ਪ੍ਰਿੰਸੀਪਲ ਦੀ ਕੁੱਟਮਾਰ ਨੂੰ ਲੈ ਕੇ ਡੀ ਸੀ ਦਫਤਰ ਅੱਗੇ ਧਰਨਾ 5 ਜੂਨ ਨੂੰ
ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਕਸਬਾ ਭਗਤਾ ਭਾਈ ਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਦੀ ਕੁਝ ਸ਼ਰਾਰਤੀ ਅਨਸਰਾਂ ਵਲੋ ਕੀਤੀ ਗਈ ਕੁੱਟਮਾਰ ਦਾ ਮਾਮਲਾ ਹੁਣ ਹੋਰ ਭਖਦਾ ਜਾ ਰਿਹਾ ਹੈ।
ਅਸਲ ਮਾਮਲਾ ਇਹ ਹੈ ਕਿ ਕੁੱਝ ਦਿਨ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦੀ ਸਵੇਰੇ ਸਕੂਲ ਜਾਂਦੇ ਸਮੇ ਰਸਤੇ ਵਿੱਚ ਘੇਰ ਕੇ ਕੁੱਝ ਸ਼ਰਾਰਤੀ ਅਨਸਰਾਂ ਵਲੋ ਭਾਰੀ ਕੁੱਟਮਾਰ ਕੀਤੀ ਗਈ ਸੀ ਤੇ ਨਾਲ ਹੀ ਪ੍ਰਿੰਸੀਪਲ ਦੀ ਪੱਗ ਲਾਹ ਕੇ ਲੈ ਗਏ ਸਨ।ਉਸ ਤੋ ਬਾਅਦ ਪ੍ਰਸ਼ਾਸ਼ਨ ਵਲੋ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਸੀ ਤੇ ਉਲਟਾ ਪਿੰਸੀਪਲ ਦੀ ਹੀ ਬਦਲੀ ਕਰ ਦਿੱਤੀ ਗਈ।ਇਸ ਸਾਰੇ ਮਸਲੇ ਵਿੱਚ ਪ੍ਰਿੰਸੀਪਲ ਦੁਆਰਾ ਦੋਸ਼ ਲਗਾਏ ਗਏ ਸਨ ਕਿ ਪੁਲਿਸ ਸਿਆਸੀ ਸ਼ਹਿ ਹੇਠ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀ ਕਰ ਰਹੀ।
ਇਸ ਤੋ ਬਾਦ ਜਦੋ ਇਹ ਮਸਲਾ ਹੱਲ ਹੁੰਦਾਂ ਨਾ ਦਿੱਸਿਆ ਤਾਂ ਵੱਖ ਵੱਖ ਜਥੇਬੰਦੀਆਂ ਵਲੋ ਪ੍ਰਿੰਸੀਪਲ ਦੇ ਹੱਕ ਵਿੱਚ ਉਤਰਨ ਦਾ ਰਾਹ ਅਪਣਾਇਆ ਗਿਆ ਤੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਤੇ ਜਥੇਬੰਦੀਆਂ ਵਲੋ ਕਈ ਵਾਰ ਭਗਤਾ ਭਾਈ ਕਾ ਦੇ ਮੇਨ ਚੋਕ ਨੂੰ ਚੰਡੀਗੜ੍ਹ ਦੇ ਮਟਕਾ ਚੋਕ ਦਾ ਰੂਪ ਵੀ ਦੇ ਦਿੱਤਾ ਗਿਆ, ਪਰ ਸਭ ਕੁੱਝ ਅਸਫਲ ਹੀ ਹੁੰਦਾ ਸੀ ਤੇ ਪੁਲਿਸ ਵਲੋ ਆਵਾਜਾਈ ਵਿੱਚ ਵਿਘਨ ਪਾਉਣ ਦੇ ਰੋਲ ਨੂੰ ਲੈ ਕੇ ਧਰਨਾਕਾਰੀਆਂ ਵਿਰੁੱਧ ਹੀ ਪਰਚਾ ਦਰਜ ਕਰ ਦਿੱਤਾ ਜਾਂਦਾ ਸੀ।ਪਰ ਪਿਛਲੇ ਦਿਨੀ ਇਹ ਧਰਨਾ ਬਠਿੰਡਾ ਵਿਖੇ ਵੀ ਦਿੱਤਾ ਗਿਆ ਸੀ।ਪਰ ਹੁਣ ਆਮ ਲੋਕਾਂ ਵਿੱਚ ਚਰਚਾ ਇਹ ਹੈ ਕਿ ਇੰਨੇ ਧਰਨੇ ਦੇਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਵਿੱਚ ਪੁਲਿਸ ਪ੍ਰਸ਼ਾਸ਼ਨ ਦੀ ਕੀ ਮਜਬੂਰੀ ਹੈ।ਲੋਕਾਂ ਵਿੱਚ ਚਰਚਾ ਹੈ ਕਿ ਇਸ ਸਾਰੇ ਮਸਲੇ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਪ੍ਰਿੰਸੀਪਲ ਦੀ ਹੀ ਬਦਲੀ ਕਿਉ ਕਰ ਦਿੱਤੀ ਗਈ?
5 ਜੂਨ ਨੂੰ ਪ੍ਰਿੰਸੀਪਲ ਦੇ ਮਸਲੇ ਨੂੰ ਲੈ ਕੇ ਡੀ ਸੀ ਦਫਤਰ ਬਠਿੰਡਾ ਅੱਗੇ ਦਿੱਤੇ ਜਾ ਰਹੇ ਧਰਨੇ ਨੂੰ ਸਫਲ ਬਣਾਉਣ ਲਈ ਐਕਸ਼ਨ ਕਮੇਟੀ ਵਲੋ ਲਗਾਤਾਰ ਪਿੰਡਾਂ ਵਿੱਚ ਜਾ ਕੇ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤੇ ਪ੍ਰਿੰਸੀਪਲ ਦੀ ਹਮਾਇਤ ਦੀ ਮੰਗ ਕੀਤੀ ਜਾ ਰਹੀ ਹੈ।ਇਹ ਰੈਲੀਆਂ 5 ਜੂਨ ਤੱਕ ਤਕਰੀਬਨ ਭਗਤਾ ਭਾਈ ਕਾ ਦੇ ਨਾਲ ਲੱਗਦੇ ਸਾਰੇ ਪਿੰਡਾਂ ਵਿੱਚ ਹੀ ਕੀਤੀਆਂ ਜਾ ਰਹੀਆਂ ਹਨ।
Punjab Post Daily Online Newspaper & Print Media
