
ਬਠਿੰਡਾ, 30 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ, ਮੁਕਤਸਰ ਰੋਡ, ਬਠਿੰਡਾ ਵਿਖੇ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਇਸ ਦਿਹਾੜੇ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਨਾਲ-ਨਾਲ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਣਾ ਸੀ।ਸੰਸਥਾ ਦੇ ਪੁਰਾਣੇ ਵਿਦਿਆਰਥੀ ਪ੍ਰਦੀਪ ਸਰਾਂ (ਰਾਅ ਸਟਾਰ ਅਤੇ ਬਾਲੀਵੁੱਡ ਪਿੱਠਵਰਤੀ ਗਾਇਕ) ਨੇ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਲੈ ਕੇ ਬਾਲੀਵੁੱਡ ਪਿੱਠਵਰਤੀ ਗਾਇਕ ਬਨਣ ਤੱਕ ਦੇ ਆਪਣੇ ਸਫ਼ਰ ਨੂੰ ਬਿਆਨ ਕੀਤਾ ਅਤੇ ਆਪਣੇ ਭਾਵਪੂੂਰਤ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਸਕੂਲ ਦੇ ਵਿਦਿਆਰਥੀ ਗੁਰਦਿੱਤ ਸਿੰਘ ਤੇ ਸਾਥੀਆਂ ਵੱਲੋਂ ਨਸ਼ਿਆਂ ਖਿਲਾਫ਼ ਖੂਬਸੂਰਤ ਨਾਟਕ ‘ਫੁੱਲਾਂ ਮਹਿਕ ਨੂੰ ਸੰਭਾਲ’ ਪੇਸ਼ ਕੀਤਾ ਗਿਆ ਜਿਸ ਦੀ ਸਾਰਿਆਂ ਨੇ ਭਰਪੂਰ ਸਲਾਘਾ ਕੀਤੀ। ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਦੂਰ ਰਹਿਣ ਨਾਲ ਸੰਬੰਧਤ ਗੀਤ, ਭਾਸ਼ਣ ਤੇ ਕਵਿਤਾਵਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਗਿਆ।ਇਸ ਤੋਂ ਇਲਾਵਾ ਸਕੂਲ ਦੇ ਐਨ.ਐਸ. ਐਸ. ਦੇ ਕੋਆਰਡੀਨੇਟਰ ਜਸਵੀਰ ਸਿੰਘ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਵੱਲੋਂ ਵਿਦਿਆਰਥੀਆਂ ਲਈ ਇੱਕ ਅਰਥਪੂਰਨ ਭਾਸ਼ਣ ਦਿੱਤਾ ਗਿਆ ਜੋ ਕਿ ਖਾਸ ਤੌਰ ‘ਤੇ ਅਨਾਥ ਬੱਚਿਆਂ ਦੇ ਦੁਰਘਟਨਾਗ੍ਰਸਤ ਵਿਅਕਤੀਆਂ ਲਈ ਕੀਤੇ ਜਾਂਦੇ ਕਾਰਜਾਂ ਨਾਲ ਸੰਬੰਧਤ ਸੀ।
ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ. ਬਲਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਇਸ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਭਵਿੱਖ ਵਿੱਚ ਇੱਕ ਆਦਰਸ਼ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕਰਦਿਆਂ ਭਵਿੱਖ ਦੇ ਰਹਿਨੁਮਾ ਬਣਨ ਲਈ ਪ੍ਰੇਰਿਤ ਕੀਤਾ । ਇਸ ਸਮਾਗਮ ਵਿੱਚ ਸ਼ਾਮਲ ਸਾਰੇ ਵਿਦਿਆਰਥੀਆਂ ਨੇ ਆਪਣੇ ਦਸਤਖਤ ਕਰਕੇ ਨਸ਼ਿਆਂ ਦੇ ਖਿਲਾਫ਼ ਡੱਟਣ ਦਾ ਪ੍ਰਣ ਲਿਆ।
Punjab Post Daily Online Newspaper & Print Media