ਕਿਸਾਨ ਸੰਘਰਸ਼ ਕਮੇਟੀ ਪੰਜਾਬ, ਜੋਨ ਬਾਬਾ ਬਕਾਲਾ ਵੱਲੋਂ ਧਰਨਾ 29 ਨੂੰ
ਤਰਸਿੱਕਾ, 24 ਮਈ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ) – ਜਨਮ ਅਤੇ ਮੌਤ ਰਜਿਸਟਰਾਰ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਦੇ ਮੁਲਾਜ਼ਮਾ ਵੱਲੋਂ ਆਮ ਲੋਕਾਂ ਨੂੰ ਖੱਜਲ ਖੁਆਰ ਕਰਕੇ ਉਹਨਾਂ ਪਾਸੋਂ ਨਜ਼ਾਇਜ ਮੋਟੀ ਰਕਮ ਵਸੂਲਣ ਦੇ ਵਿਰੋਧ ਵਿੱਚ ਕਿਸਾਨ ਸਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਵੱਲੋਂ ਮਿਤੀ 29 ਮਈ ਨੂੰ ਲਗਾਏ ਜਾ ਰਹੇ ਧਰਨੇ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਸਠਿਆਲਾ, ਮੁਖਬੈਣ ਸਿੰਘ ਜੋਧਾਨਗਰੀ ਨੇ ਦਸਿਆ ਕਿ ਸਿਵਲ ਸਰਜਨ ਦਫਤਰ ਅੰਮ੍ਰਿਤਸਰ ਦੇ ਮੁਲਾਜ਼ਮਾ ਦੁਆਰਾ ਲੋਕਾਂ ਨੂੰ ਨਜਾਇਜ ਤੰਗ ਪ੍ਰੇਸ਼ਾਨ ਕਰਕੇ ਉਹਨਾਂ ਪਾਸੋਂ ਨਜ਼ਾਇਜ ਪੈਸੇ ਲਏ ਜਾ ਰਹੇ ਹਨ।ਇਸ ਸਬੰਧੀ ਕਈ ਵਾਰ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਪ੍ਰਤੂੰ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ।ਇਥੋਂ ਤੱਕ ਕਿ ਪੰਜਾਬ ਵਿੱਚ ਰਾਜ ਕਰ ਰਹੀ ਕਿਸਾਨਾ ਦੀ ਹਿਮਾਇਤੀ ਸਰਕਾਰ ਦੇ ਨੁਮਾਇੰਦੇ ਵੀ ਕਿਸੇ ਦੀ ਪੁਕਾਰ ਸੁਣ ਕੇ ਮਸਲਾ ਹੱਲ ਕਰਨ ਬਾਰੇ ਨਹੀਂ ਸੋਚ ਰਹੇ।ਸਿਵਲ ਸਰਜਨ ਦੇ ਦਫਤਰ ਕਰਮਚਾਰੀਆਂ ਵੱਲੋਂ ਅੰਨੀ ਪਾਈ ਹੋਈ ਹੈ ਅਤੇ ਲੋਕਾਂ ਪਾਸੋਂ ਹਜ਼ਾਰਾ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।ਪਹਿਲਾਂ ਹੀ ਕਿਸਾਨਾਂ ਦੀ ਹਾਲਤ ਦਿਨੋਂ ਦਿਨ ਖਸਤਾ ਹਾਲਤ ਵੱਲ ਵੱਧ ਰਹੀ ਹੈ ਅਤੇ ਉਪਰ ਤੋਂ ਇਹ ਸਰਕਾਰੀ ਮੁਲਾਜ਼ਮਾਂ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ।ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਦੋਸ਼ੀ ਮੁਲਾਜ਼ਮਾ ਵਿਰੁਧ ਬਣਦੀ ਕਾਰਵਾਈ ਨਾ ਕੀਤੀ ਗਈ ਅਤੇ ਵਿਵਸਥਾ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਇਸ ਵਿਰੁਧ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਰਾਜ ਨਹੀ ਸੇਵਾ ਦਾ ਹੋਕਾ ਦੇਣ ਵਾਲੀ ਸਰਕਾਰ ਦੇ ਕੰਨ ਖੋਲੇ ਜਾਣਗੇ ।
ਇਸ ਮੌਕੇ ਚਰਨ ਸਿੰਘ ਕਲੇਰ ਘੁਮਾਣ, ਤਰਸੇਮ ਸਿੰਘ ਬੁਤਾਲਾ, ਹਰਦਿਆਲ ਸਿੰਘ, ਸਤਨਾਮ ਸਿੰਘ ਸੁਧਾਰ, ਤਲਵਿੰਦਰ ਸਿੰਘ ਜੋਧਾਨਗਰੀ, ਜਗਤਾਰ ਸਿੰਘ ਡਿਹਰੀਵਾਲ, ਮੰਗਲ ਸਿੰਘ ਡਿਹਰੀਵਾਲ, ਪਰਮਜੀਤ ਸਿੰਘ ਜੋਧਾਨਗਰੀ, ਬਲਕਾਰ ਸਿੰਘ ਜੋਧਾਨਗਰੀ, ਮਨੋਹਰ ਸਿੰਘ ਜੋਧਾਨਗਰੀ, ਸੁਖਦੇਵ ਸਿੰਘ ਜੋਧਾਨਗਰੀ ਆਦਿ ਹਾਜ਼ਰ ਸਨ ।
Punjab Post Daily Online Newspaper & Print Media