Thursday, March 26, 2026

ਜੇ ਅੰਦਰ ਜਜ਼ਬਾ ਹੋਵੇ ਤਾਂ ਗੁਰੁੂ ਦਾ ਸਿੱਖ ਕਦੇ ਵੀ ਹਾਰ ਨਹੀਂ ਮੰਨ ਸਕਦਾ – ਜੀ.ਕੇ

ਸਿੰਘ ਸਭਾਵਾਂ ਦੀ ਮੀਟਿੰਗ ‘ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਬਾਰੇ ਵਿਚਾਰਾਂ

ਇਕ ਸਾਲ ਚੱਲਣ ਵਾਲੇ ਲੜੀਵਾਰ ਪ੍ਰੋਗਰਾਮਾਂ ਦਾ ਦਿੱਲੀ ਕਮੇਟੀ ਨੇ ਕੀਤਾ ਐਲਾਨ

PPN1605201503ਨਵੀਂ ਦਿੱਲੀ, 16 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਅਤੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਦਾ ਉਪਰਾਲਾ ਭਵਿੱਖ ਵਿੱਚ ਕੀਤੇ ਜਾ ਰਹੇ ਪੰਥਕ ਕਾਰਜਾਂ ਦੀ ਜਾਣਕਾਰੀ ਦੇਣ ਲਈ ਕੀਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਨਗਰ ਦੇ 350 ਸਾਲਾਂ ਸਮਾਗਮਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਮੌਕੇ ਕਮੇਟੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾ ਦਾ ਖਰੜਾ ਵੀ ਕਮੇਟੀ ਪ੍ਰਬੰਧਕਾਂ ਵੱਲੋਂ ਇਸ ਮੌਕੇ ਪੇਸ਼ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਨਗਰ ਨੂੰ ਚਿੱਟੇ ਰੰਗ ਵਿੱਚ ਰੰਗਣ ਵਾਸਤੇ ਕੀਤੀ ਜਾ ਰਹੀ ਸੇਵਾ ਅਤੇ ਦਿੱਲੀ ਕਮੇਟੀ ਵੱਲੋਂ 14 ਜੂਨ ਨੂੰ ਸ੍ਰੀ ਆਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਲੈ ਜਾਉਣ ਦੀ ਜਾਣਕਾਰੀ ਵੀ ਸੰਗਤਾਂ ਨਾਲ ਸਾਂਝੀ ਕੀਤੀ।
ਬਾਬਾ ਬੰਦਾ ਸਿੰਘ ਬਹਾਦਰ ਦੀ 25 ਜੂਨ 2016 ਨੂੰ ਆ ਰਹੀ 300 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਦਿੱਲੀ ਕਮੇਟੀ ਵੱਲੋਂ ਦਿੱਲੀ ਵਿਖੇ ਵੱਡੇ ਪੱਧਰ ਤੇ ਮਨਾਉਣ ਵਾਸਤੇ 25 ਜੂਨ 2015 ਤੋਂ ਇਕ ਸਾਲ ਚਲਣ ਵਾਲੇ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾਉਣ ਦਾ ਵੀ ਜੀ.ਕੇ. ਨੇ ਇਸ ਮੌਕੇ ਐਲਾਨ ਕੀਤਾ। ਸ਼ਤਾਬਦੀ ਪ੍ਰੋਗਰਾਮਾ ਦੌਰਾਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਰਤਨ ਦਰਬਾਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸਥਾਨ ਮਹਿਰੋਲੀ ਤੱਕ ਵੱਖ-ਵੱਖ ਕਲੌਨੀਆਂ ਚੋਂ ਨਗਰ ਕੀਰਤਨਾਂ ਦੀ ਲੜੀ ਚਲਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ 2016 ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਮਹਿਰੋਲੀ ਵਿਖੇ ਯਾਦਗਾਰ ਬਨਾਉਣ ਦਾ ਵੀ ਐਲਾਨ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਜੇ ਅੰਦਰ ਜਜ਼ਬਾ ਹੋਵੇ ਤਾਂ ਗੁਰੁੂ ਦਾ ਸਿੱਖ ਕਦੇ ਵੀ ਹਾਰ ਨਹੀਂ ਮੰਨ ਸਕਦਾ ਤੇ ਬਾਬਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜਿਸ ਤਰੀਕੇ ਨਾਲ ਬਦਲਾ ਲੈਂਦੇ ਹੋਏ ਬਿਨਾ ਅਸਲੇ ਅਤੇ ਬਿਨਾ ਤਿਆਰੀ ਦੀ ਗੁਰਸਿੱਖਾਂ ਦੀ ਫੋਜ ਨਾਲ ਸਰਹਿੰਦ ਫਤਹਿ ਕੀਤੀ ਸੀ ਉਸ ਮਿਸਾਲ ਦਾ ਸਿੱਖ ਇਤਿਹਾਸ ਵਿੱਚ ਕੋਈ ਜਵਾਬ ਨਹੀਂ ਹੈ।
ਦਿੱਲੀ ਫਤਹਿ ਦਿਵਸ ਨੂੰ 2 ਸਾਲ ਬਨਾਉਣ ਤੋਂ ਬਾਅਦ ਸੰਸਾਰਭਰ ਦੀ ਸਿੱਖ ਸੰਗਤ ਵਿੱਚ ਇਸ ਬਾਰੇ ਚੇਤਨਾ ਆਉਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਵੀ ਇਤਿਹਾਸਕ ਅਤੇ ਯਾਦਗਾਰੀ ਬਨਾਉਣ ਵਾਸਤੇ ਕਮੇਟੀ ਵੱਲੋਂ ਪੂਰੀ ਵਿਉਂਤਬੰਦੀ ਕਰਨ ਦੀ ਵੀ ਗੱਲ ਕਹੀ। ਸ੍ਰੀ ਆਨੰਦਪੁਰ ਸਾਹਿਬ ਤੱਕ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ 14 ਜੂਨ ਨੂੰ ਸਜਾਏ ਜਾਉਣ ਵਾਲੇ ਨਗਰ ਕੀਰਤਨ ਦਾ ਪੋਸਟਰ ਵੀ ਇਸ ਮੌਕੇ ਜੀ.ਕੇ. ਅਤੇ ਬਾਕੀ ਅਹੁਦੇਦਾਰ ਸਾਹਿਬਾਨਾ ਵੱਲੋਂ ਜਾਰੀ ਕੀਤਾ ਗਿਆ।
ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦਿੱਲੀ ਕਮੇਟੀ ਨੂੰ ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਰੰਗਾਈ ਦੀ ਸੇਵਾ ਸੌਂਪਣ ਵਾਸਤੇ ਧੰਨਵਾਦ ਵੀ ਕੀਤਾ। ਐਜੰਸੀਆਂ ਤੇ ਸਿੱਖ ਇਤਿਹਾਸ, ਸਿੱਖ ਪਹਿਚਾਣ ਅਤੇ ਪਹਿਰਾਵੇ ਨੂੰ ਖਰਾਬ ਕਰਨ ਦਾ ਦੋਸ਼ ਲਗਾਉਂਦੇ ਹੋਏ ਸਿਰਸਾ ਨੇ ਸਿੱਖਾਂ ਦੀ ਨਿਵੇਕਲੀ ਪੱਛਾਣ ਨੂੰ ਸਨਮਾਣ ਦਿਵਾਉਣ ਵਾਸਤੇ ਗੁਰੂ ਕੇ ਮਾਰਗ ਤੇ ਚਲਣ ਦਾ ਵੀ ਸੰਗਤਾਂ ਨੂੰ ਸੁਨੇਹਾ ਦਿੱਤਾ। ਸਿਰਸਾ ਨੇ ਕਿਹਾ ਕਿ ਅੱਜ ਜੰਤਰ ਮੰਤਰ ‘ਤੇ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਜਦੋ ਕੋਈ ਇਨਸਾਫ ਪਸੰਦ ਆਉਂਦਾ ਹੈ ਤਾਂ ਜਦੋ ਉਸ ਨੂੰ ਦੋਪਹਿਰ ਦੇ ਸਮੇਂ ਕਮੇਟੀ ਵੱਲੋਂ ਲੰਗਰ ਛਕਾਇਆ ਜਾਂਦਾ ਹੈ ਤਾਂ ਉਸ ਦੇ ਮੰਨ ਵਿਚ ਇਹ ਗੱਲ ਜਰੂਰ ਆਉਂਦੀ ਹੈ ਕਿ ਸਿੱਖ ਕੌਮ ਅੱਜ ਵੀ ਆਪਣੇ ਗੁਰੂਆਂ ਦੇ ਦੱਸੇ ਰਾਹ ਗਰੀਬ ਗੁਰਬੇ ਅਤੇ ਪੀੜਤਾਂ ਦੀ ਮਦਦ ਲਈ ਸਭ ਤੋਂ ਅਗਲੀ ਕਤਾਰ ਵਿੱਚ ਖੜੀ ਹੈ।
ਕਮੇਟੀ ਵੱਲੋਂ ਸਮਾਜਿਕ ਸਰੋਕਾਰਾਂ ਨੂੰ ਧਿਆਨ ਵਿੱਚ ਰੱਖ ਕੇ ਉਤਰਾਖੰਡ, ਕਸ਼ਮੀਰ ਅਤੇ ਨੇਪਾਲ ਵਿੱਚ ਜੰਗੀ ਪੱਧਰ ‘ਤੇ ਕੀਤੇ ਗਏ ਕਾਰਜਾਂ ਨੂੰ ਵੀ ਸਿਰਸਾ ਨੇ ਸਿੱਖ ਕੌਮ ਨੂੰ ਸਤਿਕਾਰ ਦਿਵਾਉਣ ਨਾਲ ਜੋੜਿਆ। ਨੇਪਾਲੀ ਸ਼ਫੀਰ ਵੱਲੋਂ ਬੀਤੇ ਦਿਨੀ ਸਿੱਖ ਕੌਮ ਦੀ ਕੀਤੀ ਗਈ ਸ਼ਲਾਘਾ ਦਾ ਵੀ ਸਿਰਸਾ ਨੇ ਜ਼ਿਕਰ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ. ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਕੁਲਵੰਤ ਸਿੰਘ ਬਾਠ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਜਤਿੰਦਰਪਾਲ ਸਿੰਘ ਗੋਲਡੀ, ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਜੀਤ ਸਿੰਘ, ਹਰਜਿੰਦਰ ਸਿੰਘ,ਚਮਨ ਸਿੰਘ, ਹਰਦੇਵ ਸਿੰਘ ਧਨੋਆ, ਬੀਬੀ ਧੀਰਜ ਕੌਰ ਅਤੇ ਮਨਜੀਤ ਸਿੰਘ ਔਲਖ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply