
ਪਠਾਨਕੋਟ, 13 ਮਈ (ਪ.ਪ) – ਗਣਿਤ ਅਤੇ ਸਾਇੰਸ ਦੇ ਵਿਸ਼ਿਆਂ ਨੂੰ ਪ੍ਰਫੁੱਲਤ ਕਰਨ ਲਈ ਅੱਜ ਇੰਟਰਨੈਟ ਦੇ ਜਰੀਏ ਜ਼ਿਲ੍ਹਾ ਪਠਾਨਕੋਟ, ਹੁਸ਼ਿਆਰਪੁਰ ਅਤੇ ਮੁਕਤਸਰ ਜ਼ਿਲ੍ਹਿਆ ਦੇ ਵਿਦਿਆਰਥੀਆਂ ਦਾ ਆਨ ਲਾਈਨ ਮੋਕ ਟੈਸਟ ਲਿਆ ਗਿਆ, ਜੋ ਸਫ਼ਲਤਾ ਪੂਰਵਕ ਢੰਗ ਨਾਲ ਨੇਪਰੇ ਚੜਿਆ। ਇਸ ਮੌਕੇ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਫ਼ਲ ਅਭਿਆਨ ਉਪਰੰਤ 23 ਮਈ ਨੂੰ ਡੀ.ਜੀ.ਐਸ. ਸ਼੍ਰੀ ਪ੍ਰਦੀਪ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਸਾਇੰਸ ਅਤੇ ਗਣਿਤ ਦਾ ਆਨ ਲਾਈਨ ਟੈਸਟ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰਸਮੀ ਤੌਰ ‘ਤੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦਸੰਬਰ, 2014 ਵਿੱਚ ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਠਾਨਕੋਟ ਦੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਆਨ ਲਾਈਨ ਟੈਸਟ ਲਿਆ ਗਿਆ ਸੀ। ਜਿਸ ਵਿੱਚ ਜ਼ਿਲ੍ਹੇ ਦੇ 26500 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਦੱਸਿਆ ਡੀ.ਜੀ.ਐਸ. ਸ਼੍ਰੀ ਪ੍ਰਦੀਪ ਅਗਰਵਾਲ ਵੱਲੋਂ ਪਠਾਨਕੋਟ ਵਿੱਚ ਲਏ ਗਏ ਆਨ ਲਾਈਨ ਟੈਸਟ ਦਾ ਜਾਇਜਾ ਲਿਆ ਗਿਆ ਸੀ ਅਤੇ ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਇੱਛਾ ਪ੍ਰਗਟਾਈ ਸੀ। ਉਨ੍ਹਾਂ ਦੱਸਿਆ ਕਿ ਇਸ ਆਨ ਲਾਈਨ ਪ੍ਰੀਖਿਆ ਜੋ ਪਠਾਨਕੋਟ ਤੋਂ ਸ਼ੁਰੂ ਹੋਈ ਸੀ ਨੂੰ ਅੱਜ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸ਼੍ਰੀ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਨੇ ਦੱਸਿਆ ਕਿ ਸਾਇੰਸ ਅਤੇ ਗਣਿਤ ਵਿਸ਼ੇ ਦੇ ਆਨ ਲਾਈਨ ਟੈਸਟ ਲੈਣ ਲਈ ਜ਼ਿਲ੍ਹਾ ਸਾਇੰਸ ਸੁਪਰਵਾਇਜਰ ਸ਼੍ਰੀ ਰਾਜੇਸ਼ਵਰ ਸਿੰਘ ਸਲਾਰੀਆ ਅਤੇ ਉਸ ਦੀ ਟੀਮ ਵੱਲੋਂ ਪ੍ਰਸ਼ਨ ਤਿਆਰ ਕੀਤੇ ਗਏ ਅਤੇ ਇਸ ਦੀ ਟੈਸਟਿੰਗ ਡੀ.ਜੀ.ਐਸ. ਦੇ ਦਫ਼ਤਰ ਤੋਂ ਆਏ ਡਿਪਟੀ ਮੈਨੇਜਰ ਸ਼੍ਰੀ ਰਾਜਬੀਰ ਸਿੰਘ ਵੱਲੋਂ ਕੀਤੀ ਗਈ ਅਤੇ ਸੰਤੁਸ਼ਟੀ ਪ੍ਰਗਟਾਈ ਗਈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਪ੍ਰੋ: ਅਮਨ ਠਾਕੁਰ ਸ਼੍ਰੀਸਾਈਂ ਕਾਲਜ ਬਧਾਨੀ, ਨਵਨੀਤ ਸ਼ਰਮਾ, ਲਲਿਤ ਕੁਮਾਰ ਅਤੇ ਚਤੁਰ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media