
ਅੰਮ੍ਰਿਤਸਰ, 20 ਮਈ (ਚਰਨਜੀਤ ਸਿੰਘ ਛੀਨਾ) – ਸਿੱਖਿਆ ਅਤੇ ਵਪਾਰ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਅਮਰੀਕਾ ਦੇ ਭਾਰਤ ਵਿਚ ਰਾਜਦੂਤ ਮਾਨਯੋਗ ਰਿਚਰਡ ਆਰ ਵਰਮਾ ਨੇ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕਾਲਰਾਂ ਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ।ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਅਮਰੀਕਨ ਅੰਬੈਸੀ ਵੱਲੋਂ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਕੀਤਾ ਗਿਆ।ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਅਧਿਆਪਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸ੍ਰੀ ਵਰਮਾ ਨੇ ਯੂਨੀਵਰਸਿਟੀ ਦੇ ਦੌਰੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਦੀਆਂ ਸਰਵਪੱਖੀ ਪ੍ਰਾਪਤੀਆਂ ਦੀ ਵਧਾਈ ਦਿੱਤੀ ਅਤੇ ਅਮਰੀਕਾ ਵਿਚ ਸੰਭਾਵੀ ਖੇਤਰਾਂ ਵਿਚ ਰੋਜ਼ਗਾਰ ਅਤੇ ਵਪਾਰ ਦੀਆਂ ਸੰਭਾਵਨਾਵਾਂ ਤੋਂ ਇਲਾਵਾ ਸਿਖਿਆ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਦੌਰੇ ਦਾ ਮੁੱਖ ਉਦੇਸ਼ ਅਮਰੀਕਾ ਦੀਆਂ ਨੀਤੀਆਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਤੇ ਆਪਸੀ ਤਾਲਮੇਲ ਨੂੰ ਵਧਾਉਣਾ ਹੈ। ਉਨ੍ਹਾਂ ਨੇ ਵਿਸ਼ਵ ਦੀਆਂ ਦੋਵੇਂ ਵੱਡੀਆਂ ਗਣਤੰਤਰ ਸਰਕਾਰਾਂ ਵਿਚ ਆਪਸੀ ਤਾਲਮੇਲ ਅਤੇ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਰਾਸ਼ਟਰ ਰਲ ਕੇ ਕੰਮ ਕਰਨਗੇ ਤਾਂ ਨਾ ਸਿਰਫ ਇਨ੍ਹਾਂ ਦੋਵਾਂ ਮੁਲਕਾਂ ਨੂੰ ਲਾਭ ਹੋਵੇਗਾ ਸਗੋਂ ਪੂਰੇ ਵਿਸ਼ਵ ਨੂੰ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿਕਾਸ ਵਿਚ ਭਾਰਤੀ ਸਮੁਦਾਇ ਦਾ ਵਡਮੁੱਲਾ ਯੋਗਦਾਨ ਹੈ ਅਤੇ ਭਾਰਤੀ ਅਮਰੀਕਾ ਦੇ ਹਰ ਖੇਤਰ ਵਿਚ ਮੌਜਦਾ ਹਨ ਅਤੇ ਅਮਰੀਕਾ ਦੇ ਵਿਕਾਸ ਲਈ ਆਪਣਾ ਇਮਾਨਦਾਰੀ ਨਾਲ ਭਰਪੂਰ ਯੋਗਦਾਨ ਪਾ ਰਹੇ ਹਨ। ਅਮਰੀਕਾ ਸਰਕਾਰ ਵੱਲੋਂ ਭਾਰਤ ਦਾ ਰਾਜਦੂਤ ਨਿਯੁਕਤ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਦੀ ਨੇੜਤਾ ਵਧੇਗੀ ਅਤੇ ਸਬੰਧ ਮਜ਼ਬੂਤ ਹੋਣਗੇ। ਉਨ੍ਹਾਂ ਨੇ ਪਰਮਾਣੂ ਸੰਧੀ, ਇੰਟਲੈਕਟਚੂਅਲ ਪਰਾਪਰਟੀ ਰਾਈਟ, ਭਾਰਤ-ਪਾਕਿ ਸਬੰਧ ਅਤੇ ਗਲੋਬਲ ਟੈਰੋਰਿਜ਼ਮ ਬਾਰੇ ਪੁੱਛੇ ਗਏ ਸੁਆਲਾਂ ਦੇ ਜੁਆਬ ਵੀ ਦਿੱਤੇ। ਇਸ ਤੋਂ ਪਹਿਲਾਂ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸ੍ਰੀ ਵਰਮਾ ਦਾ ਯੂਨੀਵਰਸਿਟੀ ਪੁੱਜਣ ‘ਤੇ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡੀਨ ਵਿਦਿਅਕ ਮਾਮਲੇ, ਪ੍ਰੋ ਪਰਮਜੀਤ ਸਿੰਘ ਨੇ ਮੁੱਖ ਮਹਿਮਾਨ ਦੀ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਾਈ। ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਅਮਰੀਕਨ ਅੰਬੈਸੀ ਤੋਂ ਜੈਸੀਕਾ ਐਡਵਰਡਸਨ, ਕੰਟਰੋਲਰ ਅਫਸਰ; ਜੋਨਾਥਨ ਕੈਸਲਰ, ਨਾਰਥ ਇੰਡੀਆ ਕੋਆਰਡੀਨੇਟਰ; ਜੋ ਕਰੂਜਿਚ, ਮਿਸ਼ਨ ਸਪੋਕਸਪਰਸਨ; ਮਨਦੀਪ ਕੌਰ, ਸਾਈਟ ਅਫਸਰ; ਰਾਜਾ ਭੱਟਾਚਾਰੀਆ, ਪ੍ਰੈਸ ਸਾਈਟ ਲੀਡ ਅਤੇ ਗੌਰਵ ਦਿਵੇਦੀ, ਵੀਡੀਓ ਟੀਮ ਲੀਡ ਹਾਜ਼ਰ ਸਨ। ਪ੍ਰੋ. ਬਰਾੜ ਵੱਲੋਂ ਸ੍ਰੀ ਵਰਮਾ ਨੂੰ ਯਾਦਗਾਰੀ ਚਿਨ੍ਹ ਤੇ ਕਿਤਾਬਾਂ ਦੇ ਸੈੱਟ ਦੇ ਕੇ ਵੀ ਸਨਮਾਨਿਤ ਕੀਤਾ।
Punjab Post Daily Online Newspaper & Print Media