Saturday, March 14, 2026

ਦਿੱਲੀ ਕਮੇਟੀ ਕਾਲੀ ਸੂਚੀ ਦੇ ਖਾਤਮੇ ਲਈ ਕੇਂਦਰ ਸਰਕਾਰ ਤੱਕ ਕਰੇਗੀ ਪਹੁੰਚ – ਜੀ.ਕੇ

ਕਸ਼ਮੀਰੀ ਨੌਜਵਾਨਾਂ ਦੀ ਤਰਜ਼ ‘ਤੇ ਸਿੱਖਾਂ ਨੂੰ ਵੀ ਆਮ ਮੁਆਫੀ ਦੇਣ ਦੀ ਕੀਤੀ ਜਾਵੇਗੀ ਮੰਗ

Manjit Singh GK

ਨਵੀਂ ਦਿੱਲੀ, 29 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਕਾਲੀ ਸੂਚੀ ਵਿੱਚ ਸ਼ਾਮਿਲ ਸਿੱਖਾਂ ਦੇ ਨਾਂ ਨੂੰ ਹਟਾਉਣ ਵਾਸਤੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਗਿਆ ਹੈ।ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਜੋ ਕਿ ਅੱਜ ਕਲ ਆਪਣੇ ਨਿਜੀ ਦੌਰੇ ‘ਤੇ ਅਮਰੀਕਾ ਵਿਖੇ ਹਨ, ਨੇ ਨਿਯੂਯਾਰਕ ਅਤੇ ਵਾਸ਼ਿੰਗਟਨ ਦੇ ਸਿੱਖਾਂ ਦੇ ਪ੍ਰਤਿਨੀਧਿਆਂ ਨਾਲ ਇਕ ਮੁਲਾਕਾਤ ਦੌਰਾਨ ਇਸ ਗੱਲ ਦਾ ਐਲਾਨ ਕੀਤਾ ਹੈ। ਜੀ.ਕੇ. ਨੇ 1984 ਦੇ ਸਮੇਂ ਦੌਰਾਨ ਸਿੱਖਾਂ ਨਾਲ ਵਾਪਰੇ ਦੁਖਾਂਤ ਤੋਂ ਬਾਅਦ ਸਰਕਾਰਾਂ ਦੀਆਂ ਤਸ਼ਦਤੀ ਕਾਰਵਾਈਆਂ ਤੋਂ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਆ ਵੱਸੇ ਸਿੱਖਾਂ ਨੂੰ ਆਮ ਮੁਆਫੀ ਦੇਣ ਦੀ ਵੀ ਵਕਾਲਤ ਕੀਤੀ ਹੈ।
ਜੀ.ਕੇ. ਨੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਕਾਲੀ ਸੂਚੀ ਵਿੱਚ ਸ਼ਾਮਿਲ ਸਿੱਖਾਂ ਦੇ ਨਾਵਾਂ ਦੀ ਲਿਸਟ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਸਣੇ ਦਿੱਲੀ ਕਮੇਟੀ ਨੂੰ ਦੇਣ ਦੀ ਮੰਗ ਕਰਦੇ ਹੋਏ ਇਸ ਸਬੰਧ ਵਿੱਚ ਦਿੱਲੀ ਵਾਪਿਸ ਪਰਤਣ ‘ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮਿਲਕੇ ਕਾਲੀ ਸੂਚੀ ਨੂੰ ਖਤਮ ਕਰਵਾਉਣ ਦਾ ਵੀ ਭਰੋਸਾ ਦਿੱਤਾ ਹੈ। ਜੀ.ਕੇ. ਨੇ ਭਾਰਤੀ ਦੂਤਘਰਾਂ ਵੱਲੋਂ ਕਾਲੀ ਸੂਚੀ ਵਿੱਚ ਸ਼ਾਮਿਲ ਸਿੱਖਾਂ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਦੇ ਲਗਭਗ 40 ਹਜਾਰ ਮੈਂਬਰਾਂ ਨੂੰ ਵੀ ਇਕ ਛੂਪੀ ਹੋਈ ਕਾਲੀ ਸੂਚੀ ਵਿਚਕਾਰ ਸ਼ਾਮਿਲ ਕਰਨ ਤੋਂ ਬਾਅਦ ਸਮੂਹ ਪਰਿਵਾਰਕ ਮੈਂਬਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰੀ ਹੋਣ ‘ਤੇ ਵੀ ਹੈਰਾਨੀ ਜਤਾਈ।
ਸਾਬਕਾ ਕਾਂਗਰਸ ਸਰਕਾਰ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੁਰਣ ਤੋੌਰ ‘ਤੇ ਅਣਗੌਲਾ ਕਰਨ ਦਾ ਦੋਸ਼ ਲਗਾਉਂਦੇ ਹੋਏ ਜੀ.ਕੇ. ਨੇ ਉਕਤ ਸਿੱਖਾਂ ਨੂੰ ਦੇਸ਼ ਪਰਤਨ ਦੀ ਤੁਰੰਤ ਇਜਾਜ਼ਤ ਦਿੰਦੇ ਹੋਏ ਦੇਸ਼ ਦੀ ਮੁੱਖਧਾਰਾ ਵਿੱਚ ਸ਼ਾਮਿਲ ਕਰਨ ਦਾ ਵੀ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ। ਕਾਲੀ ਸੂਚੀ ਵਿੱਚ ਸ਼ਾਮਿਲ ਸਿੱਖਾਂ ਦੇ ਪਰਿਵਾਰਾਂ ਦੀ ਦੂਸਰੀ ਪੀੜੀ ਨੂੰ ਵੀ ਭਾਰਤੀ ਦੂਤਘਰਾਂ ਵੱਲੋਂ ਵੀਜ਼ਾ ਨਾ ਦੇਣ ਨੂੰ ਵੀ ਜੀ.ਕੇ. ਨੇ ਮੰਦਭਾਗਾ ਦੱਸਿਆ। ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲੋਂ ਕਸ਼ਮੀਰ ਦੇ ਨੌਜਵਾਨਾ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਵਾਲੇ ਕਸ਼ਮੀਰ ਵਿੱਚ ਜਾਣ ਦੇ ਬਾਵਜੂਦ ਆਮ ਮੁਆਫੀ ਦੇਣ ਦੀ ਕੀਤੀ ਗਈ ਵਕਾਲਤ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਸਿੱਖਾਂ ਬਾਰੇ ਵੀ ਇਸੇ ਸੋਚ ਨੂੰ ਅਪਨਾਉਂਦੇ ਹੋਏ ਆਮ ਮੁਆਫੀ ਦੇਣ ਦੀ ਵੀ ਮੰਗ ਕੀਤੀ ਹੈ।
ਇਸ ਮੰਗ ਨੂੰ ਮਨਣ ਤੋਂ ਬਾਅਦ ਅਮਰੀਕਾ, ਇੰਗਲੈਂਡ, ਕੈਨੇਡਾ, ਫ੍ਰਾਂਸ, ਜਰਮਨੀ ਅਤੇ ਹੋਰ ਦੇਸ਼ਾਂ ਵਿੱਚ ਰਹਿੰਦੇ ਹਜਾਰਾਂ ਸਿੱਖਾਂ ਨੂੰ ਫਾਇਦਾ ਪਹੁੰਚਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ ਹੈ। ਸਿੱਖ ਪਰਿਵਾਰਾ ਨਾਲ ਮੁਲਾਕਾਤ ਦੌਰਾਨ ਸਿੱਖਾਂ ਦੇ ਮੰਨਾ ਵਿੱਚ ਉਨ੍ਹਾਂ ਦੀਆਂ ਜੜਾਂ ਤੱਕ ਪੁਜੱਣ ਦੇ ਰਸਤੇ ਵਿੱਚ ਵੀਜ਼ੇ ਦਾ ਅੜੀਕਾ ਭਾਰਤ ਸਰਕਾਰ ਵੱਲੋਂ ਲਗਉਣ ਕਰਕੇ ਜੀ.ਕੇ. ਨੇ ਇਨ੍ਹਾਂ ਪਰਿਵਾਰਾਂ ਦੇ ਮੰਨਾ ਵਿੱਚ ਸਰਕਾਰ ਖਿਲਾਫ ਗੁੱਸੇ ਦੀ ਲਹਿਰ ਹੋਣ ਦੀ ਵੀ ਗੱਲ ਕਹੀ। ਕਾਲੀ ਸੂਚੀ ਵਿੱਚ ਸ਼ਾਮਿਲ ਅਮਰੀਕਾ ਵਿੱਚ ਵਸਦੇ ਸਿੱਖਾਂ ਵੱਲੋਂ ਕਾਨੂੰਨ ਦਾ ਪਾਲਨ ਕਰਦੇ ਹੋਏ ਚੰਗੇ ਸ਼ਹਿਰੀ ਦੇ ਤੌਰ ‘ਤੇ ਟੈਕਸ ਭਰ ਕੇ ਸਥਨਿਕ ਅਮੀਰਕਨਾ ਨੂੰ ਨੌਕਰੀਆਂ ਦੇਣ ਦਾ ਵੀ ਜੀ.ਕੇ. ਨੇ ਖੁਲਾਸਾ ਕੀਤਾ। ਭਾਰਤ ਸਰਕਾਰ ਵੱਲੋਂ ਇਸ ਮਸਲੇ ‘ਤੇ ਗੰਭੀਰਤਾ ਤੇ ਨੇਕ ਨੀਯਤੀ ਨਾਲ ਕਾਰਜ ਕਰਵਾਉਂਦੇ ਹੋਏ ਉਕਤ ਸਿੱਖਾਂ ਦੇ ਭਾਰਤ ਦਰਸ਼ਨ ਲਈ ਦਰਵਾਜ਼ੇ ਖੁਲਵਾਉਣ ਦਾ ਵੀ ਜੀ.ਕੇ. ਨੇ ਭਰੋਸਾ ਦਿੱਤਾ ਹੈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply