
ਅੰਮ੍ਰਿਤਸਰ, 29 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਡਾ: ਨਰੇਸ਼ ਕੁਮਾਰ ਦੁਆਰਾ ਸੰਪਾਦਿਤ ਅਮਲਤਾਸ ਪਰਚੇ ਦਾ ਜਪਾਨੀ ਪੰਜਾਬੀ ਕਵੀ ਪਰਮਿੰਦਰ ਸੋਢੀ ਵਿਸ਼ੇਸ਼ ਅੰਕ ਰਲੀਜ਼ ਕੀਤਾ ਗਿਆ। ਅਮਲਤਾਸ ਪਰਚਾ ਪੰਜਾਬੀ ਅਦਬੀ ਸੰਗਤ, ਜੰਮੂ ਵੱਲੋਂ ਏਸੇ ਵਰ੍ਹੇ ਹੀ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਇਸ ਪਰਚੇ ਦਾ ਦੂਸਰਾ ਅੰਕ ਹੈ। ਇਸ ਸਮਾਗਮ ਵਿਚ ਪਰਦੇ ਦੇ ਮੁੱਖ ਸੰਪਾਦਕ ਡਾ: ਸੁਸ਼ੀਲ ਸ਼ਰਮਾ ਨੇ ਵੀ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਪਰਮਿੰਦਰ ਸੋਢੀ ਪਰਵਾਸੀ ਕਵੀ ਹੈ, ਪਰ ਪਰਵਾਸੀ ਸਾਹਿਤ ਵਿੱਚ ਉਸ ਦੀਆਂ ਰਚਨਾਵਾਂ ਵਿਲੱਖਣ ਮੁਹਾਂਦਰੇ ਦੀਆਂ ਧਾਰਨੀ ਹੈ। ਉਹਨਾਂ ਕਿਹਾ ਕਿ ਪਰਮਿੰਦਰ ਸੋਢੀ ਵੀ ਸਮੂੱਚੀ ਰਚਨਾ ਨੂੰ ਅਜੇ ਤੱਕ ਚਿੰਤਕਾ ਵੱਜੋਂ ਸਮੁਚੱਤਾ ਵਿੱਚ ਨਹੀਂ ਵੇਖਿਆ ਗਿਆ। ਇਸ ਪਰਿਪੇਖ ਵਿੱਚ ਇਹ ਅੰਕ ਮੁੱਢਲਾ ਅਤੇ ਸਾਰਥਕ ਕਾਰਜ ਹੈ। ਇਸੇ ਸਮਾਗਮ ਵਿੱਚ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਡਾ: ਨਰੇਸ਼ ਕੁਮਾਰ ਆਪਣੇ ਆਲੋਚਨਾਤਮਕ ਕਾਰਜਾਂ ਕਰਕੇ ਪੰਜਾਬੀ ਅਦਬ ਦੇ ਖੇਤਰ ਵਿੱਚ ਕਈ ਵਿਲੱਖਣ ਪੈੜਾ ਸਥਾਪਿਤ ਕਰ ਰਿਹਾ ਹੈ। ਪਰਮਿੰਦਰ ਸੋਢੀ ਅੰਕ ਸੰਪਾਦਿਤ ਕਰ ਇਸ ਨੇ ਪੰਜਾਬੀ ਅਦਬ ਵਿੱਚ ਇਕ ਹੋਰ ਸਾਰਥਕ ਕਾਰਜ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਦੇ ਮੁੱਖੀ ਵਜੋਂ ਸੇਵਾ ਮੁਕਤ ਹੋਏ ਡਾ. ਧਰਮ ਸਿੰਘ ਨੇ ਪਰਮਿੰਦਰ ਸੋਢੀ ਦੀ ਕਵਿਤਾ ਅਤੇ ਵਾਰਤਕ ਦੀ ਅਜੋਕੀ ਪ੍ਰਸੰਗਿਕਤਾ ਸਬੰਧੀ ਦੱਸਿਆ ਕਿ ਅਜੋਕੇ ਸਮੇਂ ਵਿੱਚ ਪਰਮਿੰਦਰ ਸੋਢੀ ਦੀ ਕਵਿਤਾ ਤੇ ਵਾਰਤਕ ਮਨੁੱਖ ਨੂੰ ਆਪਣੇ ਆਪ ਨਾਲ ਅਤੇ ਪ੍ਰਕਿਰਤਾ ਨਾਲ ਜੋੜਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਅਦਬੀ ਸੰਗਤ ਜੰਮੂ ਵੱਲੋਂ ਪਰਚਾ ਕੱਢਣਾ ਹੋਰ ਵੀ ਸਲਾਹੁਣਯੋਗ ਹੈ, ਜੰਮੂ ਤੇ ਕਸ਼ਮੀਰ ਵਰਗੀ ਅਸਾਂਤ ਸਟੇਟ ਵਿੱਚ ਘੱਟ ਗਿਣਤੀ ਹੁੰਦੇ ਹੋਏ ਵੀ ਡਾ: ਸੁਸ਼ੀਲ ਸ਼ਰਮਾ ਅਤੇ ਇਹਨਾਂ ਦੇ ਸਾਥੀਆਂ ਦੁਆਰਾ ਪੰਜਾਬੀ ਸਾਹਿਤ ਦੀ ਸੇਵਾ ਕਰਨਾ ਕਠਿਨ ਕਾਰਜ ਹੈ ਇਸ ਲਈ ਇਹਨਾਂ ਦੀ ਹੋਂਸਲਾ ਅਫ਼ਜਾਈ ਲਈ ਸਾਡੀਆਂ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਪਰ ਅਮਲਤਾਸ ਲਈ ਮੁਬਾਰਕਾਂ ਦੇਣ ਲਈ ਸ਼ਾਇਰ ਭੂਪਿੰਦਰ ਪ੍ਰੀਤ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੈਂਬਰ ਭੂਪਿੰਦਰ ਸਿੰਘ ਸੰਧੂ, ਤੇਜਿੰਦਰ ਬਾਵਾ, ਦੀਪ ਦਵਿੰਦਰ ਸਿੰਘ ਆਦਿ ਹਾਜ਼ਰ ਹੋਏ ਤੇ ਅਦਬੀ ਬੋਰਡ ਦੇ ਕਾਰਜਾ ਦੀ ਸ਼ਲਾਘਾ ਕੀਤੀ।
Punjab Post Daily Online Newspaper & Print Media