ਸ਼ਮਰਾਲਾ, 26 ਮਈ (ਪ. ਪ) ਸ੍ਰੀ ਬ੍ਰਾਹਮਣ ਸਭਾ ਪੰਜਾਬ ਦਾ ਇੱਕ ਭਰਵਾਂ ਵਫਦ ਪੰਜਾਬੀ ਯੂਨੀ: ਪਟਿਆਲਾ ਦੇ ਉੱਪ ਕੁੱਲਪਤੀ ਸ. ਜਸਪਾਲ ਸਿੰਘ ਨੂੰ ਸਭਾ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ ਦੀ ਅਗਵਾਈ ਹੇਠ ਮਿਲਿਆ।ਪਿਛਲੇ ਛੇ ਸਾਲਾਂ ਤੋਂ ਸਭਾ ਪੁਰਜੋਰ ਕੋਸ਼ਿਸ਼ਾਂ ਕਰ ਰਹੀ ਸੀ, ਕਿ ਭਗਵਾਨ ਪਰਸ਼ੂਰਾਮ ਚੇਅਰ ਸਥਾਪਤ ਹੋਵੇ।ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਆਦੇਸ਼ ਮਿਤੀ 26-02-2009 ਅਤੇ ਉਸਤੋਂ ਬਾਅਦ ਹਾਇਰ ਐਜੂਕੇਸ਼ਨ ਦੇ ਪ੍ਰਮੁੱਖ ਸਕੱਤਰ ਕਰਨਵੀਰ ਸਿੰਘ ਸਿੱਧੂ ਦੁਆਰਾ ਦਿੱਤੇ ਗਏ ਇਤਰਾਜਹੀਣਾ ਦੇ ਸਰਟੀਫਿਕੇਟ ਦੇ ਬਾਵਜੂਦ ਵੀ ਵੀ. ਸੀ. ਸਾਹਿਬ ਚੇਅਰ ਨਹੀਂ ਲਾ ਰਹੇ ਸਨ। ਅੱਜ ਮਿਲੇ ਵਫਦ ਨੇ ਜੋਰ ਦੇ ਕੇ ਕਿਹਾ ਕਿ ਵੀ. ਸੀ. ਦੁਆਰਾ ਪਹਿਲਾਂ ਭੇਜੇ ਗਏ ਚਾਰ ਕਰੋੜ ਦੇ ਐਸਟੀਮੇਟ ਨੂੰ ਵਧਾ ਚੜ੍ਹਾ ਕੇ ਦੱਸਿਆ ਗਿਆ ਸੀ। ਹੁਣ ਇਹ ਖਰਚਾ ਲਗਭਗ 40 ਲੱਖ ਦੇ ਕਰੀਬ ਦੀ ਸੂਚੀ ਮੁੱਖ ਮੰਤਰੀ ਸਾਹਿਬ ਨੂੰ ਪ੍ਰਵਾਨਗੀ ਲਈ ਭੇਜੀ ਜਾਵੇਗੀ।
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਅੱਜ ਇੱਥੇ ਦੇਵੀ ਦਿਆਲ ਪ੍ਰਾਸ਼ਰ ਪ੍ਰਧਾਨ, ਬਿਹਾਰੀ ਲਾਲ ਸੱਦੀ ਜਨਰਲ ਸਕੱਤਰ, ਪ੍ਰੇਮ ਸਾਗਰ ਸ਼ਰਮਾ ਮੁੱਖ ਸਲਾਹਕਾਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅੰਦਰ ਇਹ ਚੇਅਰ ਹਿੰਦੀ ਵਿਭਾਗ ਨਾਲ ਅਟੈਚ ਕਰ ਦਿੱਤੀ ਜਾਵੇਗੀ, ਵੱਖਰਾ ਸਟਾਫ ਅਤੇ ਕਮਰੇ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਚੇਅਰ ਦੇ ਚੇਅਰਮੈਨ ਦੀ ਨਿਯੁਕਤੀ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਯੋਗ ਵਿਅਕਤੀ ਦੀ ਨਿਯੁਕਤੀ ਕੀਤੀ ਜਾਵੇਗੀ। ਅੱਜ ਮਿਲੇ ਵਫਦ ਵਿੱਚ ਵਰਿੰਦਰ ਜੋਸ਼ੀ ਵਿੱਤ ਸਕੱਤਰ, ਸ਼ਿਵਰਾਜ ਸਿੰਘ ਸ਼ਰਮਾ ਪਟਿਆਲਾ ਪ੍ਰਧਾਨ, ਹਰੀ ਕ੍ਰਿਸ਼ਨ ਕੌਸ਼ਲ ਅਤੇ ਹੋਰ ਵਿਅਕਤੀ ਸ਼ਾਮਲ ਸਨ।
Punjab Post Daily Online Newspaper & Print Media