ਆਈ.ਐਸ.ਓ ਆਗੂਆਂ ਪੁੱਛਿਆ ਜਖਮੀਆਂ ਦਾ ਹਾਲ
ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਜਥੇਬੰਦੀ ਆਈ.ਐਸ.ਓ ਵਲੋਂ ਸੂਬਾ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਦੀ ਅਗਵਾਈ ਵਿੱਚ ਆਗੂਆਂ ਨੇ ਜੰਮੂ ਗੋਲੀਕਾਂਡ ਵਿੱਚ ਜਖਮੀ ਹੋਏ ਨੋਜਵਾਨਾਂ ਹਵਨੀਤ ਸਿੰਘ, ਇੰਦਰਜੀਤ ਸਿੰਘ, ਗੁਰਦੇਵ ਸਿੰਘ, ਰਣਬੀਰ ਸਿੰਘ, ਬਲਵਿੰਦਰਪਾਲ ਸਿੰਘ ਦਾ ਸਥਾਨਕ ਹਸਪਤਾਲ ਵਿੱਚ ਹਾਲ-ਚਾਲ ਪੁਛਿਆ ਅਤੇ ਉਹਨਾਂ ਦੀ ਸਿਹਤ ਤੇ ਇਲਾਜ ਸਬੰਧੀ ਜਾਣਕਾਰੀ ਲਈ।ਜਖਮੀ ਨੋਜਵਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਡੀਕਲ ਕਾਲਜ਼ ਜੰਮੂ ਦੇ ਡਾਕਟਰਾਂ ਨੇ ਉਹਨਾਂ ਨਾਲ ਬਹੁਤ ਪੱਖਪਾਤ ਵਾਲਾ ਸਲੂਕ ਵਰਤਦੇ ਹੋਏ ਇਲਾਜ ਤੱਕ ਨਹੀਂ ਕੀਤਾ। ਨੌਜਵਾਨਾਂ ਨਾਲ ਆਏ ਜੰਮੂ ਦੇ ਸਿੱਖਾਂ ਨੇ ਕਿਹਾ ਕਿ ਡੀ.ਸੀ. ਜੰਮੂ ਸਿਮਰਨਦੀਪ ਸਿੰਘ ਨੇ ਐਸ.ਡੀ.ਐਮ ਦੀ ਹਾਜ਼ਰੀ ਵਿੱਚ ਸਮਾਗਮ ਦੇ ਪੋਸਟਰ ਲਗਵਾਉਣ ਦੀ ਇਜ਼ਾਜਤ ਦਿੱਤੀ ਸੀ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਪਾੜੇ ਗਏ ਪੋਸਟਰਾਂ ਨੂੰ ਵੀ ਉਹਨਾਂ ਨੇ ਦੁਬਾਰਾ ਲਗਵਾਇਆ। ਪਰ ਐਸ.ਐਸ.ਪੀ ਨੇਕ ਚੰਦ ਨੇ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਜਬਰਦਸਤੀ ਪੋਸਟਰ ਉਤਰਵਾਏ। ਉਹਨਾਂ ਅੱਗੇ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਧਰਮ ਪ੍ਰਚਾਰ ਦੀ ਵੀ ਬਹੁਤ ਕਮੀ ਹੈ। ਜਿਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਪੁਖਤਾ ਪ੍ਰਬੰਧ ਕਰਨ ਦੀ ਸਖਤ ਲੋੜ ਹੈ।
ਪ੍ਰਧਾਨ ਕੰਵਰਬੀਰ ਸਿੰਘ ਇਸ ਮੌਕੇ ਨੇ ਕਿਹਾ ਕਿ ਸ਼ਹੀਦ ਜਸਜੀਤ ਸਿੰਘ ਜੰਮੂ ਨੂੰ ਉਹ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਸ਼ਹੀਦ ਅਤੇ ਜਖਮੀ ਨੋਜਵਾਨਾਂ ਦੇ ਪਰਿਵਾਰਾਂ ਨੂੰ ਸ਼੍ਰੌਮਣੀ ਕਮੇਟੀ ਵਲੋਂ ਵੱਡੀ ਰਾਸ਼ੀ ਮਾਲੀ ਸਹਾਇਤਾ ਵਜੋਂ ਦਿੱਤੀ ਜਾਏ।ਕਿਉਂਕਿ ਇਹਨਾਂ ਨੋਜਵਾਨਾਂ ਵਲੋਂ ਸਿੱਖ ਕੌਮ ਦੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਣ ਲਈ ਜੁਲਮ ਦਾ ਟਾਕਰਾ ਕੀਤਾ ਹੈ।ਉਹਨਾਂ ਕਿਹਾ ਕਿ ਸ਼ਹੀਦ ਜਸਜੀਤ ਸਿੰਘ ਦੇ ਪਰਿਵਾਰ ਨੂੰ ਜੋ ਘਾਟਾ ਪਿਆ ਹੈ, ਉਸ ਦੀ ਪੂਰਤੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਸ਼੍ਰੋਮਣੀ ਕਮੇਟੀ ਦੁਨੀਆਂ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ, ਉਸ ਵਲੋਂ ਦਿੱਤੀ ਗਈ ਇਹ ਮਾਲੀ ਸਹਾਇਤਾ ਇਹਨਾਂ ਪਰਿਵਾਰਾਂ ਦੇ ਭਵਿੱਖ ਵਿੱਚ ਆਸਰਾ ਜਰੂਰ ਬਣ ਸਕੇਗੀ।
ਪ੍ਰਧਾਨ ਕੰਵਰਬੀਰ ਸਿੰਘ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਸਿੱਖਾਂ ਦੇ ਅਧਿਕਾਰਾਂ ਤੇ ਡਾਕਾ ਮਾਰਨਾ ਬੰਦ ਕਰੇ। ਉਹਨਾਂ ਕਿਹਾ ਕਿ ਆਪਣੇ ਕੌਮੀ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਕੋਈ ਜੁਰਮ ਨਹੀਂ ਹੈ, ਜੇ ਜੰਮੂ ਦੇ ਸਿੱਖ ਭਾਈਚਾਰੇ ਵਲੋਂ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਗਏ ਸਮਾਗਮ ਸਬੰਧੀ ਪੋਸਟਰ ਲਗਾ ਕਿ ਸੰਗਤਾਂ ਨੂੰ ਸੂਚਿਤ ਕੀਤਾ ਜਾ ਰਿਹਾ ਸੀ ਤਾਂ ਉਸ ਵਿੱਚ ਗਲਤ ਕੀ ਸੀ, ਆਈ.ਐਸ.ਓ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦੀ ਸਿੱਖਾਂ ਉਤੇ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਕੰਵਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੂੰ ਮਿਲ ਕਿ ਸਿੱਖਾਂ ਦੇ ਹੋਏ ਮਾਲੀ ਨੁਕਸਾਨ ਦੀ ਸਰਕਾਰ ਵਲੋਂ ਜਿਥੇ ਪੂਰਤੀ ਕਰਵਾਉਣ ਉਥੇ ਅਗਾਂਹ ਤੋਂ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।ਅਖੀਰ ਵਿੱਚ ਪ੍ਰਧਾਨ ਕੰਵਰਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਤੇ ਪ੍ਰਸ਼ਾਸ਼ਨ ਯਾਦ ਰੱਖੇ ਕਿ ਜੰਮੂ-ਕਸ਼ਮੀਰ ਵਿੱਚ ਜਦੋਂ ਕੁਦਰਤੀ ਆਫਤ ਆਈ ਸੀ ਤਾਂ ਸਿੱਖਾਂ ਨੇ ਆਪਣੇ ਵੱਡੇ ਦਿਲ ਵਜੋਂ ਲੋਕਾਂ ਦੀ ਵੱਧ ਚੜ੍ਹ ਕਿ ਮਦਦ ਕੀਤੀ ਸੀ, ਪਰ ਅੱਜ ਉਸੇ ਸਿੱਖ ਭਾਈਚਾਰੇ ਨੂੰ ਸਿੱਧੀਆਂ ਗੋਲੀਆਂ ਦਾ ਨਿਸ਼ਾਨਾ ਬਣਾਉਣਾ, ਇਕ ਛੋਟੀ ਸੋਚ ਦਾ ਨਤੀਜਾ ਹੀ ਹੈ। ਇਸ ਮੌਕੇ ਸਨਦੀਪ ਸਿੰਘ ਖਾਲਸਾ, ਜਗਮੋਹਨ ਸਿੰਘ ਸ਼ਾਂਤ, ਗੁਰਿੰਦਰ ਸਿੰਘ ਸ਼ਾਂਤ, ਕੁਲਜੀਤ ਸਿੰਘ ਖਾਲਸਾ, ਰਣਜੀਤ ਸਿੰਘ ਵੀ ਨਾਲ ਹਾਜ਼ਰ ਸਨ।
Punjab Post Daily Online Newspaper & Print Media
