ਆਪਣੇ ਬੱਜਰ ਗੁਨਾਹਾਂ ਨੂੰ ਛੁਪਾਉਣ ਲਈ ਕਾਰ ਸੇਵਾ ਨੂੰ ਢਾਲ ਵੱਜੋਂ ਵਰਤਦੇ ਨੇ ਸਰਨਾ ਭਰਾ – ਸਿਰਸਾ
ਨਵੀਂ ਦਿੱਲੀ, 1 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਦੋ ਦਿਨ ਦੇ ਪਾਕਿਸਤਾਨ ਦੌਰੇ ਨੂੰ ਸਫਲ ਦੱਸਦੇ ਹੋਏ ਇਸ ਬਾਰੇ ਵਿੱਚ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਤੱਥਾਂ ਤੋਂ ਪਰ੍ਹੇ ਵੀ ਦੱਸਿਆ ਹੈ।ਜੀ.ਕੇ ਨੇ ਇਸ ਦੌਰੇ ਦੌਰਾਨ ਪਾਕਿਸਤਾਨ ਓਕਬ ਬੋਰਡ ਦੇ ਚੇਅਰਮੈਨ ਸਦੀਕ ਉੂਲ ਫਾਰੂਕ, ਪਾਕਿਸਤਾਨ ਪੰਜਾਬ ਦੇ ਮੁੱਖਮੰਤਰੀ ਸ਼ਾਹਬਾਜ ਸ਼ਰੀਫ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਨਾਲ ਪਾਕਿਸਤਾਨ ਦੇ ਗੁਰੂਧਾਮਾ ਦੀ ਸੇਵਾ ਸੰਭਾਲ ਅਤੇ ਹੋਰ ਪੰਥਕ ਮਸਲਿਆਂ ਬਾਰੇ ਗੱਲਬਾਤ ਕਰਨ ਦੀ ਵੀ ਜਾਣਕਾਰੀ ਦਿੱਤੀ।ਜੀ.ਕੇ ਨੇ ਕਿਹਾ ਕਿ ਕੌਮੀ, ਪੰਥਕ ਅਤੇ ਵਿਦਿਅਕ ਮਸਲਿਆਂ ‘ਤੇ ਪਾਕਿਸਤਾਨ ਦੇ ਸਿੱਖਾਂ ਨੂੰ ਦਿੱਲੀ ਕਮੇਟੀ ਪੁਰਣ ਸਹਿਯੋਗ ਦੇਣ ਲਈ ਵਚਬੱਧ ਹੈ।
ਸ਼ਾਹਬਾਜ਼ ਸ਼ਰੀਫ ਨਾਲ ਹੋਈ ਮੁਲਾਕਾਤ ਬਾਰੇ ਖੁਲਾਸਾ ਕਰਦੇ ਹੋਏ ਜੀ.ਕੇ ਨੇ ਦੱਸਿਆ ਕਿ ਉੱਚ ਪੱਧਰੀ ਵਫਦ ਵੱਲੋਂ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੁੂ ਨਾਨਕ ਦੇਵ ਕੌਮਾਂਤਰੀ ਯੁੂਨੀਵਰਸਿਟੀ ਦੇ ਕਾਰਜਾਂ ਨੂੰ ਸਿਰੇ ਚੜਾਉਣ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਲਾਂਘਾ ਖੋਲਣ ਦੀ ਵੀ ਮੰਗ ਕੀਤੀ ਗਈ ਜਿਸ ਤੇ ਹਾਂ ਪੱਖੀ ਰਵੱਈਆ ਦਿਖਾਉਂਦੇ ਹੋਏ ਸ਼ਰੀਫ ਵੱਲੋਂ ਯੂਨਿਵਰਸਿਟੀ ਦੇ ਕਾਰਜ ਨੂੰ 6 ਮਹੀਨੇ ਵਿੱਚ ਸ਼ੁਰੂ ਕਰਨ ਤੋਂ ਬਾਅਦ 3 ਸਾਲ ਦੇ ਅਰਸੇ ਦੌਰਾਨ ਕਾਰਜ ਮੁਕਮੱਲ ਹੋਣ ਦਾ ਵੀ ਭਰੋਸਾ ਦਿੱਤਾ ਗਿਆ। ਇਸ ਸਬੰਧ ਵਿੱਚ ਸ਼ਰੀਫ ਵੱਲੋਂ ਮੁਲਕ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਿੱਖਾਂ ਦੇ ਸਾਰੇ ਮਸਲਿਆਂ ਨੂੰ ਹੱਲ ਕਰਵਾਉਣ ਦੀ ਗੱਲ ਵੀ ਕਹੀ ਗਈ। ਓਕਬ ਬੋਰਡ ਦੇ ਚੇਅਰਮੈਨ ਸਦੀਕ ਉੂਲ ਫਾਰੂੁਕ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਵਫਦ ਵੱਲੋਂ ਭਾਰਤ ਤੋਂ ਪਾਕਿਸਤਾਨ ਦੀ ਯਾਤਰਾ ਲਈ ਜਾਉਣ ਵਾਲੇ ਯਾਤਰੂਆਂ ਦੀ ਸਲਾਨਾ 3,000 ਵੀਜ਼ਿਆਂ ਦੇ ਕੋਟੇ ਨੂੰ 5,000 ਕਰਨ ਦੀ ਵੀ ਮੰਗ ਕੀਤੀ ਗਈ ਸੀ, ਜਿਸ ਤੇ ਚੇਅਰਮੈਨ ਵੱਲੋਂ ਯੋਗ ਸਲਾਹ ਕਮੇਟੀ ਪ੍ਰਬੰਧਕਾਂ ਨੂੂੰ ਉਕਤ ਕੋਟੇ ਨੂੰ ਵਧਾਉਣ ਵਾਸਤੇ ਦਿੱਤੀਆਂ ਗਈਆਂ ਹਨ। ਜੀ.ਕੇ ਨੇ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਹੋਰ ਮੈਂਬਰਾ ਨਾਲ ਹੋਈ ਮੁਲਾਕਾਤਾਂ ਨੂੰ ਉਸਾਰੂ ਅਤੇ ਸਿੱਖਾਂ ਦੀ ਆਪਸੀ ਖਾਨਾਜੰਗੀ ਨੂੰ ਰੋਕਣ ਦੀ ਦਿਸ਼ਾ ਵਿੱਚ ਚੰਗੀ ਮੁਲਾਕਾਤਾਂ ਵੀ ਕਰਾਰ ਦਿੱਤਾ।ਸ਼ਾਮ ਸਿੰਘ ਦੇ 1984 ਤੋਂ ਬਾਅਦ ਭਾਰਤ ਆਉਣ ‘ਤੇ ਲੱਗੀ ਰੋਕ ਨੂੰ ਮੰਦਭਾਗਾ ਦੱਸਦੇ ਹੋਏ ਜੀ.ਕੇ ਨੇ ਇਸ ਸਬੰਧ ਵਿੱਚ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦਾ ਵੀ ਦਾਅਵਾ ਕੀਤਾ। ਦਿੱਲੀ ਕਮੇਟੀ ਦੇ ਜਰਨਲ ਸਕੱਤਰ ਸਿਰਸਾ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਕਮੇਟੀ ਪ੍ਰਬੰਧਕਾਂ ਦੇ ਪਾਕਿਸਤਾਨ ਦੌਰੇ ਨੂੰ ਗੁਰਦੁਆਰਾ ਡੇਰਾ ਸਾਹਿਬ ਦੀ ਕਾਰ ਸੇਵਾ ਨਾਲ ਜੋੜਨ ਨੂੰ ਗਲਤ ਦੱਸਦੇ ਹੋਏ ਸਰਨਾ ਨੂੰ ਬਿਨਾ ਤੱਥਾਂ ਦੀ ਪੜਤਾਲ ਕੀਤੇ ਫੋਕੀ ਸ਼ੋਹਰਤ ਲਈ ਬਿਆਨਬਾਜ਼ੀ ਨਾ ਕਰਨ ਦੀ ਵੀ ਸਲਾਹ ਦਿੱਤੀ। ਸਿਰਸਾ ਨੇ ਸਾਫ ਕੀਤਾ ਕਿ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲਿਆਂ ਨੂੰ ਸਰਨਾ ਦੇ ਨਾਂ ‘ਤੇ ਮਿਲੀ ਕਾਰਸੇਵਾ ਦਾ ਉਹ ਸਵਾਗਤ ਕਰਦੇ ਨੇ ਅਤੇ ਉਨ੍ਹਾਂ ਦਾ ਇਹ ਦੌਰਾ ਕਿਸੇ ਦੀ ਸੇਵਾ ਖੋਹਣ ਦੇ ਖਦਸ਼ੇ ਨੂੰ ਹਕੀਕਤ ਵਿੱਚ ਨਾ ਬਦਲਣ ਦਾ ਹੋ ਕੇ ਸਗੋਂ ਬੀਤੇ ਦਿਨਾਂ ਵਿੱਚ ਸਰਨਾ ਭਰਾਵਾਂ ਵੱਲੋਂ ਪਾਕਿਸਤਾਨ ਦੇ ਗੁਰੂਧਾਮਾਂ ਦੇ ਨਾਂ ਤੇ ਦਿੱਲੀ ਦੀ ਸੰਗਤ ਦੀ ਜੇਬ ਵਿੱਚ ਪਾਏ ਗਏ ਡਾਕੇ ਦਾ ਹਿਸਾਬ-ਕਿਤਾਬ ਇਕੱਠਾ ਕਰਨ ਦਾ ਸੀ।2005 ਵਿੱਚ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਸਰਨਾ ਦੀ ਪ੍ਰਧਾਨਗੀ ਕਾਲ ਵਿੱਚ ਦਿੱਲੀ ਕਮੇਟੀ ਵੱਲੋਂ ਸਜਾਏ ਗਏ ਨਗਰ ਕੀਰਤਨ ਦੇ ਨਾਂ ‘ਤੇ ਸਰਨਾ ਭਰਾਵਾਂ ਵੱਲੋਂ ਕਥਿਤ ਘਪਲੇ ਕਰਨ ਦਾ ਦੋਸ਼ ਲਗਾਉਂਦੇ ਹੋਏ ਸਿਰਸਾ ਨੇ ਕਿਹਾ ਕਿ ਉਕਤ ਨਗਰ ਕੀਰਤਨ ਦੌਰਾਨ ਸਰਨਾ ਵੱਲੋਂ ਸ੍ਰੀ ਨਨਕਾਣਾ ਸਾਹਿਬ ਗਈ ਸੋਨੇ ਦੀ ਪਾਲਕੀ ਵਿੱਚ 15 ਕਿਲੋ ਸੋਨਾ ਲਗਾਉਣ ਅਤੇ ਇਸ ਦੌਰਾਨ ਆਈ ਲਗਭਗ 3.5 ਕਰੋੜ ਦੀ ਚੜ੍ਹਤ ਪਾਕਿਸਤਾਨ ਕਮੇਟੀ ਨੂੰ ਦੇਣ ਦਾ ਜੋ ਦਾਅਵਾ ਕੀਤਾ ਗਿਆ ਸੀ, ਉਹ ਝੂਠਾ ਸਾਬਿਤ ਹੋਇਆ ਹੈ। ਪਾਕਿਸਤਾਨ ਕਮੇਟੀ ਦੇ ਪ੍ਰਬੰਧਕਾਂ ਅਤੇ ਕਸਟਮ ਵਿਭਾਗ ਵੱਲੋਂ ਦਿੱਤੀ ਗਈ ਰਿਪੋਰਟ ਦੇ ਦੇ ਹਵਾਲੇ ਸਿਰਸਾ ਨੇ ਪਾਲਕੀ ਸਾਹਿਬ ਵਿੱਚ 1.25 ਕਿਲੋ ਸੋਨਾ ਹੋਣ ਅਤੇ ਚੜ੍ਹਤ ਦੇ ਨਾਂ ‘ਤੇ ਕੋਈ ਪੈਸਾ ਵੀ ਪਾਕਿਸਤਾਨ ਕਮੇਟੀ ਕੋਲ ਨਾ ਜਮ੍ਹਾ ਹੋਣ ਦਾ ਵੀ ਦਾਅਵਾ ਕੀਤਾ।ਸਿਰਸਾ ਨੇ ਸਵਾਲ ਕੀਤਾ ਕਿ ਸਰਨਾ ਭਰਾ ਦੱਸਣਗੇ ਕਿ ਲਗਭਗ 13 ਕਿਲੋ ਸੋਨਾ ਅਤੇ 3.5 ਕਰੋੜ ਦੀ ਚੜ੍ਹਤ ਕਿਥੇ ਹੈ ? ਪਾਕਿਸਤਾਨ ਦੇ ਗੁਰੂਧਾਮਾਂ ਦੀ ਸਰਨਾ ਭਰਾਵਾਂ ਨੂੰ ਸੇਵਾ ਕਰਨ ਦਾ ਚਾਅ ਨਾ ਹੋਣ ਦੀ ਥਾਂ ਆਪਣੇ ਕੀਤੇ ਗਏ ਬੱਜਰ ਗੁਨਾਹਾਂ ਨੂੰ ਛੁਪਾਉਣ ਦੀ ਢਾਲ ਵੱਜੋਂ ਵਰਤਨ ਦਾ ਵੀ ਸਿਰਸਾ ਨੇ ਸਰਨਾ ਭਰਾਵਾਂ ਤੇ ਦੋਸ਼ ਲਗਾਇਆ।ਇਸ ਵਫਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ, ਬਲਵੰਤ ਸਿੰਘ ਰਾਮੂਵਾਲੀਆਂ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਵੀ ਸ਼ਾਮਿਲ ਸਨ।
Punjab Post Daily Online Newspaper & Print Media