ਬੀਬੀ ਚਾਵਲਾ ਵੱਲੋਂ ਚਲਾਏ ਜਾ ਰਹੇ ਐਨ. ਜੀ. ਓ ਦੇ ਸਿਖਆਰਥੀਆਂ ਨੂੰ ਵੰਡੇ ਸਰਟੀਫਿਕੇਟ
ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਨੇ ਸਾਬਕਾ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਚਲਾਏ ਜਾ ਰਹੇ ਐਨ ਜੀ ਓ ਸ਼ਕਤੀ ਸੰਸਥਾ ਦੇ ਸਲਾਨਾ ਸਰਟੀਫਿਕੇਟ ਵੰਡ ਸਮਾਗਮ ਵਿਚ ਹਿੱਸਾ ਲੈਂਦਿਆਂ ਬੀਬੀ ਚਾਵਲਾ ਨੂੰ ਲੋਕ ਹਿੱਤਾਂ ਖਾਤਿਰ ਮੁੜ ਸਰਗਰਮ ਸਿਆਸਤ ਵਿਚ ਆਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਉਨਾਂ ਦੇ ਸੰਨਿਆਸ ਲੈਣ ਵਰਗੀ ਸਥਿਤੀ ਨਾਲ ਪੰਜਾਬ ਵਿਧਾਨ ਸਭਾ ਦੇ ਨਾਲ-ਨਾਲ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਲੋਕ ਵੀ ਆਪਣੇ-ਆਪ ਨੂੰ ਸਿਆਸੀ ਤੌਰ ‘ਤੇ ਲਾਵਾਰਿਸ ਮਹਿਸੂਸ ਕਰ ਰਹੇ ਹਨ, ਜਿੰਨਾਂ ਦੀ ਅਵਾਜ਼ ਉਹ ਅਕਸਰ ਸਰਕਾਰ ਕੋਲ ਬਲੁੰਦ ਕਰਦੇ ਰਹਿੰਦੇ ਸਨ।
ਸਥਾਨਕ ਵਿਰਸਾ ਵਿਹਾਰ ਵਿਖੇ ਉਕਤ ਸਮਾਗਮ ਨੂੰ ਸੰਬੋਧਨ ਕਰਦੇ ਸ. ਮਜੀਠੀਆ ਨੇ ਬੀਬੀ ਚਾਵਲਾ ਦੇ ਬੇਖੌਫ, ਬੇਗਰਜ਼ ਅਤੇ ਦ੍ਰਿੜ ਇਰਾਦੇ ਦੀ ਤਾਰੀਫ ਕਰਦਿਆਂ ਕਿਹਾ ਕਿ ਆਪਣੇ ਸਿਆਸੀ ਜੀਵਨ ਵਿਚ ਉਨਾਂ ਜੋ ਕੰਮ ਕੀਤਾ ਉਹ ਇਕ ਮਿਸਾਲ ਹੈ। ਉਹ ਦੱਬੇ ਤੇ ਲੋੜਵੰਦ ਲੋਕਾਂ ਦੀ ਅਵਾਜ਼ ਉਨਾਂ ਦਿਨਾਂ ਵਿਚ ਵੀ ਬੁਲੰਦ ਕਰਦੇ ਰਹੇ, ਜਦੋਂ ਅੱਤਵਾਦ ਤੋਂ ਡਰਦਾ ਬਹੁਤੇ ਨੇਤਾ ਲੋਕਾਂ ਵਿਚ ਜਾਣ ਦੀ ਜ਼ੁਰਅਤ ਤੱਕ ਨਹੀਂ ਸੀ ਕਰਦੇ।’ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਸ. ਮਜੀਠੀਆ ਨੇ ਕਿਹਾ ਕਿ ਬੀਬੀ ਚਾਵਲਾ ਵੱਲੋਂ ਚੋਣ ਨਾ ਲੜਨ ਦਾ ਜੋ ਫੈਸਲਾ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੀਤਾ ਗਿਆ ਹੈ, ਉਸ ਨਾਲ ਪੰਜਾਬ ਵਿਧਾਨ ਸਭਾ ਨੂੰ ਵੀ ਇਕ ਵਧੀਆ ਨੇਤਾ ਤੇ ਬੁਲਾਰੇ ਦੀ ਗੈਰਹਾਜ਼ਰੀ ਰੜਕ ਰਹੀ ਹੈ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਗੰਭੀਰ ਮੁੱਦਿਆਂ, ਔਰਤਾਂ ਦੇ ਹੱਕਾਂ ਅਤੇ ਗਰੀਬ-ਮਜ਼ਲੂਮਾਂ ਲਈ ਇਨਸਾਫ ਲੈਣ ਵਾਸਤੇ ਬੀਬੀ ਚਾਵਲਾ ਨੇ ਬੋਲਣ ਤੋਂ ਕਦੇ ਵੀ ਗੁਰੇਜ਼ ਨਹੀਂ ਕੀਤਾ। ਉਨਾਂ ਕਿਹਾ ਕਿ ਬੀਬੀ ਚਾਵਲਾ ਨਾਲ ਵਿਧਾਨ ਸਭਾ ਵਿਚ ਬਿਤਾਏ ਸਮੇਂ ਦੌਰਾਨ ਮੈਨੂੰ ਵੀ ਬਹੁਤ ਕੁੱਝ ਸਿੱਖਣ ਦਾ ਮੌਕਾ ਮਿਲਿਆ।
ਸ. ਮਜੀਠੀਆ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇੰਨਾਂ ਦੇ ਮੰਤਰੀ ਕਾਰਜ-ਕਾਲ ਦੌਰਾਨ ਸਿਹਤ ਸੇਵਾਵਾਂ ਫੈਲਾਉਣ, ਮਾਦਾ ਭਰੂਣ ਹੱਤਿਆ ਰੋਕਣ ਅਤੇ ਲਿੰਗ ਅਨੁਪਾਤ ਘਟਾਉਣ ਵਿਚ ਵੱਡੇ ਸੁਧਾਰ ਹੋਏ। ਇਸ ਮੌਕੇ ਸਿਲਾਈ-ਕਢਾਈ ਕੋਰਸਾਂ ਵਿਚੋਂ ਪਾਸ ਹੋਈਆਂ ਕਰੀਬ 250 ਬੱਚੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਬੱਚੀਆਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਤੁਸੀਂ ਭਾਗਾਂ ਵਾਲੇ ਹੋ, ਜਿੰਨਾਂ ਨੂੰ ਅਜਿਹੇ ਦ੍ਰਿੜ ਇਰਾਦੇ, ਸਧਾਰਨ ਜੀਵਨ ਬਤੀਤ ਕਰਨ ਅਤੇ ਉਚੀ ਸੋਚ ਰੱਖਣ ਵਾਲੇ ਨੋਤਾ ਦੀ ਛਤਰ-ਛਾਇਆ ਮਿਲੀ ਹੈ। ਉਨਾਂ ਬੀਬੀ ਚਾਵਲਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਇੰਨਾਂ ਕੰਮਾਂ ਦੀ ਸਰਾਹਨਾ ਕੀਤੀ ਅਤੇ ਆਪਣੇ ਤੇ ਪੰਜਾਬ ਸਰਕਾਰ ਵੱਲੋਂ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ ਸੰਬੋਧਨ ਕਰਦੇ ਬੀਬੀ ਚਾਵਲਾ ਨੇ ਸ. ਮਜੀਠੀਆ ਵੱਲੋਂ ਸੰਸਥਾ ਲਈ ਵਿਖਾਈ ਗਈ ਦਰਿਆਦਿਲੀ ਦੀ ਸਿਫਤ ਕੀਤੀ ਅਤੇ ਉਨਾਂ ਵੱਲੋਂ ਸੰਸਥਾ ਨੂੰ ਦਿੱਤੇ ਗਏ 4 ਲੱਖ ਰੁਪਏ ਦੀ ਗਰਾਂਟ ਲਈ ਧੰਨਵਾਦ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਣਕ ਦੀ ਖਰੀਦ ਸਬੰਧੀ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਢਿੱਲ-ਮੱਠ ਅਤੇ ਵਿਖਾਈ ਜਾ ਰਹੀ ਅਣਗਹਿਲੀ ਪ੍ਰਤੀ ਸਖਤ ਰੁਖ ਅਪਨਾਉਂਦਿਆ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਦੇਸ਼ ਦਾ ਢਿੱਡ ਭਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਅੱਜ ਜਦੋਂ ਕਿਸਾਨਾਂ ‘ਤੇ ਕੁਦਰਤੀ ਆਫਤ ਆਈ ਹੈ, ਤਾਂ ਕੇਂਦਰ ਸਰਕਾਰ ਨੂੰ ਪਿੱਛੇ ਨਹੀਂ ਹੱਟਣਾ ਚਾਹੀਦਾ, ਬਲਕਿ ਕਣਕ ਦੀ ਖਰੀਦ ਵਿਚ ਵਿਸ਼ੇਸ਼ ਛੋਟ ਦੇ ਕੇ ਕਣਕ ਦੀ ਖਰੀਦ ਦਾ ਮਸਲਾ ਤਰੁੰਤ ਹੱਲ ਕਰਨਾ ਚਾਹੀਦਾ ਹੈ। ਸ. ਮਜੀਠੀਆ, ਜੋ ਕਿ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਹਨ, ਨੇ ਸਵਾਲਾਂ ਦੇ ਜਵਾਬ ਦਿੰਦੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜੇਕਰ ਪੰਜਾਬ ਦਾ ਕਿਸਾਨ ਰਾਤ-ਦਿਨ ਇਕ ਨਾ ਕਰਦਾ ਤਾਂ ਦੇਸ਼ ਖੁਰਾਕ ਸੁਰੱਖਿਆ ਦੇ ਮਾਮਲੇ ਵਿਚ ਵੀ ਆਤਮ ਨਿਰਭਰ ਨਹੀਂ ਸੀ ਹੋ ਸਕਦਾ। ਉਨਾਂ ਕਿਹਾ ਕਿ ਦੇਸ਼ ਵਾਸੀਆਂ ਦਾ ਪੇਟ ਭਰਨ ਵਿਚ ਪੰਜਾਬ ਦੇ ਕਿਸਾਨ ਨੇ ਮੋਹਰੀ ਭੂਮਿਕਾ ਨਿਭਾਈ ਹੈ, ਸੋ ਇੰਨਾਂ ਗੱਲਾਂ ਪ੍ਰਤੀ ਗੌਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਅੱਜ ਕਿਸਾਨ ‘ਤੇ ਆਏ ਕੁਦਰਤੀ ਸੰਕਟ ਵੇਲੇ ਉਸਦੀ ਬਾਂਹ ਫੜਨੀ ਚਾਹੀਦੀ ਹੈ।
ਸ. ਮਜੀਠੀਆ ਨੇ ਕਿਹਾ ਕਿ ਕਣਕ-ਝੋਨੇ ਦੀ ਖਰੀਦ ਦਾ ਮਾਮਲਾ ਕੇਂਦਰ ਸਰਕਾਰ ਦੇ ਹੱਥ ਵਿਚ ਹੈ ਅਤੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਸ ਮਾਮਲੇ ‘ਤੇ ਕੇਂਦਰ ਸਰਕਾਰ ਕੋਲ ਪਹੁੰਚ ਕਰ ਚੁੱਕੇ ਹਨ। ਸ. ਮਜੀਠੀਆ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਕੇਂਦਰ ਨੇ ਕਣਕ ਦੀ ਖਰੀਦ ਤੋਂ ਕਿਸੇ ਤਰਾਂ ਹੱਥ ਪਿੱਛੇ ਖਿੱਚੇ ਤਾਂ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਖੂਨ-ਪਸੀਨੇ ਨਾਲ ਪੈਦਾ ਕੀਤੀ ਗਈ ਕਣਕ ਰੁਲਣ ਨਹੀਂ ਦੇਵੇਗੀ, ਬਲਕਿ ਇਕ-ਇਕ ਦਾਣਾ ਖਰੀਦ ਕੀਤਾ ਜਾਵੇਗਾ। ਉਨਾਂ ਹੁਣ ਤੱਕ ਇਸ ਗੰਭੀਰ ਮੁੱਦੇ ‘ਤੇ ਕੇਂਦਰ ਵੱਲੋਂ ਵਿਖਾਈ ਗਈ ਅਣਗਹਿਲੀ ਲਈ ਅਫਸੋਸ ਜ਼ਾਹਿਰ ਕਰਦੇ ਕਿਹਾ ਕਿ ਪੰਜਾਬ ਦੇ ਕਿਸਾਨ ਦਾ ਸੰਕਟ ਦੇਸ਼ ਦਾ ਸੰਕਟ ਹੈ, ਕਿਉਂਕਿ ਪੰਜਾਬ ਦੇ ਕਿਸਾਨ ਨੇ ਇਹ ਅਨਾਜ ਦੇਸ ਵਾਸੀਆਂ ਲਈ ਪੈਦਾ ਕੀਤਾ ਹੈ। ਜੇਕਰ ਕੁਦਰਤੀ ਆਫਤ ਕਾਰਨ ਇਸ ਦੇ ਰੰਗ-ਰੂਪ ਵਿਚ ਥੋੜਾ ਫਰਕ ਆ ਗਿਆ ਹੈ, ਤਾਂ ਵਿਸ਼ੇਸ਼ ਛੋਟ ਦੇ ਕੇ ਇਹ ਮਾਮਲਾ ਕੇਂਦਰ ਨੂੰ ਹੱਲ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਜੇਕਰ ਮਸਲਾ ਤਰੁੰਤ ਹੱਲ ਨਾ ਹੋਇਆ ਤਾਂ ਮੁੱਖ ਮੰਤਰੀ ਸ. ਬਾਦਲ ਮੁੜ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਣਗੇ ਅਤੇ ਕਿਰਸਾਨੀ ‘ਤੇ ਆਏ ਇਸ ਸੰਕਟ ਲਈ ਉਨਾਂ ਤੋਂ ਨਿੱਜੀ ਦਖਲ ਦੀ ਮੰਗ ਕਰਨਗੇ। ਸ. ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਇਸ ਮਾਮਲੇ ਵਿਚ ਦਖਲ ਦੇ ਕੇ ਇਹ ਮਾਮਲਾ ਹੱਲ ਕਰਵਾਉਣ, ਤਾਂ ਜੋ ਪੰਜਾਬ ਦੇ ਕਿਸਾਨ ਵਿਚ ਪੈਦਾ ਹੋਏ ਬੇਚੈਨੀ ਵਾਲੇ ਮਾਹੌਲ ਨੂੰ ਖਤਮ ਕੀਤਾ ਜਾ ਸਕੇ। ਇਕ ਸਵਾਲ ਦੇ ਜਵਾਬ ਵਿਚ ਸ. ਮਜੀਠੀਆ ਨੇ ਨੇਪਾਲ ਵਿਚ ਆਏ ਭੂਚਾਲ ਲਈ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਮਦਦ ਲਈ ਪ੍ਰਧਾਨ ਮੰਤਰੀ ਦੀ ਰੱਜਵੀਂ ਤਾਰੀਫ ਕੀਤੀ ਅਤੇ ਪੰਜਾਬ ਸਰਕਾਰ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਜਿਸ ਤਰਾਂ ਗਵਾਂਢੀ ਮੁਲਕ ‘ਤੇ ਆਈ ਕੁਦਰਤੀ ਆਫਤ ਲਈ ਪ੍ਰਧਾਨ ਮੰਤਰੀ ਨੇ ਮਦਦ ਕੀਤੀ ਹੈ, ਉਹ ਸੱਚਮੁੱਚ ਕਾਬਲ-ਏ-ਤਾਰੀਫ ਹੈ।
Punjab Post Daily Online Newspaper & Print Media
