ਅੰਮ੍ਰਿਤਸਰ, 4 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਅੱਜ ਇਥੇ ਅਕਾਦਮਿਕ ਪ੍ਰਬੰਧਨ ਤੇ ਸ਼ਾਰਟ ਟਰਮ ਕੋਰਸ ਸ਼ੁਰੂ ਹੋ ਗਿਆ। ਇਸ ਕੋਰਸ ਵਿਚ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 38 ਪ੍ਰਿੰਸੀਪਲ ਅਤੇ ਵਿਭਾਗ ਦੇ ਮੁਖੀ ਭਾਗ ਲੈ ਰਹੇ ਹਨ।
ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਨੈਸ਼ਨਲ ਯੂਨੀਵਰਸਿਟੀ ਆਫ ਐਜੂਕੇਸ਼ਨਲ ਪਲਾਨਿੰਗ ਐਂਡ ਐਡਮਨਿਸਟ੍ਰੇਸ਼ਨ, ਨਵੀਂ ਦਿੱਲੀ ਦੇ ਡਾ. ਸੁਧਾਂਸ਼ੂ ਭੂਸ਼ਨ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੇਂਦਰ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਕੋਰਸ ਕੋਆਰਡੀਨੇਟਰ ਅਤੇ ਡੀਨ, ਵਿਦਿਅਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਕੋਰਸ ਬਾਰੇ ਜਾਣਕਾਰੀ ਦਿੱਤੀ।
ਪ੍ਰੋ. ਬਰਾੜ ਨੇ ਕਿਹਾ ਕਿ ਕਿਸੇ ਵੀ ਅਦਾਰੇ ਦੀ ਕਾਰਜਕੁਸ਼ਲਤਾ ਉਸਦੇ ਮੁਖੀ ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਕਾਦਮਿਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਸਵੈ-ਪੜਚੋਲ ਕਰਨ ਅਤੇ ਲੋੜੀਂਦੇ ਕਦਮ ਉਠਾਉਣ ਤਾਂ ਜੋ ਅਦਾਰਿਆਂ ਦਾ ਕੰਮ ਨਿਰਵਿਘਨ ਚੱਲ ਸਕੇ ਅਤੇ ਮਿਆਰੀ ਸਿਖਿਆ ਦਾ ਪਾਸਾਰ ਕੀਤਾ ਜਾ ਸਕੇ। ਉਨ੍ਹਾਂ ਭਾਰਤ ਦੀ ਕਿਸੇ ਵੀ ਯੂਨੀਵਰਸਿਟੀ ਦਾ ਵਿਸ਼ਵ ਦੀਆਂ 200 ਮੁੱਢਲੀਆਂ ਯੂਨੀਵਰਸਿਟੀ ਦੀ ਸੂਚੀ ਵਿਚ ਸ਼ਾਮਿਲ ਨਾ ਹੋਣ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ਸਾਰੇ ਸਿਖਿਆ ਸ਼ਾਸ਼ਤਰੀਆਂ ਨੂੰ ਰਲ ਕੇ ਇਸ ਸਬੰਧੀ ਉਪਰਾਲੇ ਕਰਨੇ ਚਾਹੀਦੇ ਹਨ।
ਮੌਜੂਦਾ ਸਕੂਲ ਨਤੀਜਿਆਂ ਵਿਚ ਨਿੱਜੀ ਸਕੂਲਾਂ ਦੇ ਨਤੀਜੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਨਾਲੋਂ ਵਧੀਆ ਆਉਣ ‘ਤੇ ਪ੍ਰੋ. ਬਰਾੜ ਨੇ ਕਿਹਾ ਕਿ ਬਹੁਤ ਛੇਤੀ ਹੀ ਨਿੱਜੀ ਯੂਨੀਵਰਸਿਟੀਆਂ ਆਪਣੀ ਕਾਰਜਕੁਸ਼ਲਤਾ ਨਾਲ ਸਰਕਾਰੀ ਯੂਨੀਵਰਸਿਟੀਆਂ ਨੂੰ ਪਛਾੜ ਦੇਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੂੰ ਬਿਹਤਰ ਕਰਨ ਲਈ ਸਰਕਾਰ ਨੂੰ ਅੱਠਵੀਂ ਤਕ ਕਿਸੇ ਵੀ ਬੱਚੇ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਨੂੰ ਮੁੜ ਤੋਂ ਘੋਖਣਾ ਚਾਹੀਦਾ ਹੈ।
ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਆਧੁਨਿਕ ਤਕਨੀਕਾਂ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੂੰ ਸਿਖਿਆ ਮੁਹਈਆ ਕਰਾਉਣ ਤਾਂ ਜੋ ਉਹ ਅੰਤਰਰਾਸ਼ਟਰੀ ਮਾਪਦੰਡਾਂ ਦੇ ਹਾਣ ਦੇ ਹੋ ਸਕਣ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਸਿਖਿਆ ਮੁਹਈਆ ਕਰਕੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ‘ਚ ਸਿਖਿਆ ਲੈਣ ਜਾਣ ਤੋਂ ਰੋਕ ਸਕਦੇ ਹਾਂ। ਡਾ. ਭੂਸ਼ਨ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media