
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਲਾਗਲੇ ਪਿੰਡ ਦਿਉਣ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਕੂਲੀ ਬੱਚਿਆਂ ਲਈ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਪਿੰਡ ਦੇ ਸਮੂਹ ਪੁਲਿਸ ਮੁਲਾਜ਼ਮਾਂ ਨੇ ਉੱਦਮ ਕਰਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੱਛੀ ਮੋਟਰ ਅਤੇ ਆਰ.ਓ. ਸਿਸਟਮ ਲਗਵਾਇਆ ਜਿਸਦਾ ਉਦਘਾਟਨ ਭੁੱਚੋ ਹਲਕੇ ਦੇ ਡੀਐਸਪੀ ਗੁਰਮੀਤ ਸਿੰਘ ਕਿੰਗਰਾ ਦੁਆਰਾ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਸਮੂਹਿਕ ਤੌਰ ‘ਤੇ ਦੱਸਿਆ ਕਿ ਇਸ ਸਕੂਲ ਵਿੱਚ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਹਨ ਪਰ ਸਕੂਲ ਵਿੱਚ ਪੀਣ ਯੋਗ ਪਾਣੀ ਦਾ ਪ੍ਰਬੰਧ ਨਹੀ ਸੀ। ਪਿਛਲੇ ਹਫਤੇ ਹੀ ਪਿੰਡ ਦੇ ਇੱਕ 9 ਸਾਲਾ ਬੱਚੇ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ। ਇਸ ਮੌਕੇ ਮੁੱਖ ਮਹਿਮਾਨ ਗੁਰਮੀਤ ਸਿੰਘ ਕਿੰਗਰਾ ਨੇ ਦਾਨੀ ਪੁਰਸ਼ਾਂ ਦੀ ਹਿੰਮਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨਾਂ ਦੁਆਰਾ ਦਸਵੰਧ ਕੱਢਕੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਉਪਦੇਸ਼ ਦਿੱਤਾ ਹੈ ਜਿਸ ਉੱਪਰ ਚੱਲਣਾ ਹਰ ਪੁਰਸ਼ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੜ੍ਹਾਈ ਕਰ ਰਹੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਦੀ ਸਹਾਇਤਾ ਕਰਨੀ ਹੀ ਰੱਬ ਦੀ ਪੂਜਾ ਕਰਨ ਦੇ ਬਰਾਬਰ ਹੈ।
ਇਸ ਮੌਕੇ ਕੁਲਦੀਪ ਸਿੰਘ ਮੈਂਬਰ, ਬਲਜੀਤ ਸਿੰਘ, ਡਾ. ਗੁਰਬਿੰਦਰ ਸਿੰਘ, ਗਗਨ, ਅਸ਼ੋਕ ਸਿੰਗਲਾ, ਸੋਨੀ ਸਿੰਗਲਾ, ਡਾ. ਜੀਵਨ ਸਿੰਘ, ਆਦਿ ਨੇ ਵੀ ਇਸ ਕਾਰਜ ਲਈ ਆਰਥਿਕ ਸਹਾਇਤਾ ਕੀਤੀ।ਇਸ ਸਮੇਂ ਮੌਜੂਦ ਪਿੰਡ ਵਾਸੀਆਂ ਨੇ ਪਿੰਡ ਦੇ ਸਮੂਹ ਪੁਲਿਸ ਮੁਲਾਜ਼ਮਾਂ ਅਤੇ ਹੋਰ ਦਾਨੀ ਸੱਜਣਾਂ ਦੇ ਉੱਦਮ ਦੀ ਸ਼ਲਾਘਾ ਕੀਤੀ।
Punjab Post Daily Online Newspaper & Print Media