ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦਾ ਕੋਈ ਸਾਨੀ ਨਹੀਂ – ਗੌਹਰ ਖਾਨ
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਪਣੀ ਇਸ ਪਲੇਠੀ ਫਿਲਮ ਓ ਯਾਰਾ ਐਂਵੇਂ ਐਂਵੇਂ ਲੁਟ ਗਿਆ ਦੀ ਪ੍ਰਮੋਸ਼ਨ ਕਰਨ ਲਈ ਅੱਜ ਬਠਿੰਡਾ ਸ਼ਹਿਰ ਵਿੱਚ ਪੁੱਜੀ ਗੌਹਰ ਖਾਨ ਨੇ ਕਿਹਾ ਕਿ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਅਤੇ ਇੱਥੋਂ ਦੇ ਰਹਿਣ ਸਹਿਣ ਦਾ ਕੋਈ ਸਾਨੀ ਨਹੀਂ ਹੈ ।ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਸ ਪਲੇਠੀ ਫਿਲਮ ਤੋਂ ਹਰ ਵਰਗ ਦਾ ਦਰਸਕ ਕੁੱਝ ਨਵਾਂ ਹਾਸਿਲ ਕਰਕੇ ਸਿਨੇਮਾ ਤੋਂ ਬਾਹਰ ਨਿਕਲੇਗਾ ।ਪੰਜਾਬੀ ਫਿਲਮ ਓ ਯਾਰਾ ਐਂਵੇਂ ਐਂਵੇਂ ਲੁਟ ਗਿਆ ਦੀ ਅਦਾਕਾਰਾ ਅਤੇ ਟੀ.ਵੀ. ਦੁਨੀਆ ਵਿੱਚ ਧਮਾਲ ਮਚਾਉਣ ਵਾਲੀ ਬਿੱਗ ਬਾਸ ਜੇਤੂ ਗੌਹਰ ਖਾਨ ਨੂੰ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਨੇ ਕੀਲ ਲਿਆ ਹੈ ।
22 ਮਈ ਤੋਂ ਸਿਨੇਮਿਆਂ ਦਾ ਸ਼ਿੰਗਾਰ ਬਨਣ ਜਾ ਰਹੀ ਫਾਦਰ ਐਂਡ ਸੰਜ ਦੀ ਪੇਸਕਸ ਫਿਲਮ ਓ ਯਾਰਾ ਐਂਵੇਂ ਐਂਵੇਂ ਲੁਟ ਗਿਆ ਦਾ ਨਿਰਦੇਸਨ ਰਾਜ ਸਿਨਹਾ ਨੇ ਕੀਤਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋਡਿਊਸਰ ਮੁਕੇਸ਼ ਸ਼ਰਮਾ ਅਤੇ ਖੁਸਵੰਤ ਗਿੱਲ ਨੇ ਕਿਹਾ ਕਿ ਫਿਲਮ ਨੂੰ ਇਸ ਤਰ੍ਹਾਂ ਹਲਕੇ ਫੁਲਕੇ ਤਰੀਕੇ ਨਾਲ ਤਿਆਰ ਕੀਤਾ ਕਿ ਪੂਰਾ ਪਰਿਵਾਰ ਇਸ ਵਿੱਚ ਖੁਦ ਨੂੰ ਸਾਮਿਲ ਕਰਕੇ ਫਿਲਮ ਦਾ ਲੁਤਫ ਲਵੇ।ਉਨ੍ਹਾਂ ਕਿਹਾ ਕਿ ਫਿਲਮ ਦੀ ਕਹਾਣੀ ਹਰ ਘਰ ਦੀ ਕਹਾਣੀ ਨੂੰ ਛੂਹੇਗੀ।ਫਿਲਮ ਦੇ ਅਦਾਕਾਰ ਬੀ.ਐਨ.ਸਰਮਾ ਨੇ ਦੱਸਿਆ ਕਿ ਬੇਸੱਕ ਪਤੀ ਪਤਨੀ ਦੀ ਮਿੱਠੀ ਨੋਕ ਝੋਕ ਤੇ ਅਧਾਰਿਤ ਬਣਾਈ ਗਈ ਹੈ, ਪਰ ਇਸ ਵਿੱਚ ਹਰ ਵਰਗ ਦੇ ਮਨੋਰੰਜਨ ਲਈ ਮਸਾਲਾ ਬੇਮਿਸਾਲ ਹੈ ।ਨਿਰਦੇਸਕ ਰਾਜ ਸਿਨਹਾ ਨੇ ਕਿਹਾ ਕਿ ਕਾਮੇਡੀ ਸਦਾ ਬਹਾਰ ਵਿਸ਼ਾ ਹੈ, ਇਸ ਲਈ ਉਨ੍ਹਾਂ ਵੀ ਫਿਲਮ ਓ ਯਾਰਾ ਐਂਵੇਂ ਐਂਵੇਂ ਲੁਟ ਗਿਆ ਨੂੰ ਦਰਸਕਾਂ ਦੀ ਖਿੱਚ ਦਾ ਕੇਂਦਰ ਬਣਾਉਣ ਦਾ ਉਪਰਾਲਾ ਕੀਤਾ ਹੈ ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਗੌਹਰ ਖਾਨ ਦਾ ਸਾਥ ਪ੍ਰਸਿੱਧ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਦਿੱਤਾ ਹੈ, ਜਦਕਿ ਕਰਮਜੀਤ ਅਨਮੋਲ ਅਤੇ ਰਾਣਾ ਰਣਵੀਰ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜਰ ਆਉਣਗੇ ।
Punjab Post Daily Online Newspaper & Print Media
