ਚਾਰ ਅਧਿਆਪਕਾਂ, ਇੱਕ ਸਕੂਲ ਤੇ 33 ਬੱਚਿਆਂ ਦਾ ਕੀਤਾ ਗਿਆ ਸਨਮਾਨ

ਸਮਰਾਲਾ, 27 ਅਪ੍ਰੈਲ (ਪ. ਪ.) – ਅਧਿਆਪਕ ਚੇਤਨਾ ਮੰਚ ਦਾ 17ਵਾਂ ਵਜੀਫਾ ਵੰਡ ਤੇ ਸਨਮਾਨ ਸਮਾਰੋਹ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ, ਖੰਨਾ ਰੋਡ ਸਮਰਾਲਾ ਵਿਖੇ ਕਰਵਾਇਆ ਗਿਆ, ਜੋ ਕਿ ਯਾਦਗਾਰੀ ਹੋ ਨਿਬੜਿਆ, ਜਿਸ ਵਿੱਚ ਸ੍ਰੀ ਰੋਸ਼ਨ ਲਾਲ ਸੂਦ, ਸਟੇਟ ਤੇ ਨੈਸ਼ਨਲ ਐਵਾਰਡੀ ਅਤੇ ਸਾਬਕਾ ਡਾਇਰੈਕਟਰ ਐਸ. ਸੀ. ਈ. ਆਰ. ਟੀ. ਪੰਜਾਬ ਸਰਕਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਰਾਮ ਸ਼ਰਨ ਸੂਦ (ਰਿਟਾ: ਹੈੱਡ ਟੀਚਰ) ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਉਟਾਲਾਂ ਸਕੂਲ ਦੀਆਂ ਬੱਚੀਆਂ ਦੁਆਰਾ ਸ਼ਬਦ ਗਾਇਨ ਨਾਲ ਕੀਤੀ ਗਈ। ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਦੁਆਰਾ ਸਭ ਨੂੰ ਜੀ ਆਇਆਂ ਆਖਿਆ ਗਿਆ, ਇਸ ਉਪਰੰਤ ਜਸਵਿੰਦਰ ਸਿੰਘ ਨੇ ਅਧਿਆਪਕ ਚੇਤਨਾ ਮੰਚ ਦੁਆਰਾ ਕਰਵਾਈਆਂ ਸਲਾਨਾ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ। ਮੰਚ ਦਾ ਸੰਚਾਲਨ ਕਰਦੇ ਪ੍ਰਿੰਸੀਪਲ ਮਨੋਜ ਕੁਮਾਰ ਨੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਲੜੀ ਵਿੱਚ ਪਰੋ ਕੇ ਰੱਖਿਆ ਅਤੇ ਚਾਰ ਘੰਟੇ ਚੱਲੇ ਪ੍ਰੋਗਰਾਮ ਦਾ ਸਾਰਿਆਂ ਨੇ ਖੂਬ ਅਨੰਦ ਮਾਣਿਆ।
ਸਮਾਗਮ ਵਿੱਚ ਸਭ ਤੋਂ ਪਹਿਲਾਂ ਸਮਰਾਲਾ ਇਲਾਕੇ ਦੇ ਦੋ ਸਟੇਟ ਐਵਾਰਡੀ ਅਧਿਆਪਕ ਮੇਘ ਦਾਸ ਜਵੰਦਾ ਇੰਚਾਰਜ ਸਰਕਾਰੀ ਮਿਡਲ ਸਕੂਲ ਭਰਥਲਾ ਅਤੇ ਤਰਲੋਚਨ ਸਿੰਘ ਸੈਂਟਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨਾਗਰਾ ਦਾ ਸਨਮਾਨ ਚਿੰਨ ਅਤੇ ਲੋਈ ਦੇ ਸਨਮਾਨ ਕੀਤਾ ਗਿਆ। ਇਸ ਉਪਰੰਤ ਦੋ ਸੁਹਿਦਰ ਅਤੇ ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕ ਚਰਨਜੀਤ ਸਿੰਘ ਮਾਛੀਵਾੜਾ ਅਤੇ ਸ੍ਰੀਮਤੀ ਕੰਚਨ ਬਾਲਾ ਨਾਗਰਾ ਦਾ ਅਧਿਆਪਕ ਚੇਤਨਾ ਮੰਚ ਵੱਲੋਂ ਸਨਮਾਨ ਚਿੰਨ ਅਤੇ ਲੋਈ ਦੇ ਕੇ ਸਨਮਾਨ ਕੀਤਾ ਗਿਆ। ਇਨ੍ਹਾਂ ਆਧਿਆਪਕਾਂ ਨੇ ਆਪੋ ਆਪਣੇ ਧੰਨਵਾਦੀ ਭਾਸ਼ਨ ਵਿੱਚ ਅਧਿਆਪਕ ਚੇਤਨਾ ਮੰਚ ਦੇ ਸੰਸਥਾਪਕ ਸਵ: ਮਹਿਮਾ ਸਿੰਘ ਕੰਗ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਇਹ ਲਾਇਆ ਬੂਟਾ ਭਰ ਜੁਆਨ ਹੋ ਗਿਆ ਹੈ, ਅਸੀਂ ਉਨ੍ਹਾਂ ਦੁਆਰਾ ਲਾਏ ਇਸ ਬੂਟੇ ਅਤੇ ਉਨ੍ਹਾਂ ਦੀ ਸੋਚ ਨੂੰ ਸਲਾਮ ਕਰਦੇ ਹਾਂ। ਅਧਿਆਪਕ ਚੇਤਨਾ ਮੰਚ ਵੱਲੋਂ ਲਈ ਜਾਂਦੀ ਵਜੀਫਾ ਪ੍ਰੀਖਿਆ ਦੌਰਾਨ ਪਿਛਲੇ ਤਿੰਨ ਸਾਲਾਂ ਤੋਂ ਵਧੀਆ ਕਾਰਗੁਜਾਰੀ ਦਿਖਾਉਣ ਸਦਕਾ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਦੇ ਡਾਇਰੈਕਟਰ ਦਰਸ਼ਨ ਜੈਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਆਪਣੇ ਆਪ ਨੂੰ ਵੱਡਭਾਗੇ ਮੰਨਦੇ ਹਾਂ ਕਿ ਅਧਿਆਪਕ ਚੇਤਨਾ ਮੰਚ ਨੇ ਇਹ ਸਮਾਗਮ ਕਰਨ ਲਈ ਸਾਡੇ ਸਕੂਲ ਨੂੰ ਚੁਣਿਆ। ਮੰਚ ਵੱਲੋਂ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਮੰਚ ਨੂੰ ਪੂਰਨ ਤੌਰ ਤੇ ਸਹਿਯੋਗ ਦਿੰਦੇ ਰਹਾਂਗੇ।
ਇਸ ਮੌਕੇ ਮੁੱਖ ਮਹਿਮਾਨ ਸ੍ਰੀ ਰੋਸ਼ਨ ਲਾਲ ਸੂਦ ਨੇ ਆਪਣੇ ਭਾਸ਼ਣ ਵਿੱਚ ਸਿਹਤ ਅਤੇ ਸਿੱਖਿਆ ਵਿੱਚ ਆ ਰਹੀ ਗਿਰਾਵਟ ਦੀ ਗੱਲ ਕਰਦਿਆਂ ਇਸ ਦੇ ਵਿਗੜ ਚੁੱਕੇ ਪਬ੍ਰੰਧ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਮੁੱਖ ਦੋਸ਼ੀ ਮੰਨਿਆ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨੌਕਰੀ ਦੌਰਾਨ ਸੱਚਾਈ ਤੇ ਚੱਲਦਿਆਂ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪ੍ਰੰਤੂ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਜਿਨਾਂ ਚਿਰ ਸਰਕਾਰੀ ਨੌਕਰੀ ਕੀਤੀ ਹੈ, ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕੀਤੀ ਹੈ। ਉਨ੍ਹਾਂ ਨੇ ਮੰਚ ਦੀਆਂ ਗਤੀਵਿਧੀਆਂ ਤੇ ਕਾਰਗੁਜਾਰੀ ਤੋਂ ਪ੍ਰਭਾਵਿਤ ਹੋ ਕੇ ਕਿਹਾ ਕਿ ਇਸ ਮੰਚ ਨੂੰ ਹਮੇਸ਼ਾਂ ਲਈ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ ਕਮਾਂਡੈਂਟ ਰਸ਼ਪਾਲ ਸਿੰਘ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ ਕਿਹਾ ਕਿ ਇਲਾਕੇ ਦੇ ਅਧਿਆਪਕਾਂ ਨੂੰ ਖਾਸਕਰ ਰਿਟਾਇਰ ਹੋ ਚੁੱਕੇ ਅਧਿਆਪਕਾਂ ਨੂੰ ਇਸ ਮੰਚ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਦਸਵੀਂ ਜਮਾਤ ਦੀ ਵਜੀਫਾ ਪ੍ਰੀਖਿਆ ਦੇ ਦਸ ਵਿਦਿਆਰਥੀਆਂ, ਜਿਨ੍ਹਾਂ ਵਿੱਚ ਪੰਜ ਸਰਕਾਰੀ ਸਕੂਲਾਂ ਅਤੇ ਪੰਜ ਪ੍ਰਾਈਵੇਟ ਸਕੂਲਾਂ ਦੇ ਸਨ, ਨੂੰ ਨਗਦ ਰਾਸ਼ੀ, ਸਰਟੀਫਿਕੇਟ, ਮੈਡਲ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਾਇਮਰੀ ਵਿੰਗ ਦੇ ਸੁੰਦਰ ਲਿਖਾਈ ਅਤੇ ਕਵਿਤਾ ਉਚਾਰਨ ਮੁਕਾਬਲੇ, ਮਿਡਲ ਅਤੇ ਹਾਈ ਸਕੂਲ ਵਿੰਗ ਦੇ ਕੁਇਜ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਸਰਟੀਫਿਕੇਟ, ਮੈਡਲ ਅਤੇ ਸਕੂਲਾਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਚਾਰ ਬੱਚੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਮੰਚ ਜੋ 17 ਸਾਲ ਪਹਿਲਾਂ ਇੱਕ ਛੋਟੇ ਪੌਦੇ ਦੇ ਰੂਪ ਵਿੱਚ ਲਾਇਆ ਸੀ, ਅੱਜ ਇੱਕ ਵੱਡਾ ਦਰੱਖਤ ਬਣ ਗਿਆ ਹੈ, ਜਿਹੜੀ ਸੋਚ ਸਵ: ਮਹਿਮਾ ਸਿੰਘ ਕੰਗ ਲੈ ਕੇ ਚੱਲੇ ਸਨ, ਉਸਨੂੰ ਸਫਲ ਕਰਨ ਲਈ ਇਸ ਮੰਚ ਦੇ ਸਾਰੇ ਮੈਂਬਰ ਬਹੁਤ ਹੀ ਮਿਹਨਤ ਅਤੇ ਬਿਨਾਂ ਕਿਸੇ ਲੋਭ ਲਾਲਚ ਤੋਂ ਕੰਮ ਕਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਕੋਈ ਲੋਭ ਜਾਂ ਲਾਲਚ ਨਹੀਂ ਹੁੰਦਾ ਉਹ ਸੰਸਥਾ ਹਮੇਸ਼ਾਂ ਅੱਗੇ ਹੀ ਵੱਧਦੀ ਜਾਂਦੀ ਹੈ, ਇਸ ਮਿਸਾਲ ਅਧਿਆਪਕ ਚੇਤਨਾ ਮੰਚ ਸਮਰਾਲਾ ਹੈ। ਇਸ ਸਮਾਗਮ ਦੌਰਾਨ ਮੰਚ ਵੱਲੋਂ ਮੁੱਖ ਮਹਿਮਾਨ ਰੋਸ਼ਨ ਲਾਲ ਸੂਦ, ਉਨ੍ਹਾਂ ਦੇ ਪਿਤਾ ਰਾਮ ਸ਼ਰਨ ਸੂਦ, ਜਸਵਿੰਦਰ ਸਿੰਘ ਬੀ. ਪੀ. ਈ. ਓ. ਮੋਰਿੰਡਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਕਵਿਤਾ, ਗੀਤ ਅਤੇ ਪ੍ਰਾਇਮਰੀ ਸਕੂਲ ਉਟਾਲਾਂ ਦੀਆਂ ਬੱਚੀਆਂ ਨੇ ਗਿੱਧਾ ਪੇਸ਼ ਕੀਤਾ।
ਇਸ ਸਮਾਗਮ ਵਿੱਚ ਸਮਰਾਲਾ ਇਲਾਕੇ ਦੀਆਂ ਸਮਾਜਿਕ, ਧਾਰਮਿਕ ਅਤੇ ਵਿੱਦਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਜਿਨ੍ਹਾਂ ਵਿੱਚ ਪ੍ਰੁਮੱਖ ਤੌਰ ਤੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰਿੰਸੀਪਲ ਪ੍ਰੇਮ ਸਿੰਘ, ਪ੍ਰਿੰਸੀਪਲ ਨਵਤੇਜ ਸ਼ਰਮਾ, ਪ੍ਰਿੰਸੀਪਲ ਨਰਿੰਦਰਪਾਲ ਵਰਮਾ, ਨੈਸ਼ਨਲ ਐਵਾਰਡੀ ਸਮਸ਼ੇਰ ਸਿੰਘ ਨਾਗਰਾ, ਰਾਮੇਸ਼ਪਾਲ ਭੋਲੋਕੇ, ਹਰਜੀਤ ਸਿੰਘ ਬਲਾੜ੍ਹੀ ਦੋਵੇਂ ਸਟੇਟ ਐਵਾਰਡੀ, ਸਰਬਣ ਕੁਮਾਰ ਸਾਬਕਾ ਬੀ. ਪੀ. ਈ. ਓ., ਰਾਜਿੰਦਰ ਖੁੱਲਰ, ਸੁਦੇਸ਼ ਸ਼ਰਮਾ, ਸੂਰੀਆ ਕਾਂਤ, ਮਾ. ਰਾਮ ਰਤਨ, ਜੋਗਿੰਦਰ ਸਿੰਘ ਜੋਸ਼, ਜੁਗਲ ਕਿਸ਼ੋਰ ਸਾਹਨੀ, ਸੰਦੀਪ ਤਿਵਾੜੀ, ਮੁਨੀਸ਼ ਕੁਮਾਰ, ਜਤਿੰਦਰ ਕੁਮਾਰ, ਅਵਤਾਰ ਸਿੰਘ ਅਮਲੋਹ, ਜਰਨੈਲ ਕੌਰ ਕੰਗ ਪਤਨੀ ਸਵ: ਮਹਿਮਾ ਸਿੰਘ ਕੰਗ, ਬਿਮਲਾ ਸ਼ਰਮਾ, ਸਤਵੰਤ ਕੌਰ ਬਾਠ ਆਦਿ ਸ਼ਾਮਲ ਸਨ।ਅਖੀਰ ਵਿੱਚ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਸਾਰੇ ਆਏ ਮਹਿਮਾਨਾਂ, ਅਧਿਆਪਕਾਂ, ਸਕੂਲ ਮੁਖੀਆਂ, ਮਾਪਿਆਂ ਦਾ ਅਧਿਆਪਕ ਚੇਤਨਾ ਮੰਚ ਦੀ ਸਮੁੱਚੀ ਟੀਮ ਵੱਲੋਂ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media