੱਚ ਭੂਮਿਕਾ ‘ਤੇ ਕੀਤੀ ਖੋਜ਼ ਤੇ ਉਨ੍ਹਾਂ ਦੀ ਸ਼ੁੱਕਰਗੁਜ਼ਾਰ ਹੈ। ਉਨ੍ਹਾਂ ਕਿਹਾ ਕਿ ਨਵੇਂ ਹਾਸਲ ਹੋਏ ਤੱਥਾ ਅਨੁਸਾਰ ਪੰਜਾਬ ਤੋਂ ਗਏ ਸਿਪਾਹੀਆਂ ਨੇ ਨਾ ਸਿਰਫ਼ ਯੂਰਪ, ਸਗੋਂ ਦੂਸਰੇ ਮਹਾਂਦੀਪਾਂ ਵਿੱਚ ਦਲੇਰੀ ਵਿਖਾਕੇ ਇਕ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਇਸ ਤੋਂ ਪਹਿਲਾਂ ਪ੍ਰਿੰ: ਡਾ. ਢਿੱਲੋਂ ਨੇ ਕਿਹਾ ਕਿ ਡੋਮੀਨਿਕ ਇਕ ਉਘੇ ਇਤਿਹਾਸਕਾਰ, ਖੋਜਕਾਰ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਨ ਵਾਲੇ ਵਿਅਕਤੀ ਹਨ।  ਇਸ ਮੌਕੇ ਪੰਜਾਬ ਕਲਚਰਲ ਪ੍ਰਮੋਸ਼ਨ ਕੰਪਨੀ ਦੇ ਪ੍ਰਧਾਨ ਸ: ਦਵਿੰਦਰ ਸਿੰਘ ਛੀਨਾ ਨੇ ਡੋਮੀਨਿਕ ਦਾ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਸਿੱਖ ਸਿਪਾਹੀਆਂ ਤੇ ਬਹਾਦਰੀ ਦੇ ਕਿੱਸਿਆਂ ਨੁੂੰ ਲਾਮਬੰਦ ਕਰਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਪਹਿਲਾਂ ਡੋਮੀਨਿਕ ਨੇ ਕਾਲਜ ਵਿਖੇ ਸਿੱਖ ਇਤਿਹਾਸ ਅਤੇ ਖੋਜ ਵਿਭਾਗ ਦੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਖ਼ਾਲਸਾ ਕਾਲਜ ਦੀ ਆਲੀਸ਼ਾਨ ਇਮਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੂੰ ‘ਵਰਲਡ ਹੈਰੀਟੇਜ਼’ ਇਮਾਰਤ ਦਾ ਐਲਾਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰੋ: ਐਸ. ਐਸ. ਛੀਨਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟਰ ਗਿਰੀਸ਼ ਬਾਂਸਲ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਦੀਪਿਕਾ ਕੋਹਲੀ, ਪ੍ਰੋ: ਮਨਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥਾਂ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply