
ਬਠਿੰਡਾ, 7 ਅਪਰੈਲ (ਜਸਵਿੰਦਰ ਸਿੰਘ ਜੱਸੀ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਬਾਬਾ ਫ਼ਰੀਦ ਸੀਨੀਅਰ ਸੰਕੈਡਰੀ ਸਕੂਲ ਵਲੋਂ 4 ਜਨਵਰੀ, 2014 ਨੂੰ ਕਰਵਾਏ ਗਏ ਸ਼ਕਾਲਰਸ਼ਿਪ ਟੈਸਟ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਅੱਜ ਬਾਬਾ ਫ਼ਰੀਦ ਕੈਂਪਸ ਵਿਖੇ ਇੱਕ ਵਿਸ਼ੇਸ਼ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਇਨਾਮ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਹਿੱਸਾ ਲਿਆ।ਉਨਾਂ ਨੇ ਦੱਸਿਆ ਕਿ ਸੰਸਥਾ ਦੇ ਫ਼ਾਇਨਾਂਸ ਡਾਇਰੈਕਟਰ ਮਰਹੂਮ ਕੁਲਦੀਪ ਸਿੰਘ ਗਿੱਲ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ 1 ਕਰੋੜ ਰੁਪਏ ਦੀ ਸ਼ਕਾਲਰਸ਼ਿਪ ਅਤੇ ਫੀਸ ਕੁਨਸ਼ੈਸ਼ਨ ਪਾਲਿਸੀ ਤਹਿਤ ਕਰਵਾਏ ਗਏ ਸ਼ਕਾਲਰਸ਼ਿਪ ਟੈਸਟ ਦੇ ਜੇਤੂ ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਦੀ ਫੀਸ ਕੁਨਸ਼ੈਸ਼ਨ ਪਾਲਿਸੀ-2014 ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਵੀ ਦਿੱਤੀ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਦੇ ਚੇਅਰਮੈਨ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਪੇ ਅਕਸਰ ਹੀ ਆਪਣੇ ਬੱਚਿਆਂ ਦੇ ਕੈਰੀਅਰ ਦੀ ਚੋਣ ਸਮੇਂ ਆਪਣਾ ਫੈਸਲਾ ਥੋਪ ਦਿੰਦੇ ਹਨ ਅਤੇ ਬੇਰੁਜ਼ਗਾਰੀ ਦਾ ਦੁਖਾਂਤ ਇਸ ਗੱਲ ਤੋਂ ਸ਼ੁਰੂ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਬੀ.ਟੈਕ ਅਤੇ ਐਮ.ਬੀ.ਏ. ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਪਲੇਸਮੇਂਟ ਦੀ ਲਿਖਤੀ ਗਾਰੰਟੀ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੰਸਥਾ ਵਿਖੇ ਚੱਲ ਰਹੇ ਸਾਰੇ ਹੀ ਕੋਰਸਾਂ ਵਿੱਚ ਇਹ 100 ਪ੍ਰਤੀਸ਼ਤ ਪਲੇਸਮੈਂਟ ਦੀ ਲਿਖਤੀ ਗਾਰੰਟੀ ਦਿੱਤੀ ਜਾਵੇਗੀ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਵੱਲੋਂ ਲਏ ਗਏ ਸ਼ਕਾਲਰਸ਼ਿਪ ਟੈਸਟ ਵਿਚ ਪਹਿਲੇ, ਦੁਜੇ ਅਤੇ ਤੀਜੇ ਸਥਾਨ ਉਪਰ ਆਉਣ ਵਾਲੇ 10ਵੀਂ ਦੇ ਵਰਗ ਵਿੱਚ ਵਿਦਿਆਰਥੀ ਗਗਨਦੀਪ ਸਿੰਘ, ਪਾਰੁਲ ਅਰੋੜਾ ਅਤੇ ਅਨਮੋਲ ਗੁਪਤਾ ਨੂੰ ਕ੍ਰਮਵਾਰ ਲੈਪਟਾਪ, ਨੈੱਟ ਬੁੱਕ ਤੇ ਟੈਬਲੇੱਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਅਗਲੇ 20 ਸਥਾਨਾਂ ਉਪਰ ਆਉਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹ ਵਰਧਕ ਇਨਾਮ ਵਜੋਂ ਘੜੀਆਂ ਦਿੱਤੀਆਂ ਗਈਆਂ। ਅਖੀਰ ਵਿੱਚ ਬਾਬਾ ਫ਼ਰੀਦ ਸੀਨੀਅਰ ਸੰਕੈਡਰੀ ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਨਵਨਿੰਦਰ ਕੌਰ ਨੇ ਸਾਰੇ ਆਏ ਹੋਏ ਇਨਾਮ ਜੇਤੂ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਲਈ ਧੰਨਵਾਦੀ ਸ਼ਬਦ ਕਹੇ। ਸਕੂਲ ਦੇ ਪਿੰਸੀਪਲ ਬਲਜਿੰਦਰ ਸਿੰਘ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ‘ਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਦੀ ਡਾਇਰੈਕਟਰ ਐਡਮਨ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ, ਡਿਪਟੀ ਡਾਇਰੈਕਟਰਜ਼, ਸੰਸਥਾ ਦੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲ, ਵੱਖ-ਵੱਖ ਵਿਭਾਗਾਂ ਦੇ ਮੁੱਖੀ ਅਤੇ ਅਧਿਆਪਕ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media