ਮੈਂਬਰ ਸਾਂਝ ਕੇਂਦਰਾਂ ਦੇ ਕੰਮਾਂ ਦਾ ਪ੍ਰਚਾਰ ਤੇ ਪਸਾਰ ਕਰਨ ਲਈ ਸਹਿਯੋਗ ਦੇਣ – ਐੱਸ.ਪੀ. ਮੰਡ
ਬਟਾਲਾ, 13 ਮਈ (ਨਰਿੰਦਰ ਬਰਨਾਲ) -ਪੁਲਿਸ ਵਿਭਾਗ ਵੱਲੋਂ ਸਥਾਪਤ ਕੀਤੇ ਪੁਲਿਸ ਸਾਂਝ ਕੇਂਦਰਾਂ ‘ਚ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਲੋਕਰਾਇ ਜਾਨਣ ਲਈ ਡੀ.ਜੀ.ਪੀ. ਪੰਜਾਬ ਅਤੇ ਐੱਸ.ਐੱਸ.ਪੀ. ਬਟਾਲਾ ਸ. ਇੰਦਰਬੀਰ ਸਿੰਘ ਦੀਆਂ ਹਦਾਇਤਾਂ ‘ਤੇ ਬਟਾਲਾ ਪੁਲਿਸ ਦੇ ਐੱਸ.ਪੀ. ਜਤਿੰਦਰ ਸਿੰਘ ਮੰਡ ਵੱਲੋਂ ਸਾਂਝ ਕੇਂਦਰਾਂ ਦੀਆਂ ਕਮੇਟੀਆਂ ਦੇ ਮੈਂਬਰਾਂ ਨਾਲ ਸਥਾਨਕ ਪੁਲਿਸ ਲਾਈਨ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਬ-ਡਵੀਜ਼ਨ ਸਾਂਝ ਕੇਦਰ ਸ੍ਰੀ ਹਰਗੋਬਿੰਦਪੁਰ, ਥਾਣਾ ਸਾਂਝ ਕੇਂਦਰ ਘੁਮਾਣ, ਕਾਦੀਆਂ, ਅਤੇ ਰੰਗੜ੍ਹ ਨੰਗਲ ਦੇ ਕਮੇਟੀ ਮੈਬਰਾਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਬਟਾਲਾ ਡੀ.ਐਸ.ਪੀ. ਹਰੀਸ਼ਰਨ ਸ਼ਰਮਾਂ ਵੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸ.ਪੀ. ਜਤਿੰਦਰ ਸਿੰਘ ਮੰਡ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2011 ਤੋਂ ਸ਼ੁਰੂ ਕੀਤਾ ਗਿਆ ਸਾਂਝ ਪ੍ਰੋਜੈਕਟ ਪੁਲਿਸ ਜ਼ਿਲ੍ਹਾ ਬਟਾਲਾ ‘ਚ ਵੀ ਪੂਰੀ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ ਅਤੇ ਸਾਂਝ ਕੇਂਦਰਾਂ ਰਾਹੀਂ ਲੋਕਾਂ ਨੂੰ ਪੁਲਿਸ ਵਿਭਾਗ ਨਾਲ ਸਬੰਧਤ 27 ਸੇਵਾਵਾਂ ਨਿਸ਼ਚਿਤ ਸਮੇਂ ‘ਚ ਦਿੱਤੀਆਂ ਜਾ ਰਹੀਆਂ ਹਨ। ਸਾਂਝ ਕੇਂਦਰਾਂ ਦੇ ਕੰਮ-ਕਾਜ ਬਾਰੇ ਚਾਨਣਾ ਪਾਉਂਦਿਆਂ ਐੱਸ.ਪੀ. ਮੰਡ ਨੇ ਦੱਸਿਆ ਕਿ ਪੁਲਿਸ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਨੂੰ ਹੋਰ ਅਸਰਦਾਰ ਬਣਾਇਆ ਗਿਆ ਹੈ ਅਤੇ ਹੁਣ ਪਾਸਪੋਰਟ ਇਨਕੁਆਰੀ ਤੇ ਹੋਰ ਵੈਰੀਫਿਕੇਸ਼ਨਾਂ ਲਈ ਸਾਂਝ ਕੇਂਦਰਾਂ ‘ਚ ਵੱਖਰਾ ਸਟਾਫ ਨਿਯੁਕਤ ਕੀਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ ਸਾਂਝ ਕੇਂਦਰਾਂ ਵੱਲੋਂ ਵੈਰੀਫਿਕੇਸ਼ਨ ਦੇ ਵੱਖ-ਵੱਖ ਪੜਾਵਾਂ ਤੇ ਪ੍ਰਾਰਥੀ ਨੂੰ ਐਸ.ਐਮ.ਐਸ ਰਾਹੀ ਸੂਚਿਤ ਕੀਤੇ ਜਾਣ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਹਿਕਮੇ ਦੇ ਕੰਮ ‘ਚ ਤੇਜ਼ੀ ਤੇ ਪਾਰਦਰਸ਼ਤਾ ਲਿਆਉਣ ਲਈ ਵੈਰੀਫਿਕੇਸ਼ਨ ਸਟਾਫ ਨੂੰ ਮੋਟਰ ਸਾਈਕਲ, ਕੈਮਰੇ ਅਤੇ ਮੋਬਾਇਲ ਫੋਨ ਵੀ ਸਰਕਾਰੀ ਤੌਰ ਤੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਆਮ ਲੋਕਾਂ ਦੀ ਖੱਜਲ ਖੁਆਰੀ ਖਤਮ ਹੋਣ ਦੇ ਨਾਲ ਅਤੇ ਏਜੰਟਾਂ/ਦਲਾਲਾਂ ਰਾਂਹੀ ਕੀਤੀ ਜਾ ਰਹੀ ਲੁੱਟ ‘ਤੇ ਵੀ ਰੋਕ ਲੱਗੇਗੀ।
ਐੱਸ.ਪੀ. ਮੰਡ ਨੇ ਸਾਂਝ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਾਂਝ ਕੇਂਦਰਾਂ ਦੇ ਕੰਮਾਂ ਦਾ ਸਮਾਜ ਵਿੱਚ ਪ੍ਰਚਾਰ ਤੇ ਪਸਾਰ ਕਰਨ ਲਈ ਵਿਭਾਗ ਦਾ ਸਹਿਯੋਗ ਦੇਣ ਅਤੇ ਆਪਣੇ ਆਲੇ-ਦੁਆਲੇ ਦੀਆਂ ਸਮੱਸਿਆਵਾਂ, ਪਰਿਵਾਰਕ ਝਗੜੇ ਆਦਿ ਸਾਂਝ ਕੇਂਦਰਾਂ ‘ਚ ਮਿਲ ਬੈਠ ਕੇ ਹੱਲ ਕਰਨ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ਸਮਾਜਿਕ ਬੁਰਾਈਆਂ ਖਿਲਾਫ ਲੜ੍ਹਨ ਲਈ ਵਧੀਆ ਮੰਚ ਹੋ ਸਕਦੇ ਹਨ ਅਤੇ ਸਾਂਝ ਕਮੇਟੀ ਮੈਂਬਰਾਂ ਨੂੰ ਨਸ਼ਿਆਂ, ਦਹੇਜ਼, ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਸਾਂਝ ਕੇਂਦਰਾਂ ਦੇ ਕੰਮ-ਕਾਜ ਬਾਰੇ ਕਮੇਟੀ ਮੈਂਬਰਾਂ ਦੇ ਤਜ਼ਰਬੇ ਅਤੇ ਆਮ ਲੋਕਾਂ ਦੀ ਰਾਇ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਕਮੇਟੀ ਮੈਂਬਰਾਂ ਨੇ ਵੱਖ-ਵੱਖ ਸਮਾਜਿਕ ਮੁੱਦੇ ਉਠਾਉਂਦਿਆਂ ਆਪਣੇ ਕੀਮਤੀ ਸੁਝਾਅ ਵੀ ਦਿੱਤੇ। ਇਸ ਮੌਕੇ ਸਾਂਝ ਕੇਂਦਰਾਂ ਦੇ ਇੰਚਾਰਜ਼ ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ ਪ੍ਰੇਮ ਸਿੰਘ, ਏ.ਐਸ.ਆਈ ਗੁਰਨਾਮ ਸਿੰਘ, ਏ.ਐਸ.ਆਈ ਜਸਵਿੰਦਰ ਸਿੰਘ ਅਤੇ ਕਮੇਟੀ ਮੈਂਬਰ ਵੀ ਹਾਜ਼ਰ ਸਨ।
Punjab Post Daily Online Newspaper & Print Media
