Thursday, March 26, 2026

ਪੱਟੀ ‘ਚ ਵਿਖੇ ਵਾਪਰੇ ਹੱਤਿਆਕਾਂਡ ਦੀ ਗੁੱਥੀ ਪੁਲਸ ਨੇ ਸੁਲਝਾਈ, ਭਤੀਜੇ ਨੇ ਕੀਤਾ ਸੀ ਤਾਏ ਦਾ ਕਤਲ

PPN0506201516

ਪੱਟੀ, 5 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਪੱਟੀ ਵਿਖੇ 26 ਅਪ੍ਰੈਲ ਨੂੰ ਸਾਬਕਾ ਵਣ ਰੇਂਜ ਅਫਸਰ ਬਲਕਾਰ ਸਿੰਘ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾਉਂਦਿਆਂ ਮ੍ਰਿਤਕ ਦੇ ਭਤੀਜੇ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਤਰਨਤਾਰਨ ਦੇ ਪੁਲਸ ਮੁਖੀ ਮਨਮੋਹਨ ਕੁਮਾਰ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਤਲ ਕਿਸੇ ਰੰਜਿਸ਼ ਦਾ ਨਤੀਜਾ ਨਹੀਂ ਬਲਕਿ ਨਸ਼ੇ ਦੀ ਪੂਰਤੀ ਲਈ ਚੋਰੀ ਦੀ ਘਟਨਾਂ ਨੂੰ ਅੰਜਾਮ ਦੇਣ ਮੌਕੇ ਕੀਤਾ ਗਿਆ ਸੀ। ਇਸ ਸਬੰਧੀ ਇੱਕ ਹੋਰ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪੱਟੀ ਦੀ ਵਾਰਡ ਨੰਬਰ 12 ਨਿਵਾਸੀ ਬਲਕਾਰ ਸਿੰਘ ਜੋ ਸਾਬਕਾ ਵਣ ਰੇਂਜ ਅਫਸਰ ਹੈ ਆਪਣੇ ਪੋਤਰੇ ਗੁਰਜੀਤ ਸਿੰਘ ਨਾਲ ਉਸ ਸਮੇਂ ਘਰ ਵਿਚ ਮੌਜੂਦ ਸੀ, ਜਦ ਉਸ ਦੇ ਪਰਿਵਾਰ ਦੇ ਬਾਕੀ ਮੈਂਬਰ ਡੇਰਾ ਬਾਬਾ ਵਡਭਾਗ ਸਿੰਘ ਵਿਖੇ ਮੱਥਾ ਟੇਕਣ ਗਏ ਸੀ ਤਾਂ ਦਿਨ ਵੇਲੇ ਘਰ ਵਿਚ ਕੰਮ ਕਰਨ ਆਈ ਨੌਕਰਾਣੀ ਨੇ ਵਿਹੜੇ ਵਿਚ ਡੁੱਲ੍ਹਾ ਖੂਨ ਵੇਖਿਆ ਅਤੇ ਮੌਕੇ ‘ਤੇ ਪੁਲਿਸ ਜਾਂਚ ਦੌਰਾਨ ਕਮਰੇ ਵਿਚ ਬਲਕਾਰ ਸਿੰਘ ਦੀ ਲਹੂ ਲੁਹਾਨ ਲਾਸ਼ ਵੇਖੀ ਗਈ ਜਦ ਕਿ ਇੱਕ ਵੱਖਰੇ ਕਮਰੇ ਵਿਚ ਬਲਕਾਰ ਸਿੰਘ ਦਾ ਪੋਤਰਾ ਗੁਰਜੀਤ ਸਿੰਘ ਜਖਮੀ ਹਾਲਤ ਵਿਚ ਬੱਝਾ ਹੋਇਆ ਸੀ। ਘਰ ਦਾ ਸਮਾਨ ਪੂਰੀ ਤਰ੍ਹਾਂ ਖਿਲਰਿਆ ਪਾਇਆ ਗਿਆ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਲੁੱਟ ਅਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਪ੍ਰੰਤੂ ਦੋਸ਼ੀਆਂ ਦਾ ਸੁਰਾਗ ਨਹੀਂ ਲੱਗਾ। ਜਿਸ ਤੋਂ ਬਾਅਦ ਥਾਣਾ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਪੁਲਿਸ ਦੀ ਟੀਮ ਨੇ ਮਾਮਲੇ ਦੀ ਜਾਂਚ ਨੂੰ ਅੱਗੇ ਤੋਰਦਿਆਂ ਮ੍ਰਿਤਕ ਬਲਕਾਰ ਸਿੰਘ ਦੇ ਲੜਕੇ ਕੁਲਵਿੰਦਰ ਸਿੰਘ ਪਾਸੋਂ ਜਾਣਕਾਰੀ ਲੈਣ ਉਪਰੰਤ ਘਟਨਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਗਾਉਣ ਵਿਚ ਸਫਲਤਾ ਹਾਸਲ ਕੀਤੀ।
ਐਸਐਸਪੀ ਮਨਮੋਹਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਬਕਾ ਵਣ ਰੇਂਜ ਅਫਸਰ ਬਲਕਾਰ ਸਿੰਘ ਦੇ ਕਤਲ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਉਸ ਦਾ ਭਤੀਜਾ ਸੁਖਵਿੰਦਰ ਸਿੰਘ ਉਰਫ ਘੁੱਕੀ ਉਰਫ ਡੋਨੀ ਪੁੱਤਰ ਜਗਤਾਰ ਸਿੰਘ ਨਿਵਾਸੀ ਕੈਰੋਂ ਨਿਕਲਿਆ। ਉਕਤ ਦੋਸ਼ੀ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਪੂਰਤੀ ਲਈ ਉਸ ਨੇ ਆਪਣੇ ਸਾਥੀ ਸੋਨੂੰ ਨਾਮਕ ਨੌਜਵਾਨ ਨਾਲ ਮਿਲ ਕੇ ਚੋਰੀ ਲਈ ਘਰ ਵਿਚ ਦਾਖਲ ਹੋਇਆ ਸੀ ਅਤੇ ਬਲਕਾਰ ਸਿੰਘ ਵੱਲੋਂ ਜਦ ਉਸ ਨੂੰ ਪਹਿਚਾਣ ਲਿਆ ਗਿਆ ਤਾਂ ਬੇਰਹਿਮੀ ਨਾਲ ਉਸ ਦੀ ਹੱਤਿਆ ਕਰ ਦਿੱਤੀ। ਜਿਸ ਦੌਰਾਨ ਬਲਕਾਰ ਸਿੰਘ ਦੇ ਪੋਤਰੇ ਗੁਰਜੀਤ ਸਿੰਘ ਨੇ ਜਦ ਵਿਰੋਧ ਕੀਤਾ ਤਾਂ ਉਸ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਐਸਐਸਪੀ ਮਨਮੋਹਨ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੇ ਘਰ ਵਿਚੋਂ 2 ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟੇ ਸਨ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਰਾਜਵਿੰਦਰ ਕੌਰ ਬਾਜਵਾ ਵੱਲੋਂ ਮੁੱਖ ਦੋਸ਼ੀ ਸੁਖਵਿੰਦਰ ਸਿੰਘ ਉਰਫ ਘੁੱਕੀ ਉਰਫ ਡੋਨੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਜਦ ਕਿ ਫਰਾਰ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply