Friday, June 12, 2026

ਸਰਕਾਰ ਵੱਲੋਂ ‘ਹੁਨਰ ਤੋਂ ਰੁਜ਼ਗਾਰ ਤੱਕ’ ਯੋਜਨਾ ਤਹਿਤ ਨੌਜਵਾਨਾਂ ਲਈ ਮੁਫਤ ਸਿਖਲਾਈ ਕੋਰਸ ਸ਼ੁਰੂ

ਮੁਫਤ ਸਿਖਲਾਈ ਦੇ ਨਾਲ ਵਿਦਿਆਰਥੀਆਂ ਨੂੰ ਵਰਦੀ, ਸਮਾਨ ਤੇ 2000 ਰੁਪਏ ਵਜ਼ੀਫਾ ਦਿੱਤਾ ਜਾਵੇਗਾ

PPN1405201502ਬਟਾਲਾ, 14 ਮਈ (ਨਰਿੰਦਰ ਬਰਨਾਲ ) – ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਦੇ ਉਪਰਾਲਿਆਂ ਦੇ ਨਾਲ ਹੁਣ ਨੌਜਵਾਨਾਂ ਲਈ ਸੈਰ-ਸਪਾਟੇ ਦੇ ਖੇਤਰ ਵਿੱਚ ਰੁਜ਼ਗਾਰ ਦੇਣ ਦੇ ਉਪਰਾਲੇ ਵੀ ਸ਼ੁਰੂ ਕੀਤੇ ਗਏ ਹਨ।ਸਰਕਾਰ ਵੱਲੋਂ ਨੌਜਵਾਨਾਂ ਨੂੰ ‘ਹੁਨਰ ਤੋਂ ਰੁਜ਼ਗਾਰ ਤੱਕ’ ਯੋਜਨਾ ਤਹਿਤ ਮੁਫਤ ਸਿਖਲਾਈ ਦੇਣ ਲਈ ਥੋੜੇ ਸਮੇਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਸਿਖਲਾਈ ਦੇਣ ਤੋਂ ਬਾਅਦ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ‘ਹੁਨਰ ਤੋਂ ਰੁਜ਼ਗਾਰ ਤੱਕ’ ਯੋਜਨਾ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਕੇਟਰਿੰਗ ਐਂਡ ਨਿਊਟਰਿਸ਼ਨ ਗੁਰਦਾਸਪੁਰ ਵੱਲੋਂ ਨੌਜਵਾਨਾਂ ਲਈ 8 ਹਫਤੇ ਦਾ ਫੂਡ ਪ੍ਰੋਡਕਸ਼ਨ (ਕੁੱਕ) ਦਾ ਕੋਰਸ, 8 ਹਫਤੇ ਦਾ ਬੇਕਰੀ ਅਤੇ ਕਨਫੈਕਸ਼ਨਰੀ ਕੋਰਸ, 6 ਹਫਤੇ ਦਾ ਫੂਡ ਐਂਡ ਬੇਵਰੈਜ ਸਰਵਿਸ (ਵੇਟਰ) ਕੋਰਸ ਅਤੇ 6 ਹਫਤੇ ਦਾ ਹੀ ਹਾਊਸ ਕੀਪਿੰਗ ਯੂਟਿਲਟੀ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ‘ਚ ਦਾਖਲਾ ਲੈਣ ਵਾਲੇ ਨੌਜਵਾਨ ਦਸਵੀਂ ਪਾਸ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਉਮਰ 18 ਸਾਲ ਤੋਂ 28 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਡਾ. ਤ੍ਰਿਖਾ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਕੋਈ ਫੀਸ ਨਹੀਂ ਹੈ ਅਤੇ 90 ਫੀਸਦੀ ਹਾਜ਼ਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ 8 ਹਫਤੇ ਦੇ ਕੋਰਸ ਲਈ 2000 ਰੁਪਏ ਅਤੇ 6 ਹਫਤੇ ਦੇ ਕੋਰਸ ਲਈ 1500 ਰੁਪਏ ਵਜ਼ੀਫਾ ਦਿੱਤਾ ਜਾਵੇਗਾ। ਇਨ੍ਹਾਂ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਟੂਲ, ਕਿੱਟ, ਵਰਦੀ ਅਤੇ ਸਰਟੀਫਿਕੇਟ ਮੁਫਤ ਮੁਹੱਈਆ ਕਰਾਏ ਜਾਣਗੇ।

ਉਨ੍ਹਾਂ ਕਿਹਾ ਕਿ ਦਾਖਲਾ ‘ਪਹਿਲਾਂ ਆਓ ਤੇ ਪਹਿਲਾਂ ਪਾਓ’ ਦੇ ਅਧਾਰ ‘ਤੇ ਹੋਵੇਗਾ।ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਅੱਗੇ ਦੱਸਿਆ ਕਿ ਉਪਰੋਕਤ ਲਿਖੇ ਇਹ ਕੋਰਸ ‘ਜਾਬ ਓਰੀਏਂਟਿਡ’ ਹਨ ਅਤੇ ਇਨ੍ਹਾਂ ਕੋਰਸਾਂ ਨੂੰ ਸਫਲਤਾ ਪੂਰਵਕ ਕਰਨ ਉਪਰੰਤ ਨੌਜਵਾਨਾਂ ਨੂੰ ਅਸਾਨੀ ਨਾਲ ਹੋਟਲਾਂ ਵਿੱਚ ਚੰਗੀ ਤਨਖਾਹ ‘ਤੇ ਰੁਜ਼ਗਾਰ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੋਟਲ ਮੈਨੇਜਮੈਂਟ ਸੰਸਥਾ ਅਤੇ ਸਰਕਾਰ ਵੱਲੋਂ ਹੋਟਲਾਂ ਵਾਲਿਆਂ ਨਾਲ ਸੰਪਰਕ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ‘ਚ ਮਦਦ ਵੀ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਨੌਜਵਾਨ ਇਨ੍ਹਾਂ ਕੋਰਸਾਂ ਨੂੰ ਕਰਨ ਉਪਰੰਤ ਆਪਣਾ ਕਾਰੋਬਾਰ ਵੀ ਖੋਲ ਸਕਦੇ ਹਨ ਅਤੇ ਸਰਕਾਰ ਵੱਲੋਂ ਇਸ ਲਈ ਵੀ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਟਲ ਇੰਡਸਟਰੀ ਦਾ ਘੇਰਾ ਵਿਸ਼ਵ ਵਿਆਪੀ ਹੈ ਅਤੇ ਨੌਜਵਾਨ ਇਹ ਥੋੜੇ ਸਮੇਂ ਦੇ ਜਾਬ ਓਰੀਏਂਟਿਡ ਕੋਰਸ ਕਰਕੇ ਆਪਣਾ ਭਵਿੱਖ ਸਵਾਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਰਸਾਂ ‘ਚ ਦਾਖਲਾ ਲੈਣ ਜਾਂ ਵਧੇਰੇ ਜਾਣਕਾਰੀ ਲਈ ਪ੍ਰਿਸੀਪਲ, ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਕੇਟਰਿੰਗ ਐਂਡ ਨਿਊਟਰਿਸ਼ਨ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply