ਮਜੀਠੀਆ ਨੇ ਮਾਝੇ ਤੋਂ ਕੀਤੀ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ
ਪਿਛਲੀ ਵਾਰ ਨਾਲੋਂ ਦੋਗੁਣਾ ਭਰਤੀ ਕਰਾਂਗੇ – ਬੁਲਾਰੀਆ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਸ: ਇੰਦਰਬੀਰ ਸਿੰਘ ਬੁਲਾਰੀਆ ਦੀ ਮੌਜੂਦਗੀ ਵਿੱਚ ਯੂਥ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਪੂਰੀ ਜੋਸ਼ੋ ਖਰੋਸ਼ ਨਾਲ ਕੀਤੀ।ਮਾਝੇ ਦੇ ਚਾਰ ਜ਼ਿਲ੍ਹੇ ਜਿਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ਸ਼ਾਮਿਲ ਹਨ ਦੇ ਮੀਟਿੰਗ ਵਿੱਚ ਹਿੱਸਾ ਲੈਣ ਆਏ ਨੌਜਵਾਨਾਂ ਦੇ ਭਾਰੀ ਉਤਸ਼ਾਹ ਕਾਰਨ ਇਹ ਮੀਟਿੰਗ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ ਅਤੇ ਕੀਤੇ ਪ੍ਰਬੰਧ ਵੀ ਛੋਟੇ ਪੈ ਗਏ।ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਭਰਤੀ ਮੁਹਿੰਮ ਵਿੱਚ ਹਿੱਸਾ ਲੈਣ ਆਏ ਸੀਨੀਅਰ ਅਤੇ ਯੂਥ ਅਕਾਲੀ ਆਗੂਆਂ ਦੀ ਜਨ ਸੈਲਾਬ ਦੇਖ ਗਦ ਗਦ ਹੋਏ ਸ: ਮਜੀਠੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਕਈ ਪਾਰਟੀਆਂ ਸਮੇਂ ਸਮੇਂ ਪੰਜਾਬ ਦੇ ਨੌਜਵਾਨ ਵਰਗ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇ ਨਾਲ ਰਾਜਨੀਤੀ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ ਪਰ ਚੋਣ ਨਤੀਜਿਆਂ ਨੇ ਇਹ ਸਿੱਧ ਕਰਦਿਤਾ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ ਹੈ।ਉਹਨਾਂ ਆਪਣੇ ਦਾਅਵੇ ਨੂੰ ਪੁਖਤਾ ਕਰਦਿਆਂ ਅਤੇ ਨੌਜਵਾਨ ਸ਼ਕਤੀ ਨੂੰ ਸਲਾਮ ਕਰਦਿਆਂ ਕਿਹਾ ਕਿ ਯੂਥ ਦੇਸ਼ ਦੀ ਆਬਾਦੀ ਦਾ ੬੦ ਫੀਸਦੀ ਹਿੱਸਾ ਹਨ ਤੇ ਜੇ ਯੂਥ ਨੇ ਅਕਾਲੀ ਦਲ ਦਾ ਸਾਥ ਨਾ ਦਿਤਾ ਹੁੰਦਾ ਤਾਂ 2007 ਤੋਂ ਲੈ ਕੇ ਹੁਣ ਤਕ ਦੀਆਂ ਕਈ ਚੋਣਾਂ ਵਿੱਚ ਅਕਾਲੀ ਦਲ ਲਾ ਮਿਸਾਲ ਜਿੱਤਾਂ ਪ੍ਰਾਪਤ ਨਾ ਕਰ ਸਕਦਾ। ਉਹਨਾਂ ਕਿਹਾ ਕਿ ਪਾਰਟੀ ਤੋਂ ਬਾਗੀ ਹੋਣ ਵਲੇ ਮਨਪ੍ਰੀਤ ਬਾਦਲ ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਕਰਮ ਵਾਰ ਆਪਣੀਆਂ ਸੀਟਾਂ ਅਤੇ ਆਪਣੇ ਪਿਤਾ ਦੀ ਚੋਣ ਵੀ ਨਹੀਂ ਜਿਤਾ ਸਕੇ ਹਨ। ਉਹਨਾਂ ਇਹ ਵੀ ਕਿਹਾ ਕਿ ਯੂਥ ‘ਤੇ ਟੇਕ ਰਖ ਕੇ ਰਾਜਨੀਤਿਕ ਮੈਦਾਨ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਫਾਈਵ ਸਟਾਰ ਕਲਚਰ ਨੂੰ ਅਪਣਾ ਲੈਣ ਨਾਲ ਅੱਜ ਖਾਸ ਆਦਮੀ ਪਾਰਟੀ ਅਤੇ ਆਪਣੇ ਵਾਅਦਿਆਂ ਤੋਂ ਭਜ ਕੇ ਯੂ ਟਰਨ ਪਾਰਟੀ ਬਣ ਚੁੱਕੀ ਹੈ ਅਤੇ ਉਸ ਦੇ ਆਗੂ ਆਪਣੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਤਾਨਾਸ਼ਾਹ ਬਣ ਚੁੱਕੇ ਹਨ ।
ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦੀ ਬਾਖੂਬੀ ਜ਼ਿੰਮੇਵਾਰੀ ਨਿਭਾ ਚੁੱਕੇ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਮਜੀਠੀਆ ਨੇ ਨੌਜਵਾਨ ਵਰਗ ਵੱਲੋਂ ਉਹਨਾਂ ਦਾ ਸਾਥ ਦੇਣ ਲਈ ਧੰਨਵਾਦ ਕਰਦਿਆਂ ਪਾਰਟੀ ਦੀ ਚੜ੍ਹਦੀ ਕਲਾ ਲਈ ਮਾਝਾ ਜੋਨ ਦੇ ਪ੍ਰਧਾਨ ਸ: ਇੰਦਰਬੀਰ ਸਿੰਘ ਬੁਲਾਰੀਆ ਮੁੱਖ ਪਾਰਲੀਮਾਨੀ ਸਕੱਤਰ ਦਾ ਵੀ ਉਸੇ ਤਰਜ਼ ‘ਤੇ ਪੂਰਾ ਪੂਰਾ ਸਾਥ ਦੇਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਰਾਹੀਂ ਪਾਰਟੀ ਦੀ ਸੇਵਾ ਵਿੱਚ ਲੱਗੇ ਬਹੁਤ ਸਾਰੇ ਨੌਜਵਾਨ ਆਗੂਆਂ ਨੂੰ ਵਿਧਾਇਕ, ਮੰਤਰੀ, ਪਾਰਲੀਮਾਨੀ ਸਕੱਤਰ ਅਤੇ ਚੇਅਰਮੈਨ ਵਰਗੇ ਰੁਤਬਿਆਂ ‘ਤੇ ਪਹੁੰਚੇ ਦੇਖ ਉਹਨਾਂ ਨੂੰ ਖੁਸ਼ੀ ਅਤੇ ਤਸੱਲੀ ਹੋਈ ਹੈ।ਉਹਨਾਂ ਭਰੋਸਾ ਦਿਤਾ ਕਿ ਭਵਿੱਖ ਦੌਰਾਨ ਵੀ ਪਾਰਟੀ ਦੇ ਹਿੱਤਾਂ ਲਈ ਅੱਗੇ ਹੋਕੇ ਮਿਹਨਤੀ ਤੇ ਵਫ਼ਾਦਾਰੀ ਕਰਨ ਵਾਲੇ ਨੌਜਵਾਨਾਂ ਨੂੰ ਪੂਰਾ ਮਾਣ ਸਤਿਕਾਰ ਦਿਤਾ ਜਾਵੇਗਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਇਸ ਵਾਰ ਦੀ ਭਰਤੀ ਸੁਖਾਲੀ ਅਤੇ ਨੌਜਵਾਨਾਂ ਦੇ ਪਿਛੋਕੜ ਦੀ ਜਾਂਚ ਪੜਤਾਲ ਕਰ ਕੇ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਵਾਰ ਅਕਾਲੀ ਦਲ ਵੱਲੋਂ ਨਵੀਂ ਤਕਨੀਕ ਨਾਲ ਰਿਕਾਰਡ ਤੋੜ ਭਰਤੀ ਲਈ ਹਰ ਇੱਕ ਨੌਜਵਾਨ ਤਕ ਪਹੁੰਚ ਕੀਤੀ ਜਾਵੇਗੀ। ਉਹਨਾਂ ਨੌਜਵਾਨ ਵਰਗ ਦੀ ਉਤਸ਼ਾਹ ਵੇਖਦਿਆਂ ਆਸ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਵਾਰ ਪਿਛਲੀ ਵਾਰ ਨਾਲੋਂ ਦੁੱਗਣੀ ਭਾਰੀ ਹੋਵੇਗੀ।
ਇਸ ਮੌਕੇ ਬੋਲਦਿਆਂ ਮਾਝਾ ਜੋਨ ਦੇ ਪ੍ਰਧਾਨ ਸ: ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਦੀ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਯੂਥ ਅਕਾਲੀ ਦਲ ਦੀ ਭਰਤੀ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਸੇਧ, ਦਿਸ਼ਾ ਅਤੇ ਸ਼ਕਤੀ ਪ੍ਰਦਾਨ ਕਰੇਗੀ। ਉਹਨਾਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਲੋਕ ਹਿੱਤਾਂ ਲਈ ਯੂਥ ਵਰਗ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਦਾ ਸਦਾ ਦਿਤਾ। ਉਹਨਾਂ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਯੂਥ ਵਰਗ ਵਿੱਚ ਨਵੀਂ ਰੂਹ ਫੂਕੀ ਜਾਵੇਗੀ। ਉਹਨਾਂ ਦੱਸਿਆ ਕਿ ਕੇਵਲ ੧੮ ਤੋਂ ੪੦ ਸਾਲ ਦੇ ਨੌਜਵਾਨਾਂ ਨੂੰ ਹੀ ਯੂਥ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਨੌਜਵਾਨਾਂ ਦੇ ਕਿਰਦਾਰ ਤੇ ਪਿਛੋਕੜ ਦੀ ਜਾਂਚ ਕਰਨ ਅਤੇ ਭਰਤੀ ਲਈ ਟੀਮਾਂ ਬੂਥ ਪੱਧਰ ਤਕ ਜਾਣਗੀਆਂ ਅਤੇ ਯੋਗ ਸਮਝੇ ਜਾਣ ਵਾਲੇ ਨੌਜਵਾਨ ਦਾ ਪੂਰਾ ਬਿਉਰਾ ਲੈ ਕੇ ਮੌਕੇ ‘ਤੇ ਪਾਰਟੀ ਦਾ ਸ਼ਨਾਖ਼ਤੀ ਕਾਰਡ ਜਾਰੀ ਕਰਦਿਤਾ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਭਰਤੀ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਦਾ ਨੌਜਵਾਨਾਂ ਨੇ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ: ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਬੋਨੀ ਅਮਰਪਾਲ ਸਿੰਘ ਅਜਨਾਲਾ, ਹਰਮੀਤ ਸਿੰਘ ਸੰਧੂ, ਦੇਸਰਾਜ ਸਿੰਘ ਧੁੱਗਾ, ( ਸਾਰੇ ਮੁੱਖ ਪਾਰਲੀਮਾਨੀ ਸਕੱਤਰ) ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ ਜਲਾਲਉਸਮਾ ਦੋਵੇਂ ਵਿਧਾਇਕ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ, ਤਲਬੀਰ ਸਿੰਘ ਗਿੱਲ, ਪ੍ਰੋ: ਸਰਚਾਂਦ ਸਿੰਘ, ਚੇਅਰਮੈਨ ਰਵਿੰਦਰ ਸਿੰਘ ਬ੍ਰਹਮਪੁਰਾ, ਸੁਖਬੀਰ ਸਿੰਘ ਵਾਹਲਾ ਚੇਅਰਮੈਨ, ਪੇਡਾ ਦੇ ਚੇਅਰਮੈਨ ਉਪਕਾਰ ਸਿੰਘ ਸੰਧੂ, ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਜੋਧ ਸਿੰਘ ਸਮਰਾ, ਲਾਲੀ ਰਣੀਕੇ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿਟੇਵਡ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਗੁਰਪ੍ਰਤਾਪ ਸਿੰਘ ਟਿਕਾ, ਨਵਦੀਪ ਸਿੰਘ ਗੋਲਡੀ, ਰਾਣਾ ਲੋਪੋਕੇ, ਰਵੀ ਕਰਨ ਸਿੰਘ ਕਾਹਲੋਂ, ਗੁਰਸ਼ਰਨ ਸਿੰਘ ਛੀਨਾ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਪਰਮਵੀਰ ਸਿੰਘ ਲਾਡੀ, ਤਰਲੋਕ ਸਿੰਘ ਬਾਠ, ਗੌਰਵ ਵਲਟੋਹਾ, ਇਕਬਾਲ ਸਿੰਘ ਸੰਧੂ, ਗਗਨਦੀਪ ਸਿੰਘ ਜੱਜ ਰਈਆ, ਗਗਨਦੀਪ ਸਿੰਘ ਜੰਡਿਆਲਾ, ਸਾਹਿਬ ਸਿੰਘ, ਰਾਜਬੀਰ ਸਿੰਘ ਭੁੱਲਰ, ਮਲਕੀਤ ਸਿੰਘ ਆਦਿ ਆਗੂ ਵੀ ਮੌਜੂਦ ਸਨ।
Punjab Post Daily Online Newspaper & Print Media