
ਅੰਮ੍ਰਿਤਸਰ, 9 ਜੂਨ (ਪ੍ਰੀਤਮ ਸਿੰਘ) – ਭਾਰਤੀ ਇੰਸਟੀਚਿਊਟ ਆਫ਼ ਮੈਨੇਜ਼ਮੈਂਟ (ਆਈ. ਆਈ. ਐੱਮ.) ਸਬੰਧੀ ਅੱਜ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕਰਦਿਆਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਸ ਕੇਂਦਰੀ ਵਿੱਦਿਅਕ ਸੰਸਥਾ ਨੂੰ ਅੰਮ੍ਰਿਤਸਰ ਵਿਖੇ ਖੋਲ੍ਹਣ ਲਈ ਹਰ ਹੀਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਆਈ. ਆਈ. ਐੱਮ. ਨੂੰ ਗੁਰੂ ਨਗਰੀ ਵਿੱਚ ਖੋਲ੍ਹਣ ਦਾ ਐਲਾਨ ਪਾਰਲੀਮੈਂਟ ਵਿੱਚ ਕੀਤਾ ਸੀ, ਜਿਸ ਨੂੰ ਪ੍ਰਵਾਨ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਹੈ।
ਸ: ਛੀਨਾ ਨੇ ਉਨ੍ਹਾਂ ਦੀ ਪਾਰਟੀ ਦੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋਂ ਉਠਾਏ ਮੁੱਦੇ ‘ਤੇ ਹਮਾਇਤ ਕਰਦਿਆਂ ਕਿਹਾ ਕਿ ਇਸ ਪ੍ਰਮੁੱਖ ਵਿੱਦਿਅਕ ਸੰਸਥਾ ਲਈ ਜ਼ਮੀਨ ਮੁਹੱਈਆ ਕਰਵਾਉਣ ਲਈ ਸੂਬਾਈ ਸਰਕਾਰ ਨੂੰ ਪਹਿਲਕਦਮੀ ਕਰਕੇ ਆਪਣੀ ਵਚਨਬੱਧਤਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਵਿੱਦਿਅਕ ਹੱਬ ਦੇ ਤੌਰ ‘ਤੇ ਸੂਬੇ ਵਿੱਚ ਇਕ ਅਗਾਂਹਵਧੂ ਕੇਂਦਰ ਵਜੋਂ ਉਭਰ ਸਕਦੀ ਹੈ, ਜਿਸ ਲਈ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਸ: ਛੀਨਾ ਨੇ ਕਿਹਾ ਕਿ ਇਸ ਸਰਹੱਦੀ ਖ਼ੇਤਰ ਵਿੱਚ ਕੋਈ ਵੀ ਰਾਸ਼ਟਰੀ ਪੱਧਰ ਦੀ ਵਿੱਦਿਅਕ ਸੰਸਥਾ ਉਪਲਬੱਧ ਨਹੀਂ ਹੈ ਅਤੇ ਪਹਿਲਾ ਇਕ ਕੇਂਦਰੀ ਯੂਨੀਵਰਸਿਟੀ ਨੂੰ ਇੱਥੋਂ ਬਦਲਕੇ ਬਠਿੰਡਾ ਵਿਖੇ ਉਸਾਰਿਆ ਗਿਆ, ਜਿਸ ਦੀ ਵਿਆਪਕ ਪੱਧਰ ‘ਤੇ ਵਿਰੋਧਤਾ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਆਈ. ਆਈ. ਐੱਮ. ਨੂੰ ਵੀ ਇੱਥੋਂ ਬਦਲਿਆ ਜਾਂਦਾ ਹੈ ਤਾਂ ਇਹ ਇਸ ਖੇਤਰ ਨਾਲ ਬਹੁਤ ਵੱਡਾ ਵਿਤਕਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਸਰਕਾਰ ਨੂੰ ਜਵਾਬਦੇਹ ਹੈ ਅਤੇ ਇਸ ਕਰਕੇ ਕੋਈ ਟਾਲ-ਮਟੋਲ ਕਰਨ ਦੀ ਬਜਾਏ ਜਲਦ ਤੋਂ ਜਲਦ ਜ਼ਮੀਨ ਦੀ ਨਿਸ਼ਾਨਦੇਹੀ ਇਸ ਮਕਸਦ ਲਈ ਕਰ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ 60-70 ਏਕੜ ਜ਼ਮੀਨ ਗ੍ਰਹਿਣ ਕਰਨਾ ਕੋਈ ਮੁਸ਼ਕਿਲ ਗੱਲ ਨਹੀਂ ਹੈ। ਸ: ਛੀਨਾ ਨੇ ਕਿਹਾ ਕਿ ਕੇਂਦਰੀ ਜ਼ੇਲ੍ਹ ਗੁੰਮਟਾਲਾ, ਜਿਸਨੂੰ ਕਿ ਉਸਦੇ ਸਥਾਨ ਤੋਂ ਬਦਲ ਕੇ ਫ਼ਤਾਹਪੁਰ ਵਿਖੇ ਲਿਜਾਇਆ ਜਾ ਰਿਹਾ ਹੈ, ਦੀ ਜਗ੍ਹਾ ‘ਤੇ ਉਕਤ ਸੰਸਥਾ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸਥਾਨ ਰਾਸ਼ਟਰੀ ਮਾਰਗ ਹੋਣ ਦੇ ਨਾਲ ਸ਼ਹਿਰ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਅਤੇ ਇਸ ਨਾਲ ਸਰਹੱਦੀ ਖੇਤਰਾਂ ਤੋਂ ਇਲਾਵਾ ਕਈ ਪਿੰਡ ਨਾਲ ਲਗਦੇ ਹਨ। ਜਿਸ ਨਾਲ ਸ਼ਹਿਰੀ ਖ਼ੇਤਰ ਦੇ ਨਾਲ ਦਿਹਾਤੀ ਖੇਤਰਾਂ ਦੇ ਲੋਕ ਵੀ ਲਾਹਾ ਲੈ ਸਕਣਗੇ।
ਉਨ੍ਹਾਂ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਉਕਤ ਪ੍ਰੋਜੈਕਟ ਜਿੱਥੇ ਵਿੱਦਿਅਕ ਅਦਾਰਿਆਂ ਲਈ ਲਾਹੇਵੰਦ ਸਾਬਿਤ ਹੋਵੇਗਾ, ਉੱਥੇ ਇਸ ਨਾਲ ਵਿਦਿਆਰਥੀਆਂ ਵੀ ਇਸ ਤੋਂ ਖਾਸ ਸਹੂਲਤਾਂ ਹਾਸਲ ਕਰ ਸਕਣਗੇ। ਸ: ਛੀਨਾ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹਾ ਜਿੱਥੇ ਸੈਲਾਨੀਆਂ ਲਈ ਖਾਸ ਖਿੱਚ ਦਾ ਕੇਂਦਰ ਹੈ। ਉੱਥੇ ਇੱਥੇ ਹਰੇਕ ਖੇਤਰ ਵਿੱਚ ਸਹੂਲਤਾਂ ਭਰਪੂਰ ਤਕਨੀਕ, ਸਾਧਨ ਅਤੇ ਵਸਤੂਆਂ ਵੀ ਮੌਜ਼ੂਦ ਹਨ।
Punjab Post Daily Online Newspaper & Print Media