Monday, July 8, 2024

ਨਿਊਯਾਰਕ ਦੇ ਕੋਲਡਨ ਸੈਂਟਰ ਹਾਲ ਵਿੱਚ ਲਖਵਿੰਦਰ ਵਡਾਲੀ ਨੂੰ ਕੀਤਾ ਸਨਮਾਨਿਤ

ਅਮਰੀਕਾ ਵੱਸਦੇ ਪੰਜਾਬੀਆਂ ਵੱਲੋਂ ਦਿੱਤੇ ਪਿਆਰ ਦਾ ਹਮੇਸ਼ਾ ਰਿਣੀ ਰਹਾਂਗਾ- ਲਖਵਿੰਦਰ ਵਡਾਲੀ

PPN2804201507

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨੌਜਵਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਸ਼ੋਆਂ ਨੂੰ ਲੈ ਕੇ ਪੰਜਾਬੀਆਂ ਵਿੱਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਲਖਵਿੰਦਰ ਵਡਾਲੀ ਦੇ ਹਰ ਸ਼ੋਅ ਵਿੱਚ ਹਾਲ ਹਾਊਸ ਫੁੱਲ ਹੁੰਦਾ ਹੈ ਅਤੇ ਲੋਕ ਘੰਟਿਆਂ ਬੱਧੀ ਵਡਾਲੀ ਦੀ ਗਾਇਕੀ ਦਾ ਆਨੰਦ ਮਾਣ ਰਹੇ ਹਨ।

          ਬੀਤੀ ਰਾਤ ਨਿਊਯਾਰਕ ਦੇ ਕੋਲਡਨ ਸੈਂਟਰ ਹਾਲ ਵਿੱਚ ਲਖਵਿੰਦਰ ਵਡਾਲੀ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਪੁੱਜੇ ਹੋਏ ਸਨ ਜਿਹਨਾਂ ਦੀ ਆਮਦ ਨਾਲ ਸਾਰਾ ਹਾਲ ਖਚਾਖਚ ਭਰ ਗਿਆ। ਇਸ ਮੌਕੇ ਲਖਵਿੰਦਰ ਵਡਾਲੀ ਨੇ ਬਾਬਾ ਬੁੱਲੇਸ਼ਾਹ, ਸੁਲਤਾਨ ਬਾਹੂ ਅਤੇ ਵਾਰਿਸ ਸ਼ਾਹ ਸਮੇਤ ਹੋਰਨਾਂ ਸੂਫੀ ਫਕੀਰਾਂ ਦੀਆਂ ਕਾਫੀਆਂ ਗਾ ਕੇ ਲੋਕਾਂ ਨੂੰ ਘੰਟਿਆਂ ਬੱਧੀ ਮੰਤਰ ਮੁਗਧ ਕਰ ਦਿੱਤਾ।
ਇਸ ਮੌਕੇ ਰਣਬੀਰ ਇੰਟਰਟੇਨਰ, ਲਖਵਿੰਦਰ ਜੌਹਲ ਅਤੇ ਹੈਰੀ ਪੁਆਰ ਸਮੇਤ ਅਮਰੀਕਾਂ ਦੀਆਂ ਨਾਮਵਰ ਪੰਜਾਬੀ ਹਸਤੀਆਂ ਨੇ ਲਖਵਿੰਦਰ ਵਡਾਲੀ ਨੂੰ ਇੱਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਲਖਵਿੰਦਰ ਜੌਹਲ ਤੇ ਹੈਰੀ ਪੁਆਰ ਨੇ ਕਿਹਾ ਕਿ ਆਪਣੇ ਪੁਰਖਿਆਂ ਵੱਲੋਂ ਸ਼ੁਰੂ ਕੀਤੇ ਸੂਫੀਵਾਦ ਦੇ ਸਫਰ ਨੂੰ ਲਖਵਿੰਦਰ ਵਡਾਲੀ ਨੇ ਸਮਰਪਿਤ ਹੋ ਕੇ ਜਾਰੀ ਰੱਖਿਆ ਹੈ, ਜਿਸਦਾ ਅੰਦਾਜ਼ਾ ਮੰਤਰ ਮੁਗਧ ਕਰਨ ਦੀ ਤਾਕਤ ਰੱਖਦੀ ਉਸਦੀ ਸੂਫੀਆਨਾ ਗਾਇਕੀ ਤੋਂ ਸਹਿਜੇ ਹੀ ਲੱਗ ਜਾਂਦਾ ਹੈ।
ਇਸ ਦੌਰਾਨ ਲਖਵਿੰਦਰ ਵਡਾਲੀ ਨੇ ਕਿਹਾ ਕਿ ਉਹ ਅਮਰੀਕਾ ਵੱਸਦੇ ਸਾਰੇ ਪੰਜਾਬੀਆਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਹਨਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਉਹਨਾਂ ਦੇ ਹਰ ਸ਼ੋਅ ਨੂੰ ਹਾਊਸ ਫੁੱਲ ਕਰਕੇ ਉਹਨਾਂ ਦੀ ਗਾਇਕੀ ਨੂੰ ਮਕਬੂਲ ਕੀਤਾ। ਲਖਵਿੰਦਰ ਨੇ ਕਿਹਾ ਕਿ ਬੇਸ਼ੱਕ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਉਹਨਾਂ ਦੇ ਪ੍ਰੋਗਰਾਮਾਂ ਵਿੱਚ ਕਾਫੀ ਵੱਡੀ ਤਾਦਾਦ ਵਿੱਚ ਸਰੋਤੇ ਸੁਣਨ ਆਉਂਦੇ ਹਨ ਪ੍ਰੰਤੂ ਅਮਰੀਕਾ ਦੀ ਧਰਤੀ ‘ਤੇ ਆਪਣੀ ਵਿਅਸਥ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਹਰ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪੰਜਾਬੀਆਂ ਤੋਂ ਉਹ ਬਹੁਤ ਪ੍ਰਭਾਵਿਤ ਵੀ ਹੋਏ ਹਨ ਅਤੇ ਉਹਨਾਂ ਦੇ ਪਿਆਰ ਦੇ ਕਰਜ਼ਦਾਰ ਵੀ ਕਿਉਂਕਿ ਅਮਰੀਕਾ ਵੱਸਦੇ ਪੰਜਾਬੀਆਂ ਵੱਲੋਂ ਹੁਣ ਤੱਕ ਕੀਤੇ ਗਏ ਮੇਰੇ 5 ਸ਼ੋਆਂ ਨੂੰ ਕਾਫੀ ਪਿਆਰ, ਉਤਸ਼ਾਹ ਤੇ ਹੁੰਗਾਰਾ ਮਿਲਿਆ ਹੈ ਜਿਸ ਲਈ ਉਹ ਹਮੇਸ਼ਾ ਕਰਜ਼ਦਾਰ ਰਹਿਣਗੇ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply