Wednesday, March 18, 2026

ਕਾਂਗਰਸ ਪਾਰਟੀ ਅਤੇ ਜੰਮੂ ਸਰਕਾਰ ਖਿਲਾਫ ਦਿੱਲੀ ਕਮੇਟੀ ਨੇ ਕੀਤਾ ਰੋਸ਼ ਮੁਜ਼ਾਹਰਾ

ਦਿੱਲੀ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਕੀਤਾ ਗਿਆ ਜਲ ਤੋਪਾਂ ਦਾ ਇਸਤੇਮਾਲ

PPN0506201502

ਨਵੀਂ ਦਿੱਲੀ, 5 ਜੂਨ ( ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਿੱਖਾਂ ਦੇ ਜਮੁਹਰੀ ਹੱਕਾਂ ‘ਤੇ ਸਰਕਾਰਾ ਤੇ ਐਜੰਸੀਆਂ ਵੱਲੋਂ ਡਾਕਾ ਮਾਰਨ ਦੇ ਖਿਲਾਫ ਜ਼ੋਰਦਾਰ ਦੋ ਰੋਸ਼ ਪ੍ਰਦਰਸ਼ਨ ਕਰਦੇ ਹੋਏ ਮੰਗ ਪੱਤਰ ਵੀ ਸਬੰਧਿਤ ਜਥੇਬੰਦੀਆਂ ਨੂੰ ਦਿੱਤੇ ਗਏ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ ਦੀ ਅਗਵਾਈ ਹੇਠ ਹੋਏ ਪਹਿਲੇ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਮੁੱਖ ਦਫਤਰ 24 ਅਕਬਰ ਰੋਡ ‘ਤੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵੱਲੋਂ ਪੁੱਲ ਬੰਗਸ਼ ਕੇਸ ਵਿੱਚ ਗਵਾਹ ਨੂੰ 5 ਕਰੋੜ ਰੁਪਏ ਦੇ ਕੇ ਪ੍ਰਭਾਵਿਤ ਕਰਨ ਦਾ ਖੁਲਾਸਾ ਸਾਹਮਣੇ ਆਉਣ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਅਸਤੀਫੇ ਦੀ ਮੰਗ ਕੀਤੀ ਗਈ।
ਉਥੇ ਹੀ ਦੂਜਾ ਪ੍ਰਦਰਸ਼ਨ ਜੰਮੂ ਕਸ਼ਮੀਰ ਭਵਨ ਪ੍ਰਥਵੀਰਾਜ ਰੋਡ ‘ਤੇ ਕਲ ਜੰਮੂ ਵਿਖੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਸਿੱਖ ਦੇ ਕਾਤਿਲ ਪੁਲਿਸ ਵਾਲਿਆਂ ਖਿਲਾਫ ਧਾਰਾ 302 ਦੇ ਤਹਿਤ ਪਰਚਾ ਦਰਜ  ਕਰਨ ਦੀ ਮੰਗ ਕਰਦੇ ਹੋਏ ਕੀਤਾ ਗਿਆ। ਸੈਂਕੜਿਆਂ ਦੀ ਤਾਦਾਤ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਿਲ ਨੌਜਵਾਨ ਅਤੇ ਬੀਬੀਆਂ ਨੇ 1984 ਦੇ ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਸਰਕਾਰਾਂ ਵੱਲੋਂ ਦੇਣ ਵਿੱਚ ਕੀਤੀ ਜਾ ਰਹੀ ਲਾਪਰਵਾਹੀ ਨੂੰ ਸਿੱਖਾਂ ਨਾਲ ਧੱਕਾ ਕਰਾਰ ਦਿੰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਦਫਤਰ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਵੱਲੋਂ ਸੋਨੀਆਂ ਗਾਂਧੀ ਦਾ ਪੁਤਲਾ ਵੀ ਫੁਕਿਆਂ ਗਿਆ।
ਗੁੱਸੇ ਵਿੱਚ ਭਰੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਾਏ ਐੜੇਕਿਆਂ ਨੂੰ ਜਦੋਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਜਲ ਤੋਪਾਂ ਦਾ ਮੁੰਹ ਸਿੱਖਾਂ ਵੱਲ ਕਰ ਦਿੱਤਾ ਗਿਆ। ਚੱਡਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਕਾਰਜਕਾਰੀ ਜਰਨਲ ਸਕੱਤਰ ਅਮਰਜੀਤ ਸਿੰਘ ਪੱਪੂ ਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੋਨੀਆ ਗਾਂਧੀ ਦੇ ਸਕੱਤਰ ਅਤੇ ਜੰਮੂ ਕਸ਼ਮੀਰ ਭਵਨ ਦੇ ਮੁੱਖ ਪ੍ਰਸ਼ਾਸਨਕ ਅਧਿਕਾਰੀ ਨੂੰ ਮੰਗ ਪੱਤਰ ਵੀ ਕਮੇਟੀ ਵੱਲੋਂ ਸੌਂਪੇ। ਚੱਡਾ ਨੇ ਟਾਈਟਲਰ ਵੱਲੋਂ ਕੇਸ ਦੇ ਮੁੱਖ ਗਵਾਹ ਸੁਰਿੰਦਰ ਸਿੰਘ ਗ੍ਰੰਥੀ ਦੀ ਭੈਣ ਦੇ ਖਾਤੇ ਵਿੱਚ 5 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਉਸ ਉਪਰੰਤ ਸੁਰਿੰਦਰ ਸਿੰਘ ਦੀ ਹੋਈ ਮੌਤ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ। ਜੰਮੁੂ ਵਿੱਚ ਕਲ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਨੂੰ ਕੌਮ ਦਾ ਸ਼ਹੀਦ ਦੱਸਦੇ ਹੋਏ ਚੱਡਾ ਨੇ ਦਿੱਲੀ ਕਮੇਟੀ ਵੱਲੋਂ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਪੁਰਣ ਸਹਿਯੋਗ ਕਰਨ ਦਾ ਵੀ ਵਾਇਦਾ ਕੀਤਾ। ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਪੋਸਟਰ ‘ਤੇ ਜੰਮੂ ਪੁਲਿਸ ਵੱਲੋਂ ਖੜੇ ਕੀਤੇ ਗਏ ਵਿਵਾਦ ਨੂੰ ਵੀ ਚੱਡਾ ਨੇ ਬੇਲੋੜਾ ਦੱਸਿਆ।
ਪੱਪੂ ਨੇ ਟਾਈਟਲਰ ਨੂੰ ਬਚਾਉਣ ਵਿੱਚ ਪੂਰੀ ਕਾਂਗਰਸ ਪਾਰਟੀ ਦੇ ਸ਼ਾਮਿਲ ਹੋਣ ਦਾ ਦਾਅਵਾ ਕਰਦੇ ਹੋਏ ਸੋਨੀਆ ਗਾਂਧੀ ਦੇ ਕਾਂਗਰਸ ਮੁੱਖੀ ਦੇ ਅਹੁਦੇ ਤੋਂ ਅਸਤੀਫੇ ਦੀ ਵੀ ਮੰਗ ਕੀਤੀ। ਸੰਤ ਜੀ ਨੂੰ ਜੰਮੂ ਪੁਲਿਸ ਵੱਲੋਂ ਅਤਿਵਾਦੀ ਕਰਾਰ ਦੇ ਕੇ ਸਿੱਖਾਂ ਖਿਲਾਫ ਕੀਤੀ ਗਈ ਕਾਰਵਾਈ ਨੂੰ ਵੀ ਪੱਪੂ ਨੇ ਮੰਦਭਾਗਾ ਅਤੇ ਅਫਸਰਾਂ ਦੀ ਫਿਰਕੂ ਸੋਚ ਦੱਸਿਆ। ਹਿੱਤ ਨੇ ਜੰਮੂ ਵਿੱਚ ਸ਼ਹੀਦ ਹੋਏ ਸਿੱਖ ਦੀ ਮੌਤ ਦਾ ਕਾਰਨ ਪੁਲਿਸ ਫੋਰਸ ਵਿੱਚ ਵੱਧ ਰਹੀ ਫਿਰਕਾਪ੍ਰਸਤ ਅਫਸਰਾਂ ਦੀ ਭਰਤੀ ਨੂੰ ਦੱਸਿਆ। ਰਾਣਾ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਸੰਤ ਜੀ ਦੇ ਹੱਕ ਵਿੱਚ ਵੀ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਮੀਤ ਸਿੰਘ ਮੀਤਾ, ਸਮਰਦੀਪ ਸਿੰਘ ਸੰਨੀ, ਪਰਮਜੀਤ ਸਿੰਘ ਚੰਢੋਕ, ਹਰਮੀਤ ਸਿੰਘ ਕਾਲਕਾ, ਹਰਦੇਵ ਸਿੰਘ ਧਨੋਆ, ਦਰਸ਼ਨ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਬੀਬੀ ਧੀਰਜ ਕੌਰ, ਰਵੇਲ ਸਿੰਘ, ਚਮਨ ਸਿੰਘ, ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਯੂਥ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਔਲਖ, ਅਕਾਲੀ ਆਗੂ ਜਸਵਿੰਦਰ ਸਿੰਘ ਜੌਲੀ, ਵਿਕ੍ਰਮ ਸਿੰਘ ਅਤੇ ਹਰਚਰਨ ਸਿੰਘ ਗੁਲਸ਼ਨ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply