
ਅੰਮ੍ਰਿਤਸਰ, 16 ਮਈ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖ਼ਾਲਸਾ ਕਾਲਜ ਆਫ਼ ਨਰਸਿੰਗ ਵਿੱਚ ਅੱਜ ਵਿਸ਼ਵ ਨਰਸਿੰਗ ਦਿਵਸ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਜਦਕਿ ਡਾ. ਸੁਰਜੀਤ ਕੌਰ ਰਜਿਸਟਰਾਰ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ, ਚੰਡੀਗੜ੍ਹ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਕਾਲਜ ਪੁੱਜਣ ‘ਤੇ ਪ੍ਰਿੰਸੀਪਲ ਡਾ. ਨੀਲਮ ਹੰਸ ਨੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਾਲਜਦੀ ਸਾਲਾਨਾ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ।
ਇਸ ਮੌਕੇ ‘ਤੇ ਡਾ. ਸੁਰਜੀਤ ਕੌਰ ਨੇ ਕਾਲਜ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਸਿੰਗ ਦਾ ਕਾਰਜ ਚੁਣੌਤੀਆਂ ਨਾਲ ਭਰਪੂਰ ਹੈ, ਕਿਉਂਕਿ ਅੱਜ ਦੇ ਯੁੱਗ ਵਿੱਚ ਬਦਲਦੇ ਵਾਤਾਵਰਣ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਭਿਆਨਕ ਬਿਮਾਰੀਆਂ ਦਿਨੋਂ ਦਿਨ ਵੱਧ ਰਹੀਆਂ ਹਨ, ਇਸ ਹਾਲਤ ਵਿੱਚ ਨਰਸਾਂ ਦਾ ਕੰਮ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਕਾਫ਼ੀ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੀਆਂ ਚੰਗੀਆਂ ਸਿਹਤ ਸੇਵਾਵਾਂ ਉਥੋਂ ਦੀਆਂ ਨਰਸਾਂ ‘ਤੇ ਹੀ ਨਿਰਭਰ ਕਰਦੀਆਂ ਹਨ, ਕਿਉਂਕਿ ਡਾਕਟਰ ਵਾਂਗ ਨਰਸਾਂ ਦਾ ਵੀ ਇਕ ਮਰੀਜ ਨੂੰ ਸਿਹਤਮੰਦ ਬਣਾਉਣ ਵਿੱਚ ਅਹਿਮ ਯੋਗਦਾਨ ਹੁੰਦਾ ਹੈ।
ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਅੱਜ ਦਾ ਦਿਨ ਬੜਾ ਪਵਿੱਤਰ ਹੈ, ਕਿਉਂਕਿ ਨਰਸਿੰਗ ਦਾ ਕਿੱਤਾ ਹੀ ਪਵਿੱਤਰਤਾ ਵਾਲਾ ਹੁੰਦਾ ਹੈ। ਨਰਸਾਂ ਮਰੀਜਾਂ ਨੂੰ ਚੰਗੀਆਂ ਸੇਵਾਵਾਂ ਦੇ ਕੇ ਉਸਨੂੰ ਨਿਰੋਗ ਜੀਵਨ ਪ੍ਰਦਾਨ ਕਰਦੀਆਂ ਹਨ। ਸ: ਛੀਨਾ ਨੇ ਕਿਹਾ ਕਿ ਅੱਜ ਵਿਸ਼ਵ ਵਿੱਚ ਨਰਸਾਂ ਦੀ ਬਹੁਤ ਜਰੂਰਤ ਹੈ, ਇਸ ਲਈ ਵਿਦਿਆਰਥਣਾਂ ਨੂੰ ਇਸ ਪਵਿੱਤਰਤਾ ਭਰੇ ਕਿੱਤੇ ਨੂੰ ਜਿਆਦਾ ਤੋਂ ਜਿਆਦਾ ਅਪਨਾਉਣ। ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਵੱਲੋਂ ਪੇਸ਼ ਕੀਤੀਆਂ ਬੇਹਤਰੀਨ ਸਕਿੱਟਾਂ ਨੇ ਹਾਜ਼ਰੀਨਾਂ ਦਾ ਮਨ ਮੋਹ ਲਿਆ। ਇਸ ਮੌਕੇ ‘ਤੇ ਅੰਡਰ ਸੈਕਟਰੀ ਡੀ. ਐਸ. ਰਟੌਲ, ਪ੍ਰੋ: ਮੋਨਿਕਾ, ਪ੍ਰੋ: ਮਨਪ੍ਰੀਤ ਕੌਰ ਸਮੇਤ ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।
Punjab Post Daily Online Newspaper & Print Media