
ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਹਾੜੇ ਨੂੰ ਸਮਰਪਿਤ ਏਡਜ ਨਾਲ ਸੰਬੰਧਿਤ ਉਨਰਸਿਸ: ਫੋਰਸ ਫਾਰ ਚੇਂਜ: ਕੇਅਰ ਇਫੈਕਟਿਵ, ਕੋਸਟ ਇਫੈਕਟਿਵ ਇਨ ਕਨਟੈਕਸਟ ਟੂ ਐਚ. ਆਈ ਵੀ/ਏਡਜ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸ: ਧੰਨਰਾਜ ਸਿੰਘ ਉਪ ਪ੍ਰਧਾਨ, ਚੀਫ ਖਾਲਸਾ ਦੀਵਾਨ ਮੁੱਖ ਮਹਿਮਾਨ ਵਜੋਂ ਪੁੱਜੇ।ਇਸ ਵਰਕਸ਼ਾਪ ਦਾ ਮੁੱਖ ਮੰਤਵ ਨਰਸਿੰਗ ਪੇਸ਼ੇ ਨਾਲ ਜੁੜੇ ਬੁਧੀਜੀਵੀਆਂ ਅਤੇ ਸਰੋਤ ਪਰਸਨਜ ਨੂੰ ਇਕ ਮੰਚ ਤੇ ਲਿਆਊਣਾ ਸੀ, ਤਾਂ ਜੋ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਏਡਜ ਬਾਰੇ ਨਵੀਆਂ ਖੋਜਾਂ, ਨਰਸਾਂ ਵਲੋਂ ਏਡਜ ਗ੍ਰਸਤ ਮਰੀਜਾਂ ਦੇ ਇਲਾਜ ਦੋਰਾਨ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਇਸ ਦੋਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ ਜਾ ਸਕੇ।
ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਲੋਂ ਇਹ ਇਕ ਅਜਿਹਾ ਗਿਆਨ ਵਧਾਉਣ ਵਾਲਾ ਨਿਵੇਕਲਾ ਉਪਰਾਲਾ ਸੀ, ਜਿਸ ਰਾਹੀਂ ਆਧੁਨਿਕ ਨਰਸਿੰਗ ਕੇਅਰ ਕੁਆਲਿਟੀ ਵਿਚ ਹੋਰ ਵੀ ਸੁਧਾਰ ਕੀਤਾ ਜਾ ਸਕਦਾ ਹੈ।ਸ: ਪ੍ਰਿਤਪਾਲ ਸਿੰਘ ਸੇਠੀ ਵਲੋਂ ਲਗਭਗ 20 ਨਰਸਿੰਗ ਕਾਲਜਾਂ ਦੇ ਪ੍ਰਿਸੀਪਲਜ ਸਾਹਿਬਾਨ ਅਤੇ 200 ਤੋਂ ਵੀ ਵੱਧ ਡੈਲੀਗੇਟਸ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਪ੍ਰਿਸੀ. ਦਰਸ਼ਨ ਸੋਹੀ ਨੇ ਸੰਬੰਧਿਤ ਵਿਸ਼ੇ ਦੇ ਵੱਖ ਵੱਖ ਪਹਿਲੂਆਂ ਤੇ ਆਪਣੇ ਵਿਚਾਰ ਪੇਸ਼ ਕੀਤੇ।ਗੈਸਟ ਆਫ ਆਨਰ ਵਜੋਂ ਪੁੱਜੇ ਡਾ: ਰਵੀ ਸੈਨੀ ਜੋ ਕਿ ਗੋਰਮਿੰਟ ਮੈਡੀਕਲ ਕਾਲਜ ਦੇ ਐਸਿਸਟੈਂਟ ਪ੍ਰੋਫੈਸਰ ਹਨ ਨੇ ਵੀ ਏਡਜ ਦੇ ਬਚਾਓ ਸਾਧਨਾਂ ਅਤੇ ਲੋਕਾਂ ਵਿਚ ਇਸ ਪ੍ਰਤਿ ਜਾਗਰੂਕਤਾ ਦੀ ਜਰੂਰਤ ‘ਤੇੇ ਵਿਸਤਾਰ ਪੂਰਵਕ ਚਾਨਣਾ ਪਾਇਆ।
ਕਾਲਜ ਦੀ ਵਾਇਸ ਪ੍ਰਿਸੀਪਲ ਹਰਲੀਨ ਕੌਰ ਅਤੇ ਅਧਿਆਪਕ ਜਸ਼ਨਦੀਪ ਕੌਰ, ਮਨਦੀਪ ਕੌਰ, ਅਰੁਣਦੀਪ ਕੌਰ, ਕਿਰਨਜੀਤ ਕੌਰ, ਰਨਦੀਪ ਕੌਰ, ਕੁਲਦੀਪ ਕੌਰ ਨੇ ਵੀ ਇਸ ਖਤਰਨਾਕ ਬੀਮਾਰੀ ਬਾਰੇ ਦਸਿਆ।ਚੇਅਰਮੈਨ ਨਰਸਿੰਗ ਕਾਲਜ ਡਾ: ਸੰਤੋਖ ਸਿੰਘ ਅਤੇ ਮੈਂਬਰ ਇੰਚਾਰਜ ਡਾ: ਇੰਦਰਬੀਰ ਸਿੰਘ ਨਿੱਜਰ ਵਲੋੰ ਆਏ ਡੈਲੀਗੇਟਸ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਤੇ ਮਦਨ ਲਾਲ ਢੀਂਗਰਾ ਨਰਸਿੰਗ ਕਾਲਜ ਦੀ ਨਰਸਿੰਗ ਟਿਊਟਰ ਗੁਰਮੀਤ ਕੌਰ , ਜਿਸ ਨੂੰ 12 ਮਈ, 2015 (ਨਰਸਿਜ ਡੇਅ) ਨੂੰ ਰਾਸ਼ਟਰਪਤੀ ਐਵਾਰਡ ਨਾਲ ਨਿਵਾਜਿਆ ਗਿਆ, ਨੂੰ ਵੀ ਚੀਫ ਖਾਲਸਾ ਦੀਵਾਨ ਵਲੋਂ ਸਨਮਾਨਿਤ ਕੀਤਾ ਗਿਆ। ਅਖੀਰ ਸ: ਪ੍ਰਿਤਪਾਲ ਸਿੰਘ ਸੇਠੀ ਵਲੋਂ ਵਰਕਸ਼ਾਪ ਵਿਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦਾ ਅੰਤ ਕੀਤਾ ਗਿਆ। ਇਸ ਮੌਕੇ ਸ: ਸੁਰਿੰਦਰ ਪਾਲ ਸਿੰਘ ਵਾਲੀਆ, ਜੱਜਬੀਰ ਸਿੰਘ ਅਤੇ ਸ: ਕੰਵਲਜੀਤ ਸਿੰਘ ਜੋਲੀ ਵੀ ਹਾਜਰ ਸਨ।
Punjab Post Daily Online Newspaper & Print Media